Thursday, April 06, 2017

ਯੂਜੀਸੀ 2013 ਦੇ ਨਿਯਮਾਂ ਅਨੁਸਾਰ ਅਕਾਦਮਿਕ ਵਿਦਵਾਨ ਹੀ ਬਣ ਸਕਦਾ ਹੈ ਵਾਈਸ ਚਾਂਸਲਰਨਿਯਮਾਂ ਵਿਚ ਸੋਧ ਕਰਕੇ ਕਿਸੇ ਆਈਏਐਸ ਨੂੰ ਪੰਜਾਬੀ ਯੂਨੀਵਰਸਿਟੀ ਦਾ ਵੀਸੀ ਲਗਾਉਣ ਦੀ ਤਿਆਰੀ
ਗੁਰਨਾਮ ਸਿੰਘ ਅਕੀਦਾ
ਪੰਜਾਬੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਲੱਗਣ ਦੀ ਚਰਚਾ ਵਿਚ ਸੋਸ਼ਲ ਮੀਡੀਆ ਨੇ ਪੂਰਾ ਰੰਗ ਦਿਖਾਇਆ ਹੋਇਆ ਹੈ। ਪਿਛਲੇ ਦਿਨਾਂ ਤੋਂ ਇੱਕ ਆਈਏਐਸ ਤੇ ਕੁੱਝ ਹੋਰ ਅਧਿਕਾਰੀਆਂ ਦੇ ਨਾਮਾਂ ਦੀ ਚਰਚਾ ਵੀ ਚਲੀ ਸੀ ਪਰ ਯੂਜੀਸੀ ਵੱਲੋਂ ਜਾਰੀ 13 ਜੂਨ 2013 ਨੂੰ ਕੱਢੇ ਪੱਤਰ ਵਿਚ ਵਾਈਸ ਚਾਂਸਲਰ ਲਗਾਉਣ ਦੀਆਂ ਸ਼ਰਤਾਂ ਬਿਲਕੁਲ ਸਪਸ਼ਟ ਹਨ ਕਿ ਨਾ ਤਾਂ ਵਾਈਸ ਚਾਂਸਲਰ ਸਿਰਫ਼ ਬਿਉਰੋਕਰੇਟ ਹੀ ਲੱਗ ਸਕਦਾ ਹੈ ਨਾ ਹੀ ਕੋਈ ਫ਼ੌਜੀ ਅਫ਼ਸਰ ਹੀ ਲੱਗ ਸਕਦਾ ਹੈ। ਪਰ ਸੂਤਰ ਇਹ ਵੀ ਦੱਸਦੇ ਹਨ ‍ਕਿ ਨਵੀਂ ਸਰਕਾਰ ਕੁੱਝ ਨਿਯਮ ਵਿਧਾਨ ਬਦਲ ਕੇ ਵਾਈਸ ਚਾਂਸਲਰ ਕਿਸੇ ਬਿਊਰੋਕਰੇਟ ਜਾਂ ਫਿਰ ਫ਼ੌਜੀ ਅਫ਼ਸਰ ਨੂੰ ਲਗਾਉਣਾ ਚਾਹੁੰਦੀ ਹੈ।        
                ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂਜੀਸੀ) ਵੱਲੋਂ 13 ਜੂਨ 2013 ਨੂੰ ਪੱਤਰ ਨੰਬਰ ਐਫ. 1-2/2009, (ਈਸੀ/ਪੀਐਸ), ਵੀ (1) ਵੀਓਐਫ-2 ਅਨੁਸਾਰ ਦੱਸਿਆ ਗਿਆ ਹੈ ਕਿ ਧਾਰਾ 7.3.0 ਦੇ ਮੱਦੇਨਜ਼ਰ ਯੂਨੀਵਰਸਿਟੀਆਂ ਦਾ ਵਾਈਸ ਚਾਂਸਲਰ ਲਗਾਉਣ ਲਈ ਇੱਕ 3-5 ਵਿਅਕਤੀਆਂ ਦਾ ਪੈਨਲ ਬਣੇਗਾ।ਉਹ ਪੈਨਲ ਪਬਲਿਕ ਨੋਟੀਫ਼ਿਕੇਸ਼ਨ ਰਾਹੀਂ ਕੁੱਝ ਯੋਗ ਵਿਅਕਤੀਆਂ ਦੀ ਚੋਣ ਕਰੇਗਾ, ਇਹ ਵਿਅਕਤੀ ਬਹੁਤ ਹੀ ਸਾਫ਼ ਸੁਥਰੀ ਸ਼ਵੀ ਵਾਲੇ, ਉੱਚੇ ਕਿਰਦਾਰ ਵਾਲੇ, ਪ੍ਰਬੁੱਧ ਵਿਦਵਾਨ ਤਾਂ ਹੋਣੇ ਹੀ ਚਾਹੀਦੇ ਹਨ ਪਰ ਨਾਲੋ ਨਾਲ ਸੰਸਥਾ ਨੂੰ ਚਲਾਉਣ ਦੇ ਸਮਰੱਥ ਹੋਣ, ਇਸ ਪੱਤਰ ਵਿਚ ਸਪਸ਼ਟ ਲਿ‍ਖਿਆ ਹੈ ਕਿ ਵਾਈਸ ਚਾਂਸਲਰ ਲੱਗਣ ਲਈ ਕਿਸੇ ਯੂਨੀਵਰਸਿਟੀ ਦੇ ਜਾਂ ਫਿਰ ਇਸ ਦੇ ਬਰਾਬਰ ਦੀ ਖੋਜ ਸੰਸਥਾ ਦਾ ਉਸ ਵਿਅਕਤੀ ਕੋਲ 10 ਸਾਲ ਦਾ ਪ੍ਰੋਫੈਸਰ ਵਜੋਂ ਤਜਰਬਾ ਹੋਣਾ ਚਾਹੀਦਾ ਹੈ। ਇਸ ਪੱਤਰ ਤੋਂ ਬਿਲਕੁਲ ਸਹੀ ਪਤਾ ਲੱਗਦਾ ਹੈ ਕਿ ਵਾਈਸ ਚਾਂਸਲਰ ਲੱਗਣ ਲਈ ਵਿਅਕਤੀ ਨਿਰੋਲ ਅਕਾਦਮਿਸ਼ਨ ਹੋਣਾ ਚਾਹੀਦਾ ਹੈ ਜਿਸ ਕੋਲ ਕਿਸੇ ਸੰਸਥਾ ਨੂੰ ਚਲਾਉਣ ਦਾ ਪ੍ਰਬੰਧਕੀ ਤਜਰਬਾ ਵੀ ਹੋਵੇ। ਇਸ ਪੱਤਰ ਵਿਚ ਇਹ ਵੀ ਲਿਖਿਆ ਹੈ ਕਿ ਖੋਜ ਕਮੇਟੀ ਇਹ ਵੀ ਧਿਆਨ ਵਿਚ ਰੱਖੇਗੀ ਕਿ ਜਿਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਗਾਇਆ ਜਾ ਰਿਹਾ ਹੈ ਉਸ ਵਿਚ ਵਾਈਸ ਚਾਂਸਲਰ ਲੱਗਣ ਦੀਆਂ ਜੇਕਰ ਕੋਈ ਹਦਾਇਤਾਂ ਹਨ ਉਹ ਵੀ ਲਾਜ਼ਮੀ ਦੇਖ ਲਈਆਂ ਜਾਣ। ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲੱਗਣ ਲਈ ਇਹ ਵੀ ਜ਼ਰੂਰੀ ਦੇਖਣਾ ਹੋਵੇਗਾ ਕਿ ਜਿਸ ਵਿਅਕਤੀ ਦੀ ਚੋਣ ਕੀਤੀ ਗਈ ਹੈ ਕੀ ਉਹ ਪੰਜਾਬੀ ਸਭਿਆਚਾਰ, ਧਰਮ ਤੇ ਪੰਜਾਬ ਦੇ ਸਮਾਜਿਕ ਸਰੋਕਾਰਾਂ ਬਾਰੇ ਜਾਣਕਾਰੀ ਰੱਖਦੇ ਹਨ? ਕਿਉਂਕਿ ਪੰਜਾਬੀ ਯੂਨੀਵਰਸਿਟੀ ਇੱਕ ਅਜਿਹੀ ਸੰਸਥਾ ਹੈ ਜਿਸ ਵਿਚ ਭਿੰਨ ਭਿੰਨ ਪ੍ਰਕਾਰ ਦੀ ਖੋਜ ਹੋ ਰਹੀ ਹੈ। ਯੂਜੀਸੀ ਦੇ ਨਿਯਮਾਂ ਅਨੁਸਾਰ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਾ ਤਾਂ ਕੋਈ ਆਈਏਐਸ ਲੱਗ ਸਕਦਾ ਹੈ ਨਾ ਹੀ ਕੋਈ ਫ਼ੌਜੀ ਲੱਗ ਸਕਦਾ ਹੈ।
ਸਖਤ ਅਫਸਰ ਸਿੱਧੂ ਦੇ ਨਾਮ ਦੀ ਚਰਚਾ ਨਾਲ ਸਹਿਮ ਵਿਚ ਹਨ ਯੂਨੀਵਰਸਿਟੀ ਦੇ ਕੁਝ ਅਧਿਆਪਕ
ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲੱਗਣ ਲਈ ਸਾਬਕਾ ਆਈਏਐਸ ਕੁਸਮਜੀਤ ਕੌਰ ਸਿੱਧੂ ਦੇ ਨਾਮ ਦੀ ਚਰਚਾ ਨਾਲ ਪੰਜਾਬੀ ਯੂਨੀਵਰਸਿਟੀ ਦੇ ਕੁਝ ਅਧਿਆਪਕ ਕਾਫੀ ਸਹਿਮ ਵਿਚ ਹਨ। ਪਿਛਲੇ ਸਮੇਂ ਵਿਚ ਵਾਈਸ ਚਾਂਸਲਰਾਂ ਨੂੰ ਕਥਿਤ ਕੱਠਪੁੱਤਲੀ ਵਾਂਗ ਚਲਾਉਣ ਵਾਲੇ ਕੁਝ ਅਧਿਆਪਕ ਗਰੁੱਪਾਂ ਵਿਚ ਇਸ ਗੱਲੋਂ ਸਹਿਮ ਹੈ ਕਿ ਬੀਬੀ ਸਿੱਧੂ ਸਖਤ ਹੈ ਤੇ ਇਕ ਔਰਤ ਹੋਣ ਦੇ ਨਾਤੇ ਉਸ ਨੂੰ ਕਿਸੇ ਤਰ੍ਹਾਂ ਵੀ ਆਪਣੀਆਂ ਚਲਾਕੀਆਂ ਨਾਲ ਰਿਝਾਉਣ ਤੋਂ ਅਸਮਰਥ ਰਹਿਣਗੇ।

No comments:

Post a Comment