Wednesday, May 25, 2016

ਜੇ ਸੰਤਾਂ ਮਹਾਂਪੁਰਸ਼ਾਂ ਨੂੰ ਮਾਰਨ ਲਈ ਗੈਂਗ ਬਣੇ ਹਨ ਤਾਂ ਆਮ ਆਦਮੀ ਦੀ ਸੁਰੱਖਿਆ ਦਾ ਕੀ ਭਰੋਸਾ : ਕੇਜਰੀਵਾਲ



ਕੇਜਰੀਵਾਲ ਨੇ ਸਾਰੇ ਸਿਆਸੀ ਲੀਡਰਾਂ ਤੋਂ ਵੱਧ ਸੰਤ ਢੱਡਰੀਆਂ ਵਾਲੇ ਨਾਲ ਕੀਤਾ ਦੁੱਖ ਸਾਂਝਾ

ਭਾਰਤ ਦੀਆਂ ਹੋਰ ਸੁਰੱਖਿਆ ਏਜੰਸੀਆਂ ਤੋਂ ਸੰਤ ਢੱਡਰੀਆਂ ਵਾਲੀ ਦੀ ਸੁਰੱਖਿਆ ਕਰਾਉਣ ਦੀ ਪੇਸ਼ਕਸ਼ ਕੀਤੀ ਕੇਜਰੀਵਾਲ ਨੇ


ਆਪਸੀ ਟਕਰਾਅ ਕਾਰਨ ਹੋ ਰਹੀ ਭਰਾ ਮਾਰੂ ਜੰਗ ਨੂੰ ਰੋਕੇ ਪੰਜਾਬ ਸਰਕਾਰ : ਕੇਜਰੀਵਾਲ

ਦਿਲੀ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਕੇਜਰੀਵਾਲ ਨੇ
ਗੁਰਨਾਮ ਸਿੰਘ ਅਕੀਦਾ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਅੱਜ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਿਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਦੁੱਖ ਸਾਂਝਾਂ ਕਰਨ ਵੇਲੇ ਕਰੀਬ 37 ਮਿੰਟ ਗੱਲ ਕੀਤੀ। ਸ੍ਰੀ ਕੇਜਰੀਵਾਲ ਨੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਅਤੇ ਪੰਜਾਬ ਸਰਕਾਰ ਦੀ ਇਸ ਗੱਲ ਤੇ ਨਿਖੇਧੀ ਕੀਤੀ ਕਿ ਪੰਜਾਬ ਵਿਚ ਭਰਾ ਮਾਰੂ ਜੰਗ ਨੂੰ ਰੋਕਣ ਲਈ ਅਜੇ ਤੱਕ ਪੰਜਾਬ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਸੰਤ ਢੱਡਰੀਆਂ ਵਾਲੇ ਨੂੰ ਬੇਨਤੀ ਕੀਤੀ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਤੇ ਵਿਸ਼ਵਾਸ ਨਹੀਂ ਹੈ ਤਾਂ ਉਹ ਦਿਲੀ ਦੇ ਮੁੱਖ ਮੰਤਰੀ ਹੋਣ ਤੇ ਨਾਤੇ ਕਿਸੇ ਵੀ ਸੁਰੱਖਿਆ ਏਜੰਸੀ ਨੂੰ ਆਪ ਦੀ ਸੁਰੱਖਿਆ ਕਰਨ ਦੀ ਬੇਨਤੀ ਕਰ ਸਕਦੇ ਹਨ।
          ਸਾਰੇ ਸਿਆਸੀ ਲੀਡਰਾਂ ਤੋਂ ਵੱਧ ਸਮਾਂ ਸੰਤ ਢੱਡਰੀਆਂ ਵਾਲੇ ਨਾਲ ਸ੍ਰੀ ਕੇਜਰੀਵਾਲ ਦੀ ਮੀਟਿੰਗ ਹੋਈ, ਮੀਟਿੰਗ ਵਿਚ ਸੁੱਚਾ ਸਿੰਘ ਛੋਟੇਪੁਰ, ਹਰਵਿੰਦਰ ਸਿੰਘ ਫੁਲਕਾ, ਵਿਧਾਇਕ ਜਰਨੈਲ ਸਿੰਘ, ਐਮ ਪੀ ਸਾਧੂ ਸਿੰਘ, ਦੁਰਗੇਸ਼ ਪਾਠਕ, ਸੁਖਪਾਲ ਖਹਿਰਾ ਆਦਿ ਲੀਡਰ ਸਨ ਜਦ ਕਿ ਬਾਕੀ ਲੀਡਰਸ਼ਿਪ ਅਤੇ ਹਜ਼ਾਰਾਂ ਦੀ ਤਾਦਾਦ ਵਿਚ ਆਪ ਕਾਰਕੁਨ ਪ੍ਰਮੇਸ਼ਵਰ ਦੁਆਰ ਦੇ ਬਾਹਰ ਖੜੇ ਸਨ। ਮੀਟਿੰਗ ਦੇ ਵੇਰਵਿਆਂ ਬਾਰੇ ਮੀਟਿੰਗ ਵਿਚ ਹਾਜ਼ਰ ਸੂਤਰਾਂ ਨੇ ਦੱਸਿਆ ਕਿ ਕਰੀਬ 37-40 ਮਿੰਟ ਮੀਟਿੰਗ ਸੰਤ ਢੱਡਰੀਆਂ ਵਾਲਿਆਂ ਨਾਲ ਹੋਈ, ਜਿਸ ਵਿਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਦੱਸਿਆ ਕਿ ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਸਿੱਖੀ ਦਾ ਪ੍ਰਚਾਰ ਕਰਦੇ ਹਾਂ ਪਰ ਸਾਡੇ ਤੇ ਜੋ ਹਮਲਾ ਕੀਤਾ ਗਿਆ ਹੈ ਉਹ‍ ਸਿਰਫ਼ ਇਸ ਕਰ ਕੇ ਕੀਤਾ ਗਿਆ ਕਿ ਮੈਂ ਸੱਚ ਬੋਲਦਾ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦੀ ਹੂਬਹੂ ਵਿਆਖਿਆ ਕਰਦਾ ਹਾਂ, ਮੈਂ ਕਦੇ ਰਾਜਨੀਤਿਕ ਗੱਲ ਨਹੀਂ ਕੀਤੀ। ਇਸ ਤੇ ਦਿਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਇੱਥੋਂ ਹੀ ਸਪਸ਼ਟ ਹੋ ਜਾਂਦੀ ਹੈ ਕਿ ਇੱਥੇ ਧਰਮਾਂ ਦੇ ਪ੍ਰਚਾਰਕ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ  ਸੰਤ ਢੱਡਰੀਆਂ ਵਾਲੇ ਨਾਲ ਸਾਂਝ ਪਾਉਂਦਿਆਂ ਕਿਹਾ ਕਿ ਇਹ ਤਾਂ ਗੱਲ ਜੱਗ ਜ਼ਾਹਿਰ ਹੈ ਕਿ ਇੱਥੇ ਗੈਂਗ ਬਣ ਕੇ ਕਤਲੋ ਗਾਰਤ ਕਰਦੇ ਹਨ ਪਰ ਸੰਤਾਂ ਮਹਾਂਪੁਰਸ਼ਾਂ ਤੇ ਹਮਲੇ ਕਰਨ ਲਈ ਵੀ ਗੈਂਗ ਬਣ ਜਾਣਗੇ ਇਹ ਚਿੰਤਾਜਨਕ ਹੈ। ਸ੍ਰੀ ਕੇਜਰੀਵਾਲ ਨੇ ਸੰਤ ਢੱਡਰੀਆਂ ਵਾਲੇ ਨੂੰ ਬੇਨਤੀ ਕੀਤੀ ਕਿ ਇਸ ਸਮੇਂ ਜੋ ਪੰਜਾਬ ਦੇ ਹਾਲਤ ਹਨ ਉਹ ਸਹੀ ਨਹੀਂ ਹਨ, ਅਸੀਂ ਦਿਲੀ ਦੀ ਸਰਕਾਰ ਵੱਲੋਂ ਜੋ ਵੀ ਤੁਹਾਡੇ ਕੰਮ ਆ ਸਕਦੇ ਹਾਂ ਇਸ ਲਈ ਉਹ ਹਾਜ਼ਰ ਹਨ, ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਤੋਂ ਸੁਰੱਖਿਆ ਨਹੀਂ ਲੈਣੀ ਤਾਂ ਉਹ ਭਾਰਤ ਦੀਆਂ ਹੋਰ ਸੁਰੱਖਿਆ ਏਜੰਸੀਆਂ ਨੂੰ ਬੇਨਤੀ ਕਰਨਗੇ ਤਾਂ ਕਿ ਤੁਹਾਡੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਮੀਟਿੰਗ ਵਿਚ ਹਾਜ਼ਰ ਮੈਂਬਰ ਪਾਰਲੀਮੈਂਟ ਸਾਧੂ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਜੋ ਵੀ ਗੱਲਾਂ ਹੋਈਆਂ ਉਨ੍ਹਾਂ ਵਿਚੋਂ ਇਹ ਸਿੱਟਾ ਨਿਕਲਦਾ ਸੀ ਕਿ ਪੰਜਾਬ ਵਿਚ ਜਦੋਂ ਸੰਤਾਂ ਮਹਾਂਪੁਰਸ਼ਾਂ ਨੂੰ ਮਾਰਨ ਲਈ ਵੀ ਗੈਂਗ ਬਣ ਗਏ ਹਨ ਤਾਂ ਆਮ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਮੀਟਿੰਗ ਵਿੱਚ ਹਾਜ਼ਰ ਦਿਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਮੀਟਿੰਗ ਦੌਰਾਨ ਹੋਈ ਗੱਲਬਾਤ ਵਿਚ ਇਹ ਵੀ ਕਿਹਾ ਗਿਆ ਕਿ ਬਰਗਾੜੀ ਕਾਂਡ ਦੇ ਦੋਸ਼ੀ ਹੁਣ ਤੱਕ ਨਹੀਂ ਫੜੇ ਗਏ, ਪੰਜਾਬ ਵਿਚ ਅਮਨ ਕਾਨੂੰਨ ਦੀ ਵਿਵਸਥਾ ਬਹੁਤ ਖ਼ਰਾਬ ਹੈ, ਪੰਜਾਬ ਸਰਕਾਰ ਇਸ ਪ੍ਰਤੀ ਪੂਰੀ ਤਰ੍ਹਾਂ ਆਪਣੀ ਡਿਊਟੀ ਨਹੀਂ ਨਿਭਾ ਰਹੀ, ਸ੍ਰੀ ਕੇਜਰੀਵਾਲ ਨੇ ਸੰਤ ਢੱਡਰੀਆਂ ਵਾਲਿਆਂ ਨੂੰ ਕਿਹਾ ਕਿ ਉਹ ਦੁੱਖ ਦੀ ਘੜੀ ਵਿਚ ਤੇ ਹਰ ਸਮੇਂ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਹਨ। ਇਸ ਸਮੇਂ ਆਪ ਕਾਰਕੁਨਾਂ ਨੂੰ ਸੰਭਾਲਣ ਲਈ ਬਾਹਰ ਕਰਨਵੀਰ‍ ਸਿੰਘ ਟਿਵਾਣਾ, ਜੋਗਾ ਸਿੰਘ ਚਪੜ, ਡਾ. ਬਲਬੀਰ ਸਿੰਘ, ਸਰਬਜੀਤ ਉਖਲਾ, ਕੁੰਦਨ ਗੋਗੀਆ, ਮੇਘ ਚੰਦ ਸ਼ੇਰ ਮਾਜਰਾ, ਬਲਵਿੰਦਰ ਸਿੰਘ ਝਾੜਵਾਂ ਆਦਿ ਆਗੂ ਹਾਜ਼ਰ ਰਹੇ। ਦੂਜੇ ਪਾਸੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਆਮ ਸਿਆਸੀ ਲੀਡਰਾਂ ਵਾਂਗ ਮੇਰੇ ਕੋਲ ਆਏ ਸਨ ਜੋ ਮੇਰੇ ਨਾਲ ਦੁੱਖ ਸਾਂਝਾ ਕਰ ਕੇ ਗਏ ਹਨ। ਇਸ ਨਾਲ ਸਿਆਸਤ ਦਾ ਕੋਈ ਸਰੋਕਾਰ ਨਹੀਂ। 
8146001100