Tuesday, June 07, 2016

ਅਕਾਲੀ ਦਲ ਨੂੰ ਖ਼ਤਮ ਕਰਨ ਲਈ ਗਿਆਨੀ ਜ਼ੈਲ ਸਿੰਘ ਤੇ ਦਰਬਾਰਾ ਸਿੰਘ ਨੇ ਅੱਤਵਾਦ ਦੀ ਸਾਜ਼ਿਸ਼ ਘੜੀ ਸੀ : ਸੁਖਬੀਰ ਦਾ ਦੋਸ਼

ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਕੋਈ ਵਜੂਦ ਨਹੀਂ : ਬਾਦਲ
ਵਿਕਾਸ ਦੇ ਮੁੱਦੇ ਤੇ ਲੜੀ ਜਾਵੇਗੀ 2017 ਵਿਧਾਨ ਸਭਾ ਚੋਣ : ਸੁਖਬੀਰ

ਗੁਰਨਾਮ ਸਿੰਘ ਅਕੀਦਾ
ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 35 ਸਾਲ ਪਹਿਲਾਂ ਪੰਜਾਬ ਵਿਚ ਅੱਤਵਾਦ ਲਿਆਉਣ ਦੀ ਸਾਜ਼ਿਸ਼ ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਨੇ ਘੜੀ ਸੀ, ਤਾਂ ਕਿ ਅਕਾਲੀ ਦਲ ਨੂੰ ਖ਼ਤਮ ਕੀਤਾ ਜਾ ਸਕੇ, ਪਰ ਇਹ ਉਲਟਾ ਪੈ ਗਿਆ ਇਸ ਕਰਕੇ ਅੱਤਵਾਦ ਸੰਭਾਲਣਾ ਔਖਾ ਹੋ ਗਿਆ। ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਦੇ ਮਰਹੂਮ ਲੀਡਰਾਂ ਦੇ ਇਹ ਦੋਸ਼ ਇਕ ਮੁਲਾਕਾਤ ਦੌਰਾਨ ਲਗਾਏ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਹ ਪੰਜ ਸਾਲ 'ਨਾਨ ਰੈਜ਼ੀਡੈਂਟ' ਮੁੱਖ ਮੰਤਰੀ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਇਸ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੀਆਂ ਹੋਣ ਕਰਕੇ ਇਹ ਜਾਂਚ ਅਸੀਂ ਸੀਬੀਆਈ ਨੂੰ ਦੇ ਦਿੱਤੀ ਸੀ ਕਿਉਂਕਿ ਪੰਜਾਬ ਪੁਲਸ ਦਾ ਦਾਇਰਾ ਸਿਰਫ਼ ਪੰਜਾਬ ਤੱਕ ਹੀ ਹੈ। ਡੇਰਾ ਸਿਰਸਾ ਦੇ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਇਹ ਮਾਫ਼ੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਿੱਤੀ ਸੀ, ਅਸੀਂ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਿਸੇ ਵੀ ਹੁਕਮਨਾਮੇ ਵਿਚ ਜਾਂ ਫਿਰ ਕੰਮ ਕਾਜ ਵਿਚ ਦਖ਼ਲ ਅੰਦਾਜ਼ੀ ਨਹੀਂ ਕਰਦੇ।
ਸੁਖਬੀਰ ਸਿੰਘ ਬਾਦਲ ਨੇ ਮੁਲਾਕਾਤ ਦੌਰਾਨ ਕਿਹਾ ਕਿ ਸਰਬੱਤ ਖ਼ਾਲਸਾ ਕਾਂਗਰਸ ਦੀ ਰੈਲੀ ਸੀ ਜੋ ਦੇਸ਼ ਵਿਰੋਧੀ ਸੀ, ਜਿਸ ਵਿਚ ਹੋਈ ਫ਼ੈਸਲੇ ਖ਼ਾਲਿਸਤਾਨ ਬਣਾਉਣ ਨਾਲ ਸਬੰਧਿਤ ਸਨ, ਇਸ ਕਰਕੇ ਅਸੀਂ ਉੱਥੇ ਦੇ ਆਗੂਆਂ ਨੂੰ ਜੇਲ੍ਹਾਂ ਵਿਚ ਤੁੰਨਿਆ। ਉਨ੍ਹਾਂ ਕਿਹਾ ਕਿ ਸਰਬਤ ਖ਼ਾਲਸਾ ਕਰਕੇ ਕੁੱਝ ਕਾਂਗਰਸ ਨੇ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਦੀ ਖ਼ੁਦਮੁਖ਼ਤਾਰੀ ਅਤੇ ਸ਼੍ਰੋਮਣੀ ਕਮੇਟੀ ਦੀ ਖ਼ੁਦਮੁਖ਼ਤਾਰੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜੋ ਅਸੀਂ ਨਾਕਾਮ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਪੜਤਾਲ ਹੁਣ ਸੀਬੀਆਈ ਹੀ ਕਰ ਰਹੀ ਹੈ। ਨਸ਼ਿਆਂ ਦੇ ਅਕਾਲੀ ਸਰਕਾਰ ਤੇ ਲੱਗੇ ਦੋਸ਼ਾਂ ਬਾਰੇ ਸਪਸ਼ਟ ਸ਼ਬਦਾਂ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਗਾਂਧੀ ਪਰਵਾਰ ਸਿੱਖ ਕੌਮ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਉਹ ਪੰਜਾਬ ਨੂੰ ਤਬਾਹ ਕਰਨਾ ਚਾਹੁੰਦਾ ਹੈ। ਸਗੋਂ ਨਸ਼ਾ ਤਾਂ ਵਿਦੇਸ਼ਾਂ ਵਿਚ ਵੀ ਬਹੁਤ ਜ਼ਿਆਦਾ ਹੈ, ਗੋਆ ਵਿਚ ਬਹੁਤ ਜ਼ਿਆਦਾ ਹੈ ਪਰ ਪੰਜਾਬ ਨੂੰ ਬਦਨਾਮ ਕਰਨ ਲਈ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਕਿ 70 ਫ਼ੀਸਦੀ ਪੰਜਾਬੀ ਨੌਜਵਾਨਾਂ ਨਸ਼ੇੜੀ ਹਨ। ਇਸ ਕਰਕੇ ਹੀ ਪੰਜਾਬ ਬਦਨਾਮ ਹੋਇਆ। ਪਰ ਅਸੀਂ ਪੂਰੀ ਚੌਕਸੀ ਕੀਤੀ ਤਾਂ ਅਸੀਂ ਵੱਡੀ ਪੱਧਰ ਤੇ ਨਸ਼ੇ ਫੜੇ ਤੇ ਤਸਕਰ ਵੀ ਫੜੇ, ਨਸ਼ੇ ਦੇ ਕਾਰੋਬਾਰ ਵਿਚ ਇਕ ਮੰਤਰੀ ਦਾ ਨਾਮ ਆਉਣ ਦੇ ਜਵਾਬ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਨਸ਼ਾ ਤਸਕਰ ਫੜ ਰਹੇ ਹਾਂ ਤੇ ਜੇਕਰ ਤਸਕਰ ਸਾਡੇ ਤੇ ਦੋਸ਼ ਲਗਾਏਗਾ ਤਾਂ ਕੀ ਅਸੀਂ ਮਨ ਲਵਾਂਗੇ? ਇਹ ਗਲਤ ਹੈ, ਜਿਵੇਂ ਅਸੀਂ ਨਸ਼ੇ ਦੇ ਤਸਕਰ ਫੜੇ ਹਨ ਸਾਨੂੰ ਤਾਂ ਸਗੋਂ ਕੇਂਦਰ ਸਰਕਾਰ ਇਨਾਮ ਦੇਵੇ। ਉਨ੍ਹਾਂ ਕਿਹਾ ਕਿ ਅਸਲ ਵਿਚ ਨਸ਼ਾ ਸਰਹੱਦ ਪਾਰ ਤੋਂ ਆਉਂਦਾ ਹੈ, ਬੀਐਸਐਫ ਹੀ ਨਸ਼ਿਆਂ ਦੇ ਪੰਜਾਬ ਵਿਚ ਪ੍ਰਵੇਸ਼ ਕਰਨ ਤੇ ਜ਼ਿੰਮੇਵਾਰ ਹੈ। ਪੂਰਾ ਬਾਰਡਰ ਸੀਲ ਕਰਨਾ ਚਾਹੀਦਾ ਹੈ ਤਾਂ ਕਿ ਨਸ਼ਾ ਪੰਜਾਬ ਵਿਚ ਪ੍ਰਵੇਸ਼ ਨਾ ਕਰ ਸਕੇ। ਅਸੀਂ ਬਾਰਡਰ ਸੀਲ ਕਰਨ ਬਾਰੇ ਕੇਂਦਰ ਸਰਕਾਰ ਨੂੰ ਕਈ ਵਾਰੀ ਲਿਖਿਆ ਹੈ, ਹੁਣ ਕੇਂਦਰ ਸਰਕਾਰ ਵੀ ਸਾਡੀ ਮਦਦ ਕਰ ਰਹੀ ਹੈ।
ਪੰਜਾਬ ਦੀਆਂ 2017 ਚੋਣਾਂ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਤੀਜੀ ਵਾਰ ਹਾਰੇਗੀ। ਕਿਉਂਕਿ ਅਮਰਿੰਦਰ ਸਿੰਘ ਕਈ ਦੋਸ਼ਾਂ ਵਿਚ ਉਲਝੇ ਹਨ, ਉਹ ਜਦੋਂ ਮੁੱਖ ਮੰਤਰੀ ਸਨ ਤਾਂ ਉਹ ਕਿਤੇ ਵੀ ਪੰਜਾਬ ਵਿਚ ਨਹੀਂ ਗਏ, ਲੁਧਿਆਣਾ ਵਰਗੇ ਸ਼ਹਿਰ ਵਿਚ ਉਹ ਸਿਰਫ਼ ਦੋ ਵਾਰ ਹੀ ਗਏ, ਉਹ ਪੰਜ ਸਾਲ 'ਨਾਨ ਰੈਜ਼ੀਡੈਂਟ' ਮੁੱਖ ਮੰਤਰੀ ਬਣ ਕੇ ਰਹਿ ਗਏ ਸਨ। ਅਸੀਂ ਜੋ ਵੀ ਠੇਕੇ ਦਿੰਦੇ ਹਾਂ ਤਾਂ ਆਨ ਲਾਈਨ ਟੈਂਡਰ ਖੋਲੇ ਜਾਂਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਕੈਪਟਨ ਰਾਜ ਵਿਚ ਦਰਵਾਜੇ ਬੰਦ ਕਰਕੇ ਟੈਂਡਰ ਖੋਹਲੇ ਜਾਂਦੇ ਸੀ। ਪੰਜਾਬ ਵਿਚ ਪੰਜ ਕਾਂਗਰਸਾਂ ਚਲ ਰਹੀਆਂ ਹਨ ਪ੍ਰਤਾਪ ਸਿੰਘ ਬਾਜਵਾ ਕਾਂਗਰਸ, ਰਜਿੰਦਰ ਕੌਰ ਭੱਠਲ ਕਾਂਗਰਸ, ਲਾਲ ਸਿੰਘ ਕਾਂਗਰਸ, ਜਾਖੜ ਕਾਂਗਰਸ, ਇਸ ਵੇਲੇ ਵੀ ਮੌਜੂਦ ਹਨ, ਫੇਰ ਅਮਰਿੰਦਰ ਕਿਸ ਕਾਂਗਰਸ ਦੇ ਜਰਨੈਲ ਬਣੇ ਹਨ। ਉਹ ਲੋਕਾਂ ਨੂੰ ਮਿਲਦੇ ਨਹੀਂ ਹਨ ਤਾਂ ਫਿਰ ਕੀ ਇਹ ਤਹਿ ਹੈ ਕਿ ਉਹ ਕਾਂਗਰਸ ਦਾ ਆਖ਼ਰੀ ਸਰਾਧ ਕਰਨ ਲਈ ਆਏ ਹਨ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਾਂ ਵਿਦੇਸ਼ਾਂ ਵਿਚ ਭਾਰਤ ਦਾ ਨਾਮ ਉਚਾ ਕੀਤਾ ਹੈ, ਹੁਣ ਸਾਰੇ ਮੁਲਕ ਭਾਰਤ ਨਾਲ ਦੋਸਤੀ ਪਾਉਣ ਲਈ ਲਲਚਾ ਰਹੇ ਹਨ, ਸਾਰੇ ਮੁਲਕਾਂ ਨਾਲ ਸਬੰਧ ਵੀ ਚੰਗੇ ਹੋ ਗਏ ਹਨ ਪਰ ਜਦੋਂ ਕਾਂਗਰਸ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਨ ਤਾਂ ਸਾਡੇ ਭਾਰਤ ਨੂੰ ਵਿਦੇਸ਼ਾਂ ਵਿਚ ਕੋਈ ਪੁੱਛਦਾ ਨਹੀਂ ਸੀ। ਕਿਤੇ ਵੀ ਭਾਰਤ ਦੀ ਇੱਜ਼ਤ ਨਹੀਂ ਸੀ।
ਮਹਿੰਗਾਈ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਬਹੁਤ ਸਾਰੀਆਂ ਵਸਤਾਂ ਦੀਆਂ ਕੀਮਤਾਂ ਘਟੀਆਂ ਹਨ ਪਰ ਦਾਲਾਂ ਆਦਿ ਦੀਆਂ ਕੀਮਤਾਂ ਵਧਣ ਬਾਰੇ ਉਨ੍ਹਾਂ ਕਿਹਾ ਕਿ ਇਕ ਇਕ ਕਰਕੇ ਪੁੱਛੋਗੇ ਤਾਂ ਇਕ ਇਕ ਕਰਕੇ ਮੈਂ ਉਹ ਦੱਸਾਂਗਾ ਜਿਨ੍ਹਾਂ ਦੀਆਂ ਕੀਮਤਾਂ ਵਿਚ ਘਾਟਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਨਅਤ ਬਹੁਤ ਜ਼ਿਆਦਾ ਆ ਗਈ ਹੈ ਜੋ ਗਰਾਉਂਡ ਤੇ ਵੀ ਨਜ਼ਰ ਆਉਣ ਲੱਗੇਗੀ। ਚੋਣਾ ਵਿਕਾਸ ਦੇ ਮੁੱਦੇ ਤੇ ਲੜੀਆਂ ਜਾਣਗੀਆਂ ਹੁਣੇ ਹੀ 4000 ਕਰੋੜ ਦਾ ਕੰਮ ਸ਼ਹਿਰਾਂ ਵਿਚ ਸੀਵਰੇਜ ਦਾ ਚਲ ਰਿਹਾ ਹੈ। 6000 ਕਰੋੜ ਦਾ ਕੰਮ ਪਿੰਡਾਂ ਵਿਚ ਚਲ ਰਿਹਾ ਹੈ, ਸੜਕਾਂ ਚਾਰ ਲਾਈਨ ਤੇ ਛੇ ਲਾਈਨਾਂ ਬਣਾਈਆਂ ਗਈਆਂ ਹਨ। ਸ਼ਰਧਾਲੂਆਂ ਨੂੰ ਰੇਲ ਦੇ ਸਹਾਰੇ ਧਾਰਮਿਕ ਸਥਾਨ ਦੇ ਦਰਸ਼ਨ ਕਰਾਏ ਹਨ। ਬਿਜਲੀ ਸਰਪਲੱਸ ਕਰ ਦਿੱਤੀ ਹੈ। ਆਟਾ ਦਾਲ ਸਕੀਮ ਚਲ ਰਹੀ ਹੈ। ਇਹ ਸਭ ਵਿਕਾਸ ਹੀ ਹੈ।
ਸੰਤ ਰਣਜੀਤ ਸਿੰਘ ਢੱਡਰੀਆਂ ਹੋਏ ਹਮਲੇ ਤੋਂ ਬਾਅਦ ਉੱਭਰੇ ਹਾਲਤਾਂ ਬਾਰੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖੀ ਦੀਆਂ ਸਾਡੀਆਂ ਸਿਰਮੌਰ ਸੰਸਥਾਵਾਂ ਸ੍ਰੀ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਲਈ ਹੈ। ਇਸ ਕਰਕੇ ਇਹ ਮਾਮਲਾ ਨਿੱਬੜ ਜਾਵੇਗਾ।

No comments:

Post a Comment