Friday, January 08, 2016

ਮੇਰੇ ਮਾਮਲੇ ਵਿਚ ਅਕਾਲੀ ਸਰਕਾਰ ਮੁਲਜ਼ਮਾਂ ਨੂੰ ਬਚਾ ਰਹੀ ਸੀ ਪਰ ਹੁਣ ਪੰਨੂ ਨੂੰ ਫਸਾ ਰਹੀ ਹੈ : ਸਾਰੂ ਰਾਣਾ

ਸਾਰੂ ਰਾਣਾ ਦਾ ਬਲਤੇਜ ਪੰਨੂ ਮਾਮਲੇ ਵਿਚ ਸਖ਼ਤ ਪ੍ਰਤੀਕਰਮ
ਮੈਂ ਚੌਦਾਂ ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੀ ਹਾਂ ਪਰ ਪੰਨੂ ਪਹਿਲਾਂ ਗ੍ਰਿਫ਼ਤਾਰ ਕੀਤਾ ਬਾਅਦ ਵਿਚ ਕੇਸ ਦਰਜ ਹੋਇਆ : ਰਾਣਾ
ਗੁਰਨਾਮ ਸਿੰਘ ਅਕੀਦਾ
ਪੰਜਾਬੀ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਦੀ ਵਿਦਿਆਰਥਣ ਰਹੀ ਸਾਰੂ ਰਾਣਾ ਨੇ ਅੱਜ ਇਕ ਲਿਖਤੀ ਬਿਆਨ ਵਿਚ ਕਿਹਾ ਹੈ ਕਿ ਕੈਨੇਡੀਅਨ ਪੱਤਰਕਾਰ ਬਲਤੇਜ ਪੰਨੂ ਉੱਤੇ ਪੰਜਾਬੀ ਯੂਨੀਵਰਸਿਟੀ ਦੀ ਹੀ ਇਕ ਔਰਤ ਵੱਲੋਂ ਲਾਏ ਦੋਸ਼ਾਂ ਅਤੇ ਮੇਰੇ ਕੇਸ ਬਾਰੇ ਕਾਫੀ ਭਿੰਨਤਾਵਾਂ ਹਨ। ਮੇਰੇ ਮਾਮਲੇ ਵਿਚ ਪੰਜਾਬ ਦੀ ਅਕਾਲੀ ਸਰਕਾਰ ਮੁਲਜ਼ਮਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਸੀ ਪਰ ਇਸ ਮਾਮਲੇ ਵਿਚ ਪੰਜਾਬ ਸਰਕਾਰ ਪੰਨੂ ਨੂੰ ਫਸਾਉਣ ਦਾ ਕੰਮ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਰੂ ਰਾਣਾ ਨੇ ਪੰਜਾਬੀ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਡਾ. ਜਸਵੀਰ ਸਿੰਘ ਆਹਲੂਵਾਲੀਆ 'ਤੇ ਗੰਭੀਰ ਦੋਸ਼ ਲਗਾਏ ਸਨ। ਜਿਸ ਕਰ ਕੇ ਡਾ. ਆਹਲੂਵਾਲੀਆ ਨੂੰ ਚਲਦਾ ਕੀਤਾ ਗਿਆ ਸੀ। ਯੂਨੀਵਰਸਿਟੀ ਵਿਚ ਤੇ ਕੁੱਝ ਸੋਸ਼ਲ ਮੀਡੀਆ ਤੇ ਬਲਤੇਜ ਪੰਨੂ ਮਾਮਲੇ ਵਿਚ ਇਹ ਚਰਚਾ ਵੀ ਚੱਲੀ ਸੀ ਕਿ ਇਹ ਕਿਹੜੀ ਆ ਗਈ ਹੈ ਬੀਬੀ ਸਾਰੂ ਰਾਣਾ ਦਾ ਦੂਜਾ ਰੂਪ ਬਣ ਕੇ, ਜਿਸ ਨੇ ਇਕ ਪੱਤਰਕਾਰ ਨੂੰ ਹੀ ਉਲਝਾ ਲਿਆ ਹੈ। ਇਸ ਸਬੰਧ ਵਿਚ ਅੱਜ ਸਾਰੂ ਰਾਣਾ ਨੇ ਪੰਜਾਬੀ ਵਿਚ ਲਿਖਿਆ ਇਕ ਬਿਆਨ ਭੇਜਿਆ ਹੈ। ਉਸ ਨੇ ਕਿਹਾ ਹੈ ਕਿ ਮੈਨੂੰ ਬਲਤੇਜ ਪੰਨੂ ਤੇ ਦੋਸ਼ ਲਗਾਉਣ ਵਾਲੀ ਔਰਤ ਨਾਲ ਹਮਦਰਦੀ ਹੈ। ਪਰ ਜਿਹੋ ਜਿਹਾ ਘਟਨਾਕ੍ਰਮ ਹੈ ਉਹ ਸੰਕਾਵਾਂ ਖੜੀਆਂ ਕਰਦਾ ਹੈ। ਸਾਰੂ ਰਾਣਾ ਕਹਿੰਦੀ ਹੈ ਕਿ ਮੈਂ ਵੀ ਇਨ੍ਹਾਂ ਹਾਲਤਾਂ ਵਿਚ ਨੂੰ ਲੰਘ ਕੇ ਗਈ ਹਾਂ, ਪਰ ਮੇਰੇ ਅਤੇ ਇਸ ਔਰਤ ਦੇ ਮਾਮਲੇ ਵਿਚ ਕਾਫੀ ਅੰਤਰ ਹੈ, ਮੇਰੇ ਮਾਮਲੇ ਵਿਚ ਪੁਲਸ ਨੇ ਕਦੇ ਵੀ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਬਣਦੀਆਂ ਧਾਰਾਵਾਂ ਨੂੰ ਬਦਲ ਬਦਲ ਕੇ ਕੇਸ ਨੂੰ ਘੁਮਾਇਆ ਗਿਆ ਹੈ। ਜਦੋਂ ਕਿ ਬਲਤੇਜ ਪੰਨੂ ਦੇ ਮਾਮਲੇ ਵਿਚ ਪਹਿਲਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਫੇਰ ਧਾਰਾਵਾਂ ਲੱਗੀਆਂ। ਮੈਨੂੰ ਉਸ ਔਰਤ ਨਾਲ ਹਮਦਰਦੀ ਹੈ ਪਰ ਸਿਸਟਮ ਦੁਰਦਸ਼ਾ 'ਤੇ ਇਤਰਾਜ਼ ਹੈ ਕਿ ਕਿਵੇਂ ਵੱਖ ਵੱਖ ਬੰਦਿਆਂ ਵੱਖ ਵੱਖ ਰਾਹ ਅਪਣਾਏ ਜਾਂਦੇ ਹਨ। ਜਦ ਕਿ ਮੈਂ 14 ਸਾਲਾਂ ਤੋਂ ਅੱਜ ਵੀ ਆਪਣੇ ਮੁਜਰਮਾਂ ਵਿਰੁੱਧ ਕਾਰਵਾਈ ਦੀ ਉਡੀਕ ਕਰ ਰਹੀ ਹਾਂ, ਸਾਰੂ ਰਾਣਾ ਨੇ ਅੱਗੇ ਲਿਖਿਆ ਹੈ ਕਿ ਪੰਨੂ ਅਤੇ ਮੇਰੇ ਕੇਸ ਵਿਚ ਇਕ ਗੱਲ ਜ਼ਰੂਰ ਸਾਂਝੀ ਹੈ ਕਿ ਉਸ ਵੇਲੇ ਵੀ ਅਕਾਲੀ ਸਰਕਾਰ ਹੀ ਸੀ ਤੇ ਅੱਜ ਵੀ ਅਕਾਲੀ ਸਰਕਾਰ ਹੀ ਹੈ। ਪਰ ਮੇਰੇ ਕੇਸ ਵਿਚ ਮੁਲਜ਼ਮਾਂ ਨੂੰ ਸਰਕਾਰ ਜੋਰ ਲਗਾ ਰਹੀ ਸੀ ਤੇ ਇਸ ਮਾਮਲੇ ਵਿਚ ਪੰਨੂ ਨੂੰ ਫਸਾਉਣ ਲਈ ਸਰਕਾਰ ਜੋਰ ਲਗਾ ਰਹੀ ਹੈ। ਸਾਰੂ ਰਾਣਾ ਨੇ ਅੱਗੇ ਲਿਖਿਆ ਹੈ ਕਿ ਮੇਰਾ ਕੇਸ ਹਿੰਦੁਸਤਾਨ ਦੀਆਂ ਅਦਾਲਤਾਂ ਵਿਚੋਂ ਧੱਕੇ ਖਾਂਦਾ ਹੋਇਆ ਮੁੜ ਪਟਿਆਲਾ ਦੀ ਅਦਾਲਤ ਵਿਚ ਇਨਸਾਫ਼ ਦੀ ਉਡੀਕ ਵਿਚ ਹੈ, ਜਿਸ ਮਾਮਲੇ ਵਿਚ ਅਜੇ ਤੱਕ ਦੋਸ਼ ਵੀ ਆਇਦ ਨਹੀਂ ਕੀਤੇ ਗਏ। ਸਾਰੂ ਰਾਣਾ ਨੇ ਕਿਹਾ ਹੈ ਕਿ ਇਸ ਤਰ੍ਹਾਂ ਕਰਨਾ ਲੋਕ ਤਾਂਤਰਿਕ ਸਰਕਾਰਾਂ ਨੂੰ ਸੋਭਾ ਨਹੀਂ ਦਿੰਦਾ। 

No comments:

Post a Comment