Tuesday, September 27, 2016

ਭਾਸ਼ਾ ਵਿਚ ਭਾਰਤ ਦੇ ਤੀਜੇ ਧੁੰਨੀ ਵਿਉ਼ਤਰੀ ਤੇ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਨੂੰ ਕਿਸੇ ਨੇ ਨਹੀਂ ਕੀਤਾ ਯਾਦ

ਅੱਜ ਜਨਮ ਦਿਨ ਤੇ

ਪੰਜਾਬੀ ਯੂਨੀਵਰਸਿਟੀ ਵਿਚ ਪੜਾਇਆ ਤੇ ਪੰਜਾਬ ਯੂਨੀਵਰਸਿਟੀ ਵਿਚ ਅੰਗਰੇਜ਼ੀ ਪੰਜਾਬੀ ਡਿਕਸ਼ਨਰੀ ਦੇਣ ਵਾਲੇ ਵਿਦਵਾਨ ਦੇ ਨਾਮ ਤੇ ਕੁਝ ਵੀ ਨਹੀਂ ਕਰਦੀਆਂ ਦੋਵੇਂ ਯੂਨੀਵਰਸਿਟੀਆਂ
ਭਾਰਤ ਵਿਚੋਂ ਪੀਐੱਚਡੀ ਕਰਨ ਤੋਂ ਬਾਅਦ  ਰੂਸ ਵਿਚ ਡੀਐਸਸੀ ਦੀ ਡਿਗਰੀ ਕਰਕੇ ਪੁਆਧ ਤੇ ਪਹਿਲੀ ਵਾਰ ਕੰਮ ਕੀਤਾ ਸੀ ਡਾ. ਸੰਧੂ ਨੇ
ਗੁਰਨਾਮ ਸਿੰਘ ਅਕੀਦਾ
ਪਾਏਦਾਰ ਤੇ ਵਿਸ਼ਵਾਸਯੋਗ ਪੰਜਾਬੀ ਅੰਗਰੇਜ਼ੀ ਡਿਕਸ਼ਨਰੀ ਬਣਾਉਣ ਵਾਲੇ ਕਿਸੇ ਵੇਲੇ ਭਾਰਤ ਦੇ ਪ੍ਰਮੁੱਖ ਤਿੰਨ ਭਾਸ਼ਾ ਵਿਗਿਆਨੀਆਂ ਵਿਚ ਸ਼ੁਮਾਰ ਭਾਸ਼ਾ ਤੇ ਧੁੰਨੀ ‍ਵਿਉਂਤਰੀ ਅਤੇ ਵਿਗਿਆਨੀ ਡਾ. ਬਲਬੀਰ ਸਿੰਘ ਸੰਧੂ ਨੂੰ ਅੱਜ ਅਕਾਦਮਿਕ ਖੇਤਰ ਵਿਚ ਵੀ ਯਾਦ ਨਹੀਂ ਕੀਤਾ ਜਾਂਦਾ।  28 ਸਤੰਬਰ ਨੂੰ ਉਨ੍ਹਾਂ ਦਾ ਜਨਮ ਦਿਨ ਹੈ ਪਰ ਨਾ ਹੀ ਪੰਜਾਬੀ ਯੂਨੀਵਰਸਿਟੀ ਵਿਚ ਨਾ ਹੀ ਪੰਜਾਬ ਯੂਨੀਵਰਸਿਟੀ ਵਿਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੋਈ ਵੀ ਪ੍ਰੋਗਰਾਮ ਕਰਾਇਆ ।
    ਪੁਆਧੀ ਬੋਲੀ ਦੇ ਡਾਇਲੈਕਟ ਤੇ ਪੀਐਚਡੀ ਕਰਨ ਵਾਲੇ ਅਤੇ ਉਸ ਤੋਂ ਬਾਅਦ ਰੂਸ ਦੀ ਲੈਨਿਨਗ੍ਰਾਦ ਯੂਨੀਵਰਸਿਟੀ ਵਿਚ ਪੀਐੱਚਡੀ ਤੋਂ ਵੀ ਵੱਡੀ ਡਿਗਰੀ ਡੀਐਸਸੀ ਕਰਨ ਵਾਲੇ ਡਾ. ਸੰਧੂ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਵਿਚ ਭਾਸ਼ਾ ਵਿਗਿਆਨ ਵਿਭਾਗ ਵਿਚ ਪੜਾਇਆ ਤੇ ਉਸ ਨੇ ਲੰਬਾ ਸਮਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵੀ ਪੜਾਇਆ ਤੇ ਉਹ ਇੱਕੋ ਇਕ ਭਾਸ਼ਾ ਵਿਗਿਆਨੀ ਸਨ ਜਿਸ ਨੇ ਧੁੰਨੀ ਵਿਉਂਤਰੀ ਅਤੇ ਧੁੰਨੀ ਵਿਗਿਆਨ ਤੇ ਮਾਹਿਰਤਾ ਹਾਸਲ ਕੀਤੀ ਤੇ ਪੰਜਾਬ ਦਾ ਇੱਕੋ ਇਕ ਭਾਸ਼ਾ ਵਿ‍ਗਿਆਨੀ ਸੀ ਜਿਸ ਨੇ ਪੁਆਧੀ ਬੋਲੀ ਤੇ ਅਜਿਹਾ ਕੰਮ ਕੀਤਾ ਜਿਸ ਵਿਚ ਕਰੀਬ 6000 ਪੁਆਧੀ ਸ਼ਬਦਾਂ ਦਾ ਭੰਡਾਰ ਉਨ੍ਹਾਂ ਲੱਭ ਲਿਆ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ‘‘ਕਰਾਸ ਡਾਇਲੈਕਟਲ ਫੀਚਰਜ ਆਫ਼ ਪੰਜਾਬੀ’’ ਨਾਮ ਦਾ ਪ੍ਰੋਜੈਕਟ ਡਾ. ਸੰਧੂ ਕਰ ਰਹੇ ਸਨ ਜਿਸ ਲਈ ਉਨ੍ਹਾਂ ਨੇ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ 200 ਪਿੰਡਾਂ ਵਿਚ ਫਿਰ ਕੇ 20 ਘੰਟਿਆਂ ਦੀ ਅਵਾਜ਼ਾਂ ਵੀ ਰਿਕਾਰਡ ਕਰ ਲਈਆਂ ਸਨ। ਪਰ ਉਹ ਇਹ ਪ੍ਰੋਜੈਕਟ ਪੂਰਾ ਕਰਨ ਤੋਂ ਪਹਿਲਾਂ ਹੀ ਇਕ ਸੜਕ ਦੁਰਘਟਨਾ ਵਿਚ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਕਰੀਬੀ ਰਹੇ ਡਾ. ਨਾਹਰ ਸਿੰਘ ਨੇ ਕਿਹਾ ਕਿ ਸਾਡੇ ਸਮਾਜ ਵਿਚ ਅਕਾਦਮਿਕ ਲੋਕਾਂ ਦਾ ਇਹ ਹਾਲ ਹੋਗਿਆ  ਹੈ ਕਿ ਉਨ੍ਹਾਂ ਨੂੰ ਵਿਸਾਰ ਦਿੰਦੇ ਹਨ, ਡਾ. ਬਲਬੀਰ ਸਿੰਘ ਸੰਧੂ ਜਿਹੇ ਵੱਡੇ ਕੱਦ ਦੇ ਵਿਦਵਾਨ ਦੀ ਯਾਦਗਾਰ ਵਜੋਂ ਕਿਤੇ ਵੀ ਕੋਈ ਲੈਕਚਰ ਨਹੀਂ ਕਰਾਇਆ ਜਾਂਦਾ ਨਾ ਹੀ ਕੋਈ ਯਾਦਗਾਰ ਮਨਾਈ ਜਾਂਦੀ ਹੈ, ਪੰਜਾਬੀ ਯੂਨੀਵਰਸਿਟੀ ਦੇ  ਭਾਸ਼ਾ ਵਿਗਿਆਨ ਵਿਭਾਗ ਦੇ ਮੁਖੀ ਡਾ. ਸੁਮਨਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਕਲਾਸ ਵਿਚ ਤਾਂ ਯਾਦ ਕਰ ਲੈਂਦੇ ਹਾਂ ਪਰ ਅਸੀਂ ਉਨ੍ਹਾਂ ਦੀ ਯਾਦ ਵਿਚ ਕੋਈ ਵਿਸ਼ੇਸ਼ ਕਾਰਜ ਨਹੀਂ ਕੀਤਾ। ਪੁਆਧੀ ਖੇਤਰ ਦੇ ਪਿੰਡ ਨਰੜੂ ਵਿਚ ਜਨਮੇ ਡਾ. ਬਲਬੀਰ ਸਿੰਘ ਨੇ ਧੁੰਨੀ ਵਿਗਿਆਨ ਤੇ ਕਾਫ਼ੀ ਪਰਚੇ ਪੜੇ ਅਤੇ ਡਿਕਸ਼ਨਰੀ ਸਮੇਤ 5 ਖੋਜ ਕਿਤਾਬਾਂ ਲਿਖੀਆਂ, ਪੰਜਾਬੀ ਤੇ ਪੰਜਾਬ ਯੂਨੀਵਰਸਿਟੀ ਵਿਚ ਜਿਹੜੇ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਪੜਾਇਆ ਉਨ੍ਹਾਂ ਵੀ ਕਦੇ ਉਨ੍ਹਾਂ ਨੂੰ ਯਾਦ ਨਹੀਂ ਕੀਤਾ। ਇਥੇ ਇਕ ਹੋਰ ਵੀ ਦਸਣ ਯੋਗ ਹੈ ਕਿ ਡਾ. ਸੰਧੂ ਜਦੋਂ ਪੰਜਾਬ ਦੇ ਹਰਿਅਾਣਾ ਬਣ ਰਿਹਾ ਸੀ ਉਸ ਵੇਲੇ ਦੋਵਾਂ ਰਾਜਾਂ ਵਿਚ ਭਾਸ਼ਾ ਝਗੜਾ ਮਿਟਾਉਣ ਲਈ ਬਣੇ ਭਾਸ਼ਾ ਕਮਿਸ਼ਨ ਦੇ ਵੀ ਚੇਅਰਮੈਨ ਸਨ। ਡਾ . ਸੰਧੂ ਤੇ ਭਰਾ ਡਾ. ਰਣਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਕਾਫ਼ੀ ਕੋਸਿਸਾਂ ਕੀਤੀਆਂ ਸਨ ਪਰ ਉਨ੍ਹਾਂ ਦੀ ਯਾਦਗਾਰ ਕਿਤੇ ਵੀ ਬਣਾਉਣ ਵਿਚ ਕਾਮਯਾਬ ਨਹੀਂ ਹੋਏ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਭਾਸ਼ਾ ਵਿਗਿਆਨੀ ਡਾ. ਜੋਗਿੰਦਰ ਸਿੰਘ ਪੁਆਰ ਨੇ ਕਿਹਾ ਕਿ ਅਕਾਦਮਿਕ ਖੇਤਰ ਵਿਚ ਵੱਡੇ ਕੱਦ ਦੇ ਲੋਕਾਂ ਨੂੰ ਨਜ਼ਰ ਅੰਦਾਜ਼ ਕਰਕੇ ਮਾਰ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਨਾਮ ਦੇ ਲੈਕਚਰ ਲੜੀ ਜਾਂ ਫਿਰ ਯਾਦਗਾਰ ਬਣਨੀ ਚਾਹੀਦੀ ਸੀ। ਇਸ ਸਬੰਧ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ . ਓਮਾ ਸੇਠੀ ਨੇ ਕਿਹਾ ਕਿ ਸਾਡੇ ਵਿਭਾਗ ਵਿਚ ਜਾਂ ਯੂਨੀਵਰਸਿਟੀ ਵਿਚ ਡਾ. ਬਲਬੀਰ ਸਿੰਘ ਦੀ ਯਾਦਗਾਰ ਨਹੀਂ ਮਨਾਈ ਗਈ, ਡਾ. ਕੇਸਰ ਸਿੰਘ ਦਾ ਯਾਦਗਾਰੀ ਲੈਕਚਰ ਉਨ੍ਹਾਂ ਦੇ ਪਰਵਾਰ ਦੀ ਮਦਦ ਨਾਲ ਵਿਭਾਗ ਵੱਲੋਂ ਕਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡਾ. ਬਲਬੀਰ ਸਿੰਘ ਸੰਧੂ ਵੱਡੇ ਵਿਦਵਾਨ ਸਨ ਉਨ੍ਹਾਂ ਦੇ ਨਾਮ ਤੇ ਕੋਈ ਯਾਦਗਾਰ ਲੈਕਚਰ ਆਦਿ ਸ਼ੁਰੂ ਹੋ ਜਾਵੇ ਤਾਂ ਚੰਗਾ ਹੋਵੇਗਾ।

2 comments:

  1. Today on the occassion of birth anniversary of a Linguist and a Teacher of high stature, Dr Balbir Singh Sandhu, heart felt wishes to all those who admire him.
    During a lecture by Dr Suman Preet at the Dept. Of Linguistics and Punjabi Lexicography there were enlightening moments when we were told about the contributions of Dr Balbir Singh Sandhu as a researcher, academician and particularly a Linguist.
    Revered teachers are always there in the hearts of the students........

    ReplyDelete