Friday, June 03, 2016

ਕਾਂਗਰਸ ਨੇ ਤਾਂ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਢਹਿ ਢੇਰੀ ਕੀਤਾ ਸੀ ਪਰ ਬਾਦਲਾਂ ਨੇ ਸਿਧਾਂਤ ਤਹਿਸ ਨਹਿਸ ਕੀਤੇ : ਛੋਟੇਪੁਰ

ਅਕਾਲੀ ਕਾਂਗਰਸੀ ਪੰਜਾਬ ਵਿਚ 'ਫਰੈਂਡਲੀ ਮੈਚ' ਖੇਡਦੇ ਰਹੇ ਹਨ : ਸੁੱਚਾ ਸਿੰਘ ਛੋਟੇਪੁਰ
ਭ੍ਰਿਸ਼ਟ ਅਕਾਲੀ ਲੀਡਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਜੇਲ੍ਹਾਂ ਵਿਚ ਡੱਕਾਂਗੇ : ਛੋਟੇਪੁਰ
ਜੇਕਰ ਕੋਈ ਪਾਰਟੀ ਨੂੰ ਛੱਡਦਾ ਹੈ ਤਾਂ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ : ਛੋਟੇਪੁਰ
ਗੁਰਨਾਮ ਸਿੰਘ ਅਕੀਦਾ
ਮੁਹਾਲੀ : ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸ੍ਰੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਪੰਜਾਬ ਵਿਚ ਹੁਣ ਤੱਕ 69 ਸਾਲਾਂ ਦੇ ਸਮੇਂ ਤੋਂ ਅਕਾਲੀ ਦਲ ਤੇ ਕਾਂਗਰਸੀ 'ਫਰੈਂਡਲੀ ਮੈਚ' ਹੀ ਖੇਡਦੇ ਰਹੇ ਹਨ। ਅਕਾਲੀ ਪੰਜਾਬ ਨੂੰ ਲੁੱਟਦੇ ਸੀ ਤਾਂ ਕਾਂਗਰਸੀ ਇੰਤਜ਼ਾਰ ਕਰਦੇ ਸੀ ਜੇਕਰ ਕਾਂਗਰਸੀ ਲੁੱਟਦੇ ਸੀ ਤਾਂ ਅਕਾਲੀ ਦਲ ਵਾਲੇ ਇੰਤਜ਼ਾਰ ਕਰਦੇ ਸੀ, ਕਿਸੇ ਨੇ ਵੀ ਪੰਜਾਬ ਨੂੰ ਬਚਾਉਣ ਦਾ ਕੋਈ ਰਾਹ ਨਹੀਂ ਲੱਭਿਆ। ਪਰ ਆਮ ਆਦਮੀ ਪਾਰਟੀ ਨੇ 2017 ਵਿਚ ਪੰਜਾਬ ਵਿਚ ਸਰਕਾਰ ਬਣਾਉਣੀ ਹੈ ਤਾਂ ਦੋਵਾਂ ਪਾਰਟੀਆਂ ਦੇ ਭ੍ਰਿਸ਼ਟ ਲੀਡਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇੱਥੇ ਲੋਕ ਰਾਜ ਲੈ ਕੇ ਆਵਾਂਗੇ ਤੇ ਲੋਕ ਰਾਜ ਨਾਲ ਹੀ ਪੰਜਾਬ ਬਚਾਵਾਂਗੇ। ਇੱਥੇ ਕਾਨੂੰਨ ਦਾ ਰਾਜ ਹੋਵੇਗਾ, ਇੱਥੇ ਆਮ ਲੋਕਾਂ ਦਾ ਰਾਜ ਹੋਵੇਗਾ। ਸ੍ਰੀ ਛੋਟੇਪੁਰ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਸ੍ਰੀ ਛੋਟੇਪੁਰ ਨੇ ਕਿਹਾ ਕਿ ਮੇਰੇ ਚਾਲੀ ਸਾਲਾਂ ਦੇ ਸਿਆਸੀ ਕੈਰੀਅਰ ਵਿਚ ਇਕੋ ਇਕ ਸਿਆਸੀ ਪਾਰਟੀ ਸਾਹਮਣੇ ਆਈ ਹੈ ਜਿਸ ਨਾਲ ਲੋਕ ਧੜਾ ਧੜ ਜੁੜ ਰਹੇ ਹਨ, ਜਿਸ ਬਾਰੇ ਲੋਕ ਮੈਨੂੰ ਆਮ ਕਹਿੰਦੇ ਹਨ ਕਿ ਕਾਂਗਰਸੀਆਂ ਤੇ ਅਕਾਲੀਆਂ ਨੇ ਪੰਜਾਬ ਲੁੱਟ ਲਿਆ ਹੈ ਟੁਕੜੇ ਟੁਕੜੇ ਕਰ ਦਿਤਾ ਹੈ, ਪਰ ਹੁਣ ਤੁਸੀਂ ਬਚਾ ਲਓ ਤੇ ਮਿਹਨਤ ਕਰਕੇ ਸਰਕਾਰ ਬਣਾਓ। ਆਮ ਆਦਮੀ ਕੋਲ ਕੋਈ ਵੱਡਾ ਚਿਹਰਾ ਨਹੀਂ ਦੇ ਜਵਾਬ ਵਿਚ ਸ੍ਰੀ ਛੋਟੇਪੁਰ ਨੇ ਕਿਹਾ ਕਿ ਵੱਡੇ ਚਿਹਰਿਆਂ ਨੇ ਤਾਂ ਲੋਕਾਂ ਨੇ ਦੇਖ ਲਿਆ ਹੈ, ਹੁਣ ਸੰਘਰਸ਼ ਵਿਚੋਂ ਚਿਹਰੇ ਨਿਕਲਣਗੇ ਤੇ ਪੰਜਾਬ ਨੂੰ ਬਚਾਉਣਗੇ। ਅਸੀਂ ਵੱਡੇ ਚਿਹਰਿਆਂ ਤੋਂ ਕੀ ਲੈਣਾ ਹੈ। ਦਿਲੀ ਵਿਚ ਕਿਹੜਾ ਕੋਈ ਵੱਡਾ ਚਿਹਰਾ ਸੀ, ਉੱਥੇ ਵੀ ਆਮ ਲੋਕਾਂ ਨੇ ਸਰਕਾਰ ਬਣਾਈ ਹੈ ਤੇ ਅੱਜ ਦਿਲੀ ਵਿਚ ਜੋ ਸਰਕਾਰ ਚਲ ਰਹੀ ਹੈ ਉਸ ਨੇ ਸਿਖਿਆ ਵਿਚ ਸੁਧਾਰ ਕਰਕੇ ਸਰਕਾਰੀ ਸਕੂਲਾਂ ਦੇ ਨਤੀਜੇ ਮਹਿੰਗੇ ਮੁਲ ਵਿਦਿਆ ਦੇਣ ਵਾਲੇ ਨਿੱਜੀ ਸਕੂਲਾਂ ਦੀ ਸਿਖਿਆ ਨੂੰ ਮਾਤ ਪਾ ਦਿੱਤਾ ਹੈ। ਇਕ ਓਵਰ ਬਰਿੱਜ ਦੋ ਸਾਲਾਂ ਵਿਚ 245 ਕਰੋੜ ਵਿਚ ਬਣਨਾ ਸੀ ਪਰ ਆਪ ਦੀ ਸਰਕਾਰ ਨੇ ਉਹ ਪੁਲ ਛੇ ਮਹੀਨੇ ਵਿਚ ਤੇ 150 ਕਰੋੜ ਵਿਚ ਬਣਾ ਕੇ ਰਿਕਾਰਡ ਕਾਇਮ ਕਰ ਦਿੱਤਾ ਕਿਉਂਕਿ ਕਿਸੇ ਨੇ ਭ੍ਰਿਸ਼ਟਾਚਾਰ ਹੀ ਨਹੀਂ ਕੀਤਾ।
ਸਿੱਖਾਂ ਦੇ ਮਾਮਲਿਆਂ ਬਾਰੇ ਜਵਾਬ ਦਿੰਦਿਆਂ ਸ੍ਰੀ ਛੋਟੇਪੁਰ ਨੇ ਕਿਹਾ ਕਿ ਕਾਂਗਰਸ ਨੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਤੇ ਸ੍ਰੀ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ ਪਰ ਬਾਦਲ ਐਂਡ ਕੰਪਨੀ ਨੇ ਤਾਂ ਸਿੱਖ ਧਰਮ ਦੇ ਸਿਧਾਂਤ ਹੀ ਖ਼ਤਮ ਕਰ ਦਿੱਤੇ ਤੇ ਤਿੰਨ ਸੰਸਥਾਵਾਂ ਦਾ ਖ਼ਾਤਮਾ ਕੀਤਾ ਸ੍ਰੀ ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਇਹ ਤਿੰਨ ਸੰਸਥਾਵਾਂ ਦਾ ਲੋਕ ਮਨਾ ਵਿਚੋਂ ਵਿਸ਼ਵਾਸ ਹੀ ਉਡਾ ਦਿੱਤਾ ਹੈ ਇਸ ਕਰਕੇ ਲੋਕ ਹੁਣ ਬਾਦਲ ਐਂਡ ਕੰਪਨੀ ਨੂੰ ਮਾਫ਼ ਨਹੀਂ ਕਰਨਗੇ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਤਾਂ ਸਰਕਾਰ ਨੇ ਕੁੱਝ ਵੀ ਨਹੀਂ ਕੀਤਾ, ਜੇਕਰ ਕੋਈ ਬੋਲਦਾ ਹੈ ਤਾਂ ਪਰਚੇ ਦਰਜ ਕਰਕੇ ਅੰਦਰ ਕਰ ਦਿੱਤਾ ਜਾਂਦਾ ਰਿਹਾ। ਇਸੇ ਤਰ੍ਹਾਂ ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਬੇਟਾ ਸੁਖਬੀਰ ਸਿੰਘ ਬਾਦਲ ਭਾਈਵਾਲ ਸੀ ਪਰ ਉਸ ਵੇਲੇ ਵੀ ਕਰੀਬ 5000 ਸਿੰਘਾ ਦੇ ਕਤਲੇਆਮ ਬਾਰੇ ਕੁੱਝ ਨਹੀਂ ਕੀਤਾ, ਹੁਣ ਬਾਦਲ ਸਾਹਿਬ ਦੀ ਨੂੰਹ ਰਾਣੀ ਬੀਬਾ ਹਰਸਿਮਰਤ ਕੌਰ ਬਾਦਲ ਭਾਈਵਾਲ ਹੈ ਹੁਣ ਵੀ ਕੁੱਝ ਨਹੀਂ ਕੀਤਾ, ਪਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਸ ਸਬੰਧੀ ਪੜਤਾਲੀਆ ਕਮੇਟੀ ਕਾਇਮ ਕੀਤੀ। ਤੇ ਸਿੱਖਾਂ ਲਈ ਵਿਸ਼ੇਸ਼ ਰਿਆਇਤਾਂ ਦਿੱਤੀਆਂ। ਬਾਦਲ ਹੋਰੀਂ ਕਹਿੰਦੇ ਹਨ ਕਿ ਸਾਡਾ ਐਸਜੀਪੀਸੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕੰਮਾਂ ਵਿਚ ਕੋਈ ਦਖ਼ਲ ਅੰਦਾਜ਼ੀ ਨਹੀਂ ਹੈ ਇਸ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਛੋਟੇਪੁਰ ਨੇ ਕਿਹਾ ਕਿ ਫੇਰ 27 ਐਸਜੀਪੀਸੀ ਮੈਂਬਰ ਅਸਤੀਫ਼ਾ ਕਿਉਂ ਦੇ ਗਏ ਸਨ, ਕਿਉਂਕਿ ਬਾਦਲ ਸਾਹਿਬ ਕਹਿੰਦੇ ਸਨ ਕਿ ਸਿਰਸੇ ਵਾਲਾ ਮਾਫ਼ ਕਰ ਦਿੱਤਾ ਹੈ ਤਾਂ ਉਸ ਦੇ ਪੋਸਟਰ ਪਿੰਡਾਂ ਵਿਚ ਲਾਓ ਤਾਂ ਐਸਜੀਪੀਸੀ ਮੈਂਬਰਾਂ ਨੇ ਨਾ ਕਰ ਦਿੱਤੀ ਤੇ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ। ਡੇਰੇ ਸਿਰਸੇ ਵਾਲੇ ਬਾਬਾ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਬਾਰੇ ਬੋਲਦਿਆਂ ਸ੍ਰੀ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਕੋਈ ਗ਼ਲਤੀ ਨਹੀਂ ਕੀਤੀ ਸੀ, ਉਹ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਨਕਲ ਨਹੀਂ ਕੀਤੀ ਤਾਂ ਫੇਰ ਉਨ੍ਹਾਂ ਖ਼ਿਲਾਫ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਕਿਉਂ ਕਰਾਈ ਗਈ? ਉਦੋਂ ਹੀ ਉਨ੍ਹਾਂ ਦਾ ਮਾਮਲਾ ਖ਼ਤਮ ਕੀਤਾ ਜਾ ਸਕਦਾ ਸੀ ਪਰ ਕਿਉਂ ਨਹੀਂ ਕੀਤਾ ਕਿਉਂਕਿ ਉਸ ਵੇਲੇ ਡੇਰੇ ਸਿਰਸਾ ਦੇ ਪੈਰੋਕਾਰਾਂ ਨੇ ਵੋਟਾਂ ਕਾਂਗਰਸ ਨੂੰ ਪਾਈਆ ਸਨ ਇਨ੍ਹਾਂ ਨੇ ਬਦਲਾ ਲੈਣਾ ਸੀ, ਇਸੇ ਕਰਕੇ ਮਾਮਲਾ ਨਿਬੇੜਨ ਨਹੀਂ ਦਿੱਤਾ ਗਿਆ, ਹੁਣ ਦੁਬਾਰਾ ਮਾਫ਼ੀ ਅਮਿਤ ਸ਼ਾਹ ਦੇ ਕਹਿਣ ਤੇ ਬਾਦਲ ਦੇ ਹੁਕਮ ਨਾਲ ਦਿੱਤੀ ਗਈ ਬਾਅਦ ਵਿਚ ਲੋਕਾਂ ਦਾ ਵਿਰੋਧ ਹੋਇਆ ਤਾਂ ਮਾਫ਼ੀ ਵਾਪਸ ਲੈ ਲਈ ਗਈ ਇਹ ਸ਼ਰੇਆਮ ਗਲਤ ਹੈ।
ਸ੍ਰੀ ਛੋਟੇਪੁਰ ਨੇ ਅਗਲੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਚਿੱਟੀ ਮੱਖੀ ਨੇ ਨਰਮੇ ਤੇ ਕਪਾਹ ਦਾ ਨੁਕਸਾਨ ਕੀਤਾ, ਪੰਜਾਬ ਸਰਕਾਰ ਵੱਲੋਂ ਭੇਜੀ ਗਈ ਦਵਾਈ ਨਕਲੀ ਸੀ ਜਿਸ ਵਿਚ ਪੰਜਾਬ ਦੇ ਮੰਤਰੀ ਤੋਤਾ ਸਿੰਘ ਦਾ ਨਾਮ ਬੋਲਦਾ ਸੀ ਪਰ ਤੋਤਾ ਸਿੰਘ ਖ਼ਿਲਾਫ਼ ਕਾਰਵਾਈ ਲਾ ਕਰਕੇ ਸਗੋਂ ਗੋਂਗਲੂਆਂ ਤੇ ਮਿੱਟੀ ਝਾੜਨ ਲਈ ਡਾਇਰੈਕਟਰ ਹੀ ਫੁੰਡ ਦਿੱਤਾ ਅਸਲ ਵਿਚ ਕਾਰਵਾਈ ਤਾਂ ਤੋਤਾ ਸਿੰਘ ਦੇ ਖ਼ਿਲਾਫ਼ ਕਰਨੀ ਬਣਦੀ ਸੀ। ਇਸ ਵੇਲੇ ਸ੍ਰੀ ਛੋਟੇਪੁਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਉਨ੍ਹਾਂ ਦੀ ਇਮਾਨਦਾਰ ਸ਼ਵੀ ਦੀ ਵਿਦੇਸ਼ ਵੀ ਤਾਰੀਫ਼ ਕਰ ਰਹੇ ਹਨ। ਪਰ ਉਨ੍ਹਾਂ ਦੀ ਇਮਾਨਦਾਰ ਸ਼ਵੀ ਦਾ ਦੇਸ਼ ਨੂੰ ਕੀ ਲਾਭ ਹੋ ਰਿਹਾ ਹੈ ਉਸ ਦੇ ਮੰਤਰੀ ਤੇ ਪਾਰਟੀ ਦੇ ਬੰਦੇ ਤਾਂ ਨਿੱਤ ਦਿਨ ਹਿੰਦੂ ਵਾਦ ਦੀਆਂ ਗੱਲਾਂ ਕਰਦੇ ਹਨ, ਜੇਕਰ ਇੱਥੇ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ ਤਾਂ ਫੇਰ ਪ੍ਰਧਾਨ ਮੰਤਰੀ ਦੀ ਇਮਾਨਦਾਰ ਸ਼ਵੀ ਦਾ ਕੀ ਫ਼ਾਇਦਾ ਰਹਿ ਗਿਆ ਹੈ। ਸ੍ਰੀ ਮੋਦੀ ਦੀ ਜੁਮਲੇਬਾਜੀ ਤੋਂ ਲੋਕ ਪ੍ਰੇਸ਼ਾਨ ਹਨ ਤੇ 15 ਲੱਖ ਰੁਪਏ ਦੀ ਉਡੀਕ ਕਰ ਰਹੇ ਹਨ, ਅੱਛੇ ਦਿਨ ਅਜੇ ਤੱਕ ਨਹੀਂ ਆਏ।
ਸ੍ਰੀ ਛੋਟੇਪੁਰ ਨੇ ਕਿਹਾ ਕਿ ਜਦੋਂ ਸਾਡੀ ਸਰਕਾਰ ਪੰਜਾਬ ਵਿਚ ਅ ਗਈ ਤਾਂ ਅਸੀਂ ਪੰਜਾਬ ਵਿਚ ਜਨ ਲੋਕਪਾਲ ਬਿੱਲ ਲੈ ਕੇ ਆਵਾਂਗੇ, ਭ੍ਰਿਸ਼ਟ ਲੀਡਰਾਂ ਨੂੰ ਚੁੱਕ ਕੇ ਅੰਦਰ ਕਰਾਂਗੇ, ਲਾਲ ਬੱਤੀ ਦਾ ਖ਼ਾਤਮਾ ਕਰਾਂਗੇ, ਮੰਤਰੀਆਂ, ਵਿਧਾਇਕਾਂ ਦੀਆਂ ਕੋਠੀਆਂ ਲੋਕਾਂ ਦੀਆਂ ਕੋਠੀਆਂ ਹੋਣਗੀਆਂ। ਬਾਦਲ ਪਰਵਾਰ ਵਾਂਗ ਪਰਵਾਰ ਵਾਦ ਤੋਂ ਦੂਰ ਰਹਾਂਗੇ ਸਗੋਂ ਪਰਵਾਰ ਵਾਦ ਦੀ ਗੱਲ ਵੀ ਕਰਨੀ ਦੂਰ ਕਰਾਂਗੇ। ਇਸ ਵੇਲੇ ਦਲੇਰੀ ਨਾਲ ਵੱਡੇ ਫ਼ੈਸਲੇ ਲੈਣ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ।
ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਬਾਰੇ ਸ੍ਰੀ ਛੋਟੇਪੁਰ ਨੇ ਕਿਹਾ ਕਿ ਮੈਂ ਇਸ ਕੁਰਸੀ ਦਾ ਚਾਹਵਾਨ ਨਹੀਂ ਹਾਂ ਪਰ ਜੋ ਵੀ ਪਾਰਟੀ ਵੱਲੋਂ ਡਿਊਟੀ ਦਿੱਤੀ ਜਾਵੇਗੀ ਉਹ ਇਮਾਨਦਾਰੀ ਨਾਲ ਨਿਭਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਆਪ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੀ ਹੋਵੇਗਾ। ਭਗਵੰਤ ਮਾਨ ਉੱਪਰ ਸ਼ਰਾਬ ਪੀਣ ਦੇ ਲਗਦੇ ਦੋਸ਼ਾਂ ਬਾਰੇ ਸ੍ਰੀ ਛੋਟੇਪੁਰ ਨੇ ਕਿਹਾ ਕਿ ਉਹ ਜਵਾਬ ਦੇ ਚੁੱਕੇ ਹਨ, ਪਰ ਮੈਂ ਕਹਿੰਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਪ੍ਰਧਾਨ ਹਨ, ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹਨ ਤੇ ਮੈਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਾਂ, ਸਾਡਾ ਤਿੰਨਾ ਦਾ ਡੋਪ ਟੈੱਸਟ ਕਰਵਾ ਲਿਆ ਜਾਵੇ ਪਤਾ ਚਲ ਜਾਵੇਗਾ ਕਿ ਕੌਣ ਨਸ਼ਾ ਕਰਦਾ ਹੈ? ਇਹ ਨਸ਼ਾ ਖ਼ਤਮ ਕਰਨ ਦੀਆਂ ਗੱਲਾਂ ਕਰਦੇ ਹਨ। ਜੇਕਰ ਸੁਖਬੀਰ ਬਾਦਲ ਕਹਿੰਦੇ ਹਨ ਕਿ ਸਾਡਾ ਨਸ਼ੇ ਵਿਚ ਕੋਈ ਹੱਥ ਨਹੀਂ ਹੈ ਤਾਂ ਫਿਰ ਉਨ੍ਹਾਂ ਨੇ ਈ ਡੀ ਵਿਚ ਦਖ਼ਲ ਅੰਦਾਜ਼ੀ ਕਿਉਂ ਕੀਤੀ।
ਸ੍ਰੀ ਛੋਟੇਪੁਰ ਨੇ ਡਾ. ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖ਼ਾਲਸਾ ਨੂੰ ਪਾਰਟੀ ਚੋਂ ਮੁਅੱਤਲ ਕਰਨ ਦੇ ਮਾਮਲੇ ਵਿਚ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਇਨ੍ਹਾਂ ਲੋਕਾਂ ਦੇ ਭਰੋਸਾ ਕਰਕੇ ਇਨ੍ਹਾਂ ਨੂੰ ਟਿਕਟ ਦਿੱਤੀ ਸੀ ਤੇ ਜਿੱਤੇ ਸੀ ਪਰ ਇਨ੍ਹਾਂ ਨੇ ਕੇਜਰੀਵਾਲ ਖ਼ਿਲਾਫ਼ ਬੋਲ ਕੇ ਕੇਜਰੀਵਾਲ ਦਾ ਭਰੋਸਾ ਤੋੜਿਆ ਹੈ, ਇਸ ਕਰਕੇ ਸਾਡਾ ਮੰਨਣਾ ਹੈ ਕਿ ਜੋ ਵੀ ਪਾਰਟੀ ਛੱਡਦਾ ਹੈ ਉਸ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਵੇਗਾ ਸਗੋਂ ਪਾਰਟੀ ਛੱਡਣ ਵਾਲਾ ਵਿਅਕਤੀ ਹੋਲੀ ਹੋਲੀ ਖ਼ਤਮ ਹੋ ਜਾਵੇਗਾ ਸਾਡਾ ਅਜੇ ਵੀ ਕਹਿਣਾ ਹੈ ਕਿ ਪਾਰਟੀ ਸਿਧਾਂਤਾਂ ਅੰਦਰ ਰਹਿੰਦੇ ਹੋਏ ਡਾ. ਗਾਂਧੀ ਤੇ ਸ੍ਰੀ ਖ਼ਾਲਸਾ ਹੋਰੀਂ ਪਾਰਟੀ ਵਿਚ ਫੇਰ ਆ ਜਾਣ ਤੇ ਕੰਮ ਕਰਨ। ਉਨ੍ਹਾਂ ਆਖਿਰ ਵਿਚ ਕਿਹਾ ਕਿ ਉਹ ਕਾਂਗਰਸ ਨਾਲ ਕਦੇ ਵੀ ਕਿਸੇ ਵੀ ਕੀਮਤ ਦੇ ਸਮਝੌਤਾ ਨਹੀਂ ਕਰਨਗੇ।

No comments:

Post a Comment