Wednesday, January 06, 2016

...ਜਦੋਂ ਉਸ ਨੇ ਆਪਣੇ ਗੁਰੂ ਉਸਤਾਦ ਨੂੰ ਵੀ ਸਮਝ ਲਿਆ ਸੀ ਐਰਾ ਗੈਰਾ ਨੱਥੂ ਖੈਰਾ

....ਕਿਸ਼ਤ ਦੂਜੀ

ਪੱਤਰਕਾਰ ਨੂੰ ਮਿਲੀ ਇੱਕ ਤਾਕਤ ਉਸ ਨੂੰ ਇਨਸਾਨੀ ਕਦਰਾਂ ਕੀਮਤਾਂ ਤੋਂ ਭਟਕਾ ਦਿੰਦੀ ਹੈ...


ਗੁਰਨਾਮ ਸਿੰਘ ਅਕੀਦਾ
ਬਾਪੂ ਇੱਕ ਕਹਾਣੀ ਸੁਣਾਇਆ ਕਰਦੇ ਸਨ ਕਿ ਇੱਕ ਵਾਰੀ ਇੱਕ ਡੰਗਰਾਂ ਦਾ ਪਾਲ਼ੀ ਇੱਕ ਬਗਲੇ ਭਗਤ ਨੂੰ ਮੱਛੀ ਛੱਪੜ ਵਿਚੋਂ ਉਛਾਲ ਕੇ ਫੜਦੇ ਨੂੰ ਦੇਖਦਾ ਹੈ, ਉਹ ਉਸੇ ਤਰ੍ਹਾਂ ਪ੍ਰੈਕਟਿਸ ਕਰਦਾ ਹੈ। ਸਿੱਖ ਜਾਂਦਾ ਹੈ ਤੇ ਹੁਣ ਉਹ ਆਪਣੀ ਸੋਟੀ ਅਸਮਾਨ ਵਿਚ ਉਛਾਲਦਾ ਤਾਂ ਮੂੰਹ ਵਿਚ ਦੰਦਾਂ ਨਾਲ ਫੜ ਲੈਂਦਾ, ਇਹ ਕਾਰਵਾਈ ਉਹ ਜੰਗਲ ਵਿਚ ਤਲਵਾਰ ਲੈ ਆਇਆ ਤੇ ਤਲਵਾਰ ਨਾਲ ਵੀ ਟਰੇਨਿੰਗ ਕਰਨ ਲੱਗ ਪਿਆ। ਹੁਣ ਉਹ ਤਲਵਾਰ ਵੀ ਉੱਪਰ ਉਛਾਲ ਕੇ ਮੂੰਹ ਵਿਚ ਫੜਨ ਲੱਗ ਪਿਆ, ਉਹ ਇਹ ਸਾਰੀ ਟਰੇਨਿੰਗ ਕਰਦਾ ਹੋਇਆ , ਬਗਲੇ ਭਗਤ ਵੱਲੋਂ ਫੜੀ ਮੱਛੀ ਨੂੰ ਜ਼ਰੂਰ ਧਿਆਨ ਵਿਚ ਰੱਖਦਾ ਸੀ। ਮੱਛੀ ਉਛਾਲਣ ਦਾ ਬਗਲੇ ਭਗਤ ਦਾ ਬਹੁਤ ਕਮਾਲ ਦਾ ਹੁੰਦਾ ਹੈ। ਇੱਕ ਵਾਰੀ ਇੱਕ ਰਾਜੇ ਦਾ ਵਜ਼ੀਰ ਜੰਗਲ ਵਿਚੋਂ ਲੰਘਿਆ ਤਾਂ ਉਸ ਨੇ ਉਸ ਪਾਲ਼ੀ ਨੂੰ ਤਲਵਾਰ ਨਾਲ ਖੇਡਦੇ ਦਾ ਸਾਰਾ ਕੌਤਕ ਦੇਖਿਆ ਤਾਂ ਉਸ ਨੇ ਰਾਜੇ ਨੂੰ ਦੱਸਿਆ ਤਾਂ ਉਸ ਰਾਜੇ ਨੇ ਉਸ ਪਾਲ਼ੀ ਦੇ ਕੌਤਕ ਦੇਖਣ ਲਈ ਉਸ ਨੂੰ ਮਹਿਲਾਂ ਵਿਚ ਬੁਲਾ ਲਿਆ। ਉਹ ਪਾਲ਼ੀ ਕੌਤਕ ਦਿਖਾ ਰਿਹਾ ਸੀ, ਤਲਵਾਰ ਉੱਪਰ ਨੂੰ ਉਛਾਲਦਾ ਤੇ ਦੰਦਾਂ ਨਾਲ ਫੜ ਲੈਂਦਾ ਸੀ। ਜਦੋਂ ਉਹ ਕੌਤਕ ਦਿਖਾ ਕੇ ਬੰਦ ਹੋਇਆ ਤਾਂ ਰਾਜਾ ਉਸ ਨੂੰ ਇਨਾਮ ਦੇਣਾ ਚਾਹੁੰਦਾ ਸੀ, ਪਰ ਰਾਜੇ ਨੂੰ ਥੋੜ੍ਹਾ ਰੋਕ ਕੇ ਇੱਕ ਸਿਆਣਾ ਵਜ਼ੀਰ ਉਸ ਪਾਲ਼ੀ ਨੂੰ ਪੁੱਛਣ ਲੱਗਾ 'ਤੇਰਾ ਉਸਤਾਦ ਗੁਰੂ ਕੌਣ ਹੈ ਪਾਲੀ ਜੀ?' ਤਾਂ ਪਾਲ਼ੀ ਨੇ ਭੁੱਲ ਕੇ ਕਿਹਾ ਕਿ ਮੇਰਾ ਗੁਰੂ ਤਾਂ ਕੋਈ ਨਹੀਂ ਹੈ। ਅਸਲ ਵਿਚ ਉਸ ਦਾ ਗੁਰੂ ਉਸਤਾਦ ਇੱਕ ਬਗਲਾ ਭਗਤ ਸੀ। ਪਰ ਪਾਲ਼ੀ ਇਸ ਗੱਲ ਤੋਂ ਮੁਨਕਰ ਹੋ ਗਿਆ ਤਾਂ ਬਜ਼ੁਰਗ ਵਜ਼ੀਰ ਕਹਿੰਦਾ, ' ਚੰਗਾ ਫੇਰ ਹੁਣ ਤਲਵਾਰ ਨੂੰ ਉਛਾਲ ਤੇ ਮੂੰਹ ਨਾਲ ਫੜ' ਹੁਣ ਪਾਲ਼ੀ ਉਸ ਤਲਵਾਰ ਨੂੰ ਉਛਾਲਦਾ ਹੈ ਤੇ ਫੜੀ ਨਹੀਂ ਜਾਂਦੀ, ਸਗੋਂ ਇੱਕ ਪਾਸੇ ਰਹਿ ਜਾਂਦੀ ਹੈ। ਫੇਰ ਉਹ ਦੁਬਾਰਾ ਟਰਾਈ ਕਰਦਾ ਹੈ। ਤਾਂ ਮੂੰਹ ਵਿਚ ਗਈ ਤਲਵਾਰ ਨੂੰ ਉਹ ਰੋਕ ਨਹੀਂ ਸਕਿਆ ਤਲਵਾਰ ਉਸ ਦੇ ਹਲ੍ਹਕ ਵਿਚ ਚਲੀ ਗਈ ਤੇ ਉਹ ਮਰ  ਗਿਆ। ਤਾਂ ਵਜ਼ੀਰ ਨੇ ਕਿਹਾ ਕਿ ਜਿਸ ਤੋਂ ਇਹ ਕੁੱਝ ਸਿੱਖਿਆ ਸੀ ਉਸ ਨੂੰ ਭੁੱਲ ਕੇ ਆਪਣੇ ਤੇ ਹੀ ਮਾਣ ਕਰਨ ਲੱਗ ਪਿਆ ਹੈ। ਇਸ ਕਰ ਕੇ ਇਸ ਦੇ ਉਸਤਾਦ ਤੇ ਗੁਰੂ ਨੇ ਇਸ ਦੇ ਸਿਰ ਤੋਂ ਆਪਣਾ ਹੱਥ ਚੁੱਕ ਲਿਆ ਤਾਂ ਇਸ ਦਾ ਇਹ ਹਾਲ ਹੋ ਗਿਆ ਹੈ। ਉਸਤਾਦ ਗੁਰੂ ਜੀ ਦੀ ਦਰਗਾਹ ਵਿਚ ਸੁਣੀ ਜਾਂਦੀ ਹੈ।
ਇਹ ਤਾਂ ਬਾਪੂ ਵੱਲੋਂ ਸੁਣੀ ਸੁਣਾਈ ਇੱਕ ਕਹਾਣੀ ਸੀ, ਪਰ ਅੱਜ ਦੇ ਚੇਲੇ ਛੜੱਪ ਕਰ ਕੇ ਗੁਰੂਆਂ ਨੂੰ ਕਹਿ ਦਿੰਦੇ ਹਨ ਕਿ ਤੂੰ ਕੌਣ ਹੈ ਐਰਾ ਗੈਰਾ ਨੱਥੂ ਖੈਰਾ.. ਜੋ ਕੁੱਝ ਸਿੱਖਿਆ ਹੈ ਇਹ ਮੇਰੀ ਕਾਬਲੀਅਤ ਹੈ,,, ਕੌਣ ਗੁਰੂ ਤੇ ਕੌਣ ਉਸਤਾਦ ਹੈ.. ਉਸ ਵੇਲੇ ਗੁਰੂ ਉਸਤਾਦ ਦੀ ਕੀ ਹਾਲਤ ਹੋ ਰਹੀ ਹੁੰਦੀ ਹੈ ਉਹ ਸਿਰਫ਼ ਗੁਰੂ ਹੀ ਜਾਣਦਾ ਹੈ...
ਗੁਰ ਵਿੰਗੇ ਗੁਰ ਬਾਵਰੇ, ਗੁਰ ਦੇਵਣ ਕੇ ਦੇਵ
ਜੇ ਗੁਰ ਮਿਲ ਜਾਏ ਸੰਗਤੋ ਤਾਂ ਕਰਾਂ ਗੁਰਾਂ ਕੀ ਸੇਵ
ਗੱਲ ਇਹ ਮੈਂ ਪੱਤਰਕਾਰਾਂ ਬਾਰੇ ਹੀ ਕਰਨੀ ਹੈ। ਮੇਰੀ ਇੱਕ ਪੱਤਰਕਾਰਤਾ ਪੜ੍ਹਾਉਣ ਵਾਲੇ ਅਧਿਆਪਕ ਨਾਲ ਹੋਈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੋ ਪੱਤਰਕਾਰ ਬਣ ਜਾਂਦੇ ਹਨ ਉਹ ਫੇਰ ਤੁਹਾਡੇ ਨਾਲ ਕਿਹੋ ਜਿਹਾ ਸਲੂਕ ਕਰਦੇ ਹਨ ਤਾਂ ਉਸ ਨੇ ਕਿਹਾ ਕਿ ਜ਼ਿਆਦਾਤਰ ਤਾਂ ਠੀਕ ਹੁੰਦੇ ਹਨ ਪਰ ਕਈ ਮੰਤਰੀਆਂ, ਵੱਡੇ ਲੋਕਾਂ ਨੂੰ ਸਵਾਲ ਪੁੱਛਦੇ, ਹੋਏ ਲੋਕਾਂ ਦੀਆਂ ਕਮੀਆਂ ਕੱਢਦੇ ਹੋਏ, ਆਪਣੇ ਆਲ਼ੇ ਦੁਆਲੇ ਕੁੱਝ ਅਜਿਹਾ ਸੰਸਾਰ ਸਿਰਜ ਲੈਂਦੇ ਹਨ ਕਿ ਜਿਵੇਂ ਉਹ ਰੱਬ ਬਣ ਗਏ ਹੋਣ। ਫੇਰ ਉਹ ਸਾਡੇ ਨਾਲ ਵੀ ਉਸੇ ਲਹਿਜ਼ੇ ਨਾਲ ਗੱਲ ਕਰਦੇ ਹਨ। ਕਈ ਤਾਂ ਸਾਡੇ ਵਿਚ ਗ਼ਲਤੀਆਂ ਕੱਢਦੇ ਹਨ, ਤੇ ਕਹਿੰਦੇ ਹਨ ਕਿ ਫਲਾਣੇ ਅਧਿਆਪਕ ਨੂੰ ਪੱਤਰਕਾਰਤਾ ਪੜ੍ਹਾਉਣੀ ਹੀ ਨਹੀਂ ਆਉਂਦੀ। ਉਸ ਦੀ ਪੜ੍ਹਾਈ ਨਾਲ ਥੋੜ੍ਹਾ ਅਸੀਂ ਪੱਤਰਕਾਰ ਬਣ ਗਏ ਅਸੀਂ ਤਾਂ ਸਾਡੀ ਕਾਬਲੀਅਤ ਨਾਲ ਪੱਤਰਕਾਰ ਬਣੇ ਹਾਂ। ਤਾਂ ਫੇਰ ਭਾਈ ਅਸੀਂ ਥੋੜ੍ਹਾ ਦੁਖੀ ਜ਼ਰੂਰ ਹੁੰਦੇ ਹਾਂ ਪਰ ਗੱਲ ਵਕਤ ਤੇ ਛੱਡ ਦਿੰਦੇ ਹਾਂ। ਹੁਣ ਜੇਕਰ ਸਾਨੂੰ ਸਾਡਾ ਵਿਦਿਆਰਥੀ ਹੀ ਟਿੱਚ ਸਮਝ ਰਿਹਾ ਹੈ ਤਾਂ ਫਿਰ ਅਸੀਂ ਹੋਰ ਕਰ ਵੀ ਕੀ ਸਕਦੇ ਹਾਂ। ਰੱਬ ਜਾਣੇ... ਵਕਤ ਜਾਣੇ.. ਅਸੀਂ ਕੁੱਝ ਵੀ ਨਹੀਂ ਕਹਿੰਦੇ ਪਰ ਹਾਂ ਜੇਕਰ ਉਹ ਸਾਡੇ ਕੋਲ ਕਦੇ ਆ ਜਾਂਦਾ ਹੈ ਤਾਂ ਫਿਰ ਅਸੀਂ ਉਸ ਨੂੰ ਗੱਲਾਂ ਗੱਲਾਂ ਵਿਚ ਸਮਝਾਉਂਦੇ ਹਾਂ ਪਰ ਉਹ ਜੇਕਰ ਢੀਠ ਬਣ ਜਾਂਦੇ ਹਨ ਤਾਂ ਫਿਰ ਕੋਈ ਅਸਰ ਨਹੀਂ ਹੁੰਦਾ ਪਰ ਜੇਕਰ ਕੁੱਝ ਕੁ ਵਿਦਿਆਰਥੀ ਪੁਣਾ ਉਸ ਵਿਚ ਹੁੰਦਾ ਹੈ ਤਾਂ ਫਿਰ ਉਹ ਸਮਝ ਜਾਂਦਾ ਹੈ ਤੇ ਨਵੀਂ ਤਰ੍ਹਾਂ ਦੀ ਜ਼ਿੰਦਗੀ ਸ਼ੁਰੂ ਕਰ ਲੈਂਦਾ ਹੈ। ਪਰ ਕਈ ਸਾਰੇ ਪੱਤਰਕਾਰ ਬਣੇ ਸਾਨੂੰ ਟਿੱਚ ਸਮਝਣ ਵਾਲੇ ਰੁਲ ਜਾਂਦੇ ਹਨ ਉਹ ਪੱਤਰਕਾਰੀ ਛੱਡ ਕੇ ਹੋਰ ਬਿਜ਼ਨੈੱਸ ਵਪਾਰਾਂ ਵਿਚ ਪੈ ਜਾਂਦੇ ਹਨ। ਜਾਂ ਫਿਰ ਪੱਤਰਕਾਰੀ ਨੂੰ ਸਿਰਫ਼ ਵਰਤਦੇ ਹਨ। ਪਰ ਪੱਤਰਕਾਰਤਾ ਉਨ੍ਹਾਂ ਵਿਚ ਮਨਫ਼ੀ ਹੋ ਗਈ ਹੁੰਦੀ ਹੈ। ਕੋਈ ਨਾ ਕੋਈ ਥੋੜ੍ਹਾ ਮੋਟਾ ਟੀ ਵੀ ਚੈਨਲ ਜਾਂ ਫਿਰ ਅਖ਼ਬਾਰ ਫੜ ਲੈਂਦੇ ਹਨ ਤੇ ਫਿਰ ਉਹ ਉਸ ਦੇ ਸਹਾਰੇ ਹੀ ਜ਼ਿੰਦਗੀ ਕੱਟਦੇ ਹਨ ਤੇ ਪੱਤਰਕਾਰਤਾ ਦਾ ਨਾਸ ਕਰਦੇ ਹਨ।
ਮੈਂ ਵੀ ਉਸ ਅਧਿਆਪਕ ਨੂੰ ਇੱਕ ਗੱਲ ਸੁਣਾਈ। ਕਿ ਮੈਂ ਚੜ੍ਹਦੀਕਲਾ ਵਿਚ ਸਬ ਐਡੀਟਰ ਲੱਗਾ ਸੀ, ਮੈਂ ਬੈਠਾ ਹੀ ਸੀ ਕਿ ਮੇਰੇ ਕੋਲ ਪਤਾ ਨਹੀਂ ਕਿਵੇਂ ਰਿਸੈੱਪਸ਼ਨ ਤੋਂ ਹੁੰਦਾ ਹੋਇਆ ਇੱਕ ਸਾਧਾਰਨ ਜਿਹਾ ਮੁੰਡਾ ਪੁੱਜਾ, ਉਸ ਦੇ ਕੱਪੜਿਆਂ ਤੇ ਰੰਗ ਜਿਹਾ ਲੱਗਾ ਸੀ। ਪਰ ਤਕੜੇ ਜੁੱਸੇ ਵਾਲਾ ਸੀ। ਸਰਦਾਰ ਉਂਜ ਹੀ ਦਾੜ੍ਹੀ ਵਿਚ ਚੰਗੇ ਲੱਗਦੇ ਹਨ ਪਰ ਉਸ ਦਾ ਚਿਹਰਾ ਸਰਦਾਰਾਂ ਵਰਗਾ ਨਹੀਂ ਸਗੋਂ ਵਿਚਾਰਾ ਜਿਹਾ ਲੱਗ ਰਿਹਾ ਸੀ। ਪਰ ਹੈ ਤਾਂ ਉਹ ਸਰਦਾਰ ਹੀ ਸੀ, ਪਗੜੀ ਸੋਹਣੀ ਸੱਜ ਰਹੀ ਸੀ, ਉਸ ਦੇ ਤਕੜੇ ਜੁੱਸੇ ਤੇ ਸਧਾਰਨਪੁਣੇ ਨੇ ਮੈਨੂੰ ਕਾਫ਼ੀ ਪ੍ਰਭਾਵਿਤ ਕੀਤਾ ਸੀ । ਚੜ੍ਹਦੀਕਲਾ ਅਖ਼ਬਾਰ ਦਾ ਦਫ਼ਤਰ ਪਹਿਲਾਂ ਪ੍ਰੈੱਸ ਰੋਡ ਤੇ ਹੁੰਦਾ ਸੀ, ਬਾਅਦ ਵਿਚ ਬਦਲ ਕੇ ਉਹ ਰਾਜਪੁਰਾ ਰੋਡ ਤੇ ਐਸਐਸਟੀ ਨਗਰ ਵਿਚ ਗਿਆ ਸੀ। ਉਸ ਸਾਧਾਰਨ ਪਰ ਚੰਗੇ ਜੁੱਸੇ ਪਰ ਸਾਧਾਰਨ ਜਿਹੇ ਲੱਗ ਰਹੇ ਮੁੰਡੇ ਨੇ ਕੋਈ ਨਿੱਕਾ ਜਿਹਾ ਇਸ਼ਤਿਹਾਰ ਦੇਣਾ ਸੀ, ਇਸ ਬਹਾਨੇ ਉਹ ਮੇਰੇ ਨਾਲ ਕੁੱਝ ਗੱਲਾਂ ਕਰਨ ਲੱਗ ਪਿਆ, ਉਸ ਵੇਲੇ ਖ਼ਬਰਾਂ ਫੈਕਸ ਰਾਹੀਂ ਜਾਂ ਫਿਰ ਟੈਲੀਪ੍ਰਿੰਟਰ ਰਾਹੀਂ ਆਉਂਦੀਆਂ ਸਨ ਟੈਲੀਪ੍ਰਿੰਟਰ ਦੀਆਂ ਖ਼ਬਰਾਂ ਤੇ ਡਿਊਟੀ ਦਰਸ਼ਨ ਦਰਸ਼ਕ ਹੋਰਾਂ ਤੇ ਉਨ੍ਹਾਂ ਨਾਲ ਕੰਮ ਕਰਦੀ ਟੀਮ ਦੀ ਹੁੰਦੀ ਸੀ। ਪਰ ਮੇਰਾ ਕੰਮ ਫੈਕਸ ਤੇ ਆਉਣ ਵਾਲੀਆਂ ਖ਼ਬਰਾਂ ਨੂੰ ਸਹੀ ਪੇਜ ਤੇ ਲਵਾਉਣਾ ਹੁੰਦਾ ਸੀ। ਮੈਂ ਐਡਿਟ ਕਰਦਾ ਤੇ ਕੰਪਿਊਟਰ ਰੂਮ ਵਿਚ ਖ਼ਬਰਾਂ ਦੇ ਦਿੰਦਾ, ਮੇਰੇ ਕੋਲ ਉਸ ਦਿਨ ਥੋੜ੍ਹਾ ਸਮਾਂ ਗਲ ਕਰਨ ਦਾ ਬਚਿਆ ਸੀ। ਮੇਰੇ ਕੋਲ ਉਹ ਸਾਧਾਰਨ ਜਿਹਾ ਮੁੰਡਾ ਬੈਠ ਕੇ ਅਖ਼ਬਾਰ ਬਾਰੇ ਗੱਲਾਂ ਕਰਨ ਲੱਗ ਪਿਆ, ਉਸ ਦੀ ਜਗਿਆਸਾ ਨੂੰ ਵੇਖ ਮੈਂ ਉਸ ਨਾਲ ਗੱਲਾਂ ਕਰ ਰਿਹਾ ਸਾਂ, ਉਸ ਦਾ ਇਸ ਸਵਾਲ ਇਹ ਹੋਇਆ ਕਿ ' ਕੀ ਮੈਂ ਵੀ ਪੱਤਰਕਾਰ ਬਣ ਸਕਦਾ ਹਾਂ..., ' ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਅੱਜ ਕੱਲ੍ਹ ਕੀ ਕਰਦੇ ਹੋ? ਤਾਂ ਉਸ ਨੇ ਕਿਹਾ ਮੈਂ ਪੇਂਟਿੰਗ ਦਾ ਕੰਮ ਕਰਦਾ ਹਾਂ, ਬਾਕੀ ਮੈਂ ਉਸ ਨੂੰ ਕੋਈ ਬਹੁਤਾ ਨਹੀਂ ਪੁੱਛਿਆ, ਮੈਂ ਕਿਹਾ ਅੱਜ ਮੇਰਾ ਸਮਾਂ ਹੁਣ ਬਿਜ਼ੀ ਹੋ ਗਿਆ ਹੈ ਤੁਸੀਂ ਕੱਲ੍ਹ ਇਸੇ ਵੇਲੇ ਆ ਜਾਣਾ।
ਸਵੇਰੇ ਉਹ ਸਰਦਾਰ ਮੁੰਡਾ ਮੇਰੇ ਕੋਲ ਉਸੇ ਵੇਲੇ ਫੇਰ ਆ ਗਿਆ। ਅੱਜ ਉਸ ਦਾ ਚਿਹਰਾ ਕੁੱਝ ਖਿੜਿਆ ਸੀ, ਮੈਂ ਉਸ ਦੀ ਜਗਿਆਸਾ ਦੇਖ ਕੇ ਉਸ ਦੀ ਸਹਾਇਤਾ ਕਰਨ ਬਾਰੇ ਮਨ ਬਣਾ ਗਿਆ ਸੀ, ਮੈਂ ਦਰਸ਼ਨ ਦਰਸ਼ਕ ਨਾਲ ਗੱਲ ਕਰ ਲਈ ਤੇ ਉਨ੍ਹਾਂ ਮੁੱਖ ਸੰਪਾਦਕ ਜਗਜੀਤ ਸਿੰਘ ਦਰਦੀ ਨਾਲ ਗੱਲ ਕਰਨ ਲਈ ਕਹਿ ਦਿੱਤਾ ਸੀ। ਮੈਂ ਸ. ਦਰਦੀ ਸਾਹਿਬ ਨਾਲ ਗੱਲ ਕੀਤੀ, ਸ. ਦਰਦੀ ਇਸ ਗੱਲ  ਨੂੰ ਚੰਗੇ ਸੁਭਾਅ ਦੇ ਮਾਲਕ ਹਨ ਉਨ੍ਹਾਂ ਉਸ ਸਰਦਾਰ ਮੁੰਡੇ ਨੂੰ ਪੱਤਰਕਾਰ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਉਹ ਸਰਦਾਰ ਮੁੰਡਾ ਪੱਤਰਕਾਰ ਤਾਂ ਬਣ ਗਿਆ। ਪਰ ਉਸ ਨੂੰ ਲਿਖਣਾ ਨਹੀਂ ਆਉਂਦਾ ਸੀ, ਮੇਰੇ ਲਈ ਇਹ ਹੋਰ ਸਮੱਸਿਆ ਬਣ ਗਈ। ਉਸ ਦੀ ਪੰਜਾਬੀ ਟੁੱਟੀ ਫੁੱਟੀ ਸੀ, ਪਰ ਉਸ ਵਿਚ ਮੈਨੂੰ ਇੱਕ ਪੱਤਰਕਾਰ ਨਜ਼ਰ ਤਾਂ ਆ ਹੀ ਰਿਹਾ ਸੀ। ਉਹ ਰੋਜ਼ਾਨਾ ਸ਼ਾਮ ਨੂੰ ਮੇਰੇ ਕੋਲ ਆਉਂਦਾ ਤੇ ਕੁੱਝ ਖ਼ਬਰਾਂ ਬਾਰੇ ਦੱਸਦਾ, ਉਸ ਵਿਚ ਪੱਤਰਕਾਰ ਬਣਨ ਦੇ ਗੁਣ ਸਨ। ਮੈਂ ਉਸ ਵੱਲੋਂ ਲਿਆਂਦੀ ਜਾਣਕਾਰੀ ਦੀ ਖ਼ਬਰ ਬਣਾ ਦਿੰਦਾ ਤੇ ਉਸ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਲੱਗ ਪਈਆਂ। ਫੇਰ ਚੜ੍ਹਦੀਕਲਾ ਦਾ ਦਫ਼ਤਰ ਰਾਜਪੁਰਾ ਰੋਡ ਤੇ ਚਲਾ ਗਿਆ। ਉੱਥੇ ਕੁੱਝ ਸਮਾਂ ਮੇਰੀ ਡਿਊਟੀ ਸਿਟੀ ਇੰਚਾਰਜ ਵਜੋਂ ਲਾ ਦਿੱਤੀ ਗਈ। ਇਸ ਦਾ ਉਸ ਸਰਦਾਰ ਮੁੰਡੇ ਨੂੰ ਬਹੁਤ ਲਾਭ ਹੋਇਆ। ਉਹ ਦਿਨ ਵਿਚ ਖ਼ਬਰ ਦੀ ਜਾਣਕਾਰੀ ਨੋਟ ਕਰ ਲਿਆਉਂਦਾ ਦੇ ਮੇਰੇ ਕੋਲ ਆ ਜਾਂਦਾ, ਮੈਂ ਉਸ ਨੂੰ ਖ਼ਬਰ ਲਿਖਣ ਲਈ ਕਹਿੰਦਾ, ਉਹ ਖ਼ਬਰ ਲਿਖਦਾ, ਖ਼ਬਰ ਲਿਖੀ ਵਿਚ ਜੋ ਵੀ ਗ਼ਲਤੀਆਂ ਹੁੰਦੀਆਂ ਤਾਂ ਉਹ ਗ਼ਲਤੀਆਂ ਦਾ ਉਸ ਨੂੰ ਪੁਰਾ ਵੇਰਵਾ ਦੱਸਿਆ ਜਾਂਦਾ, ਮੈਨੂੰ ਵੀ ਚੰਗਾ ਲੱਗ ਰਿਹਾ ਸੀ, ਕਿਉਂਕਿ ਉਹ ਸਰਦਾਰ ਮੁੰਡਾ ਇਸ ਸਬੰਧ ਵਿਚ ਬੜਾ ਹੀ ਮਿਹਨਤੀ ਤੇ ਬੜਾ ਹੀ ਖ਼ੋਜੀ ਕਿਸਮ ਦਾ ਪੱਤਰਕਾਰ ਸੀ, ਮੈਨੂੰ ਉਸ ਅੱਗੇ ਕਈ ਡਿਗਰੀਆਂ ਵਾਲੇ ਪੱਤਰਕਾਰਾਂ ਦੀ ਯਾਦ ਵੀ ਆ ਰਹੀ ਸੀ। ਹੌਲੀ ਹੌਲੀ ਉਹ ਪੱਤਰਕਾਰੀ ਦੇ ਗੁਰ ਜਾਣ ਗਿਆ, ਪਰ ਲਿਖਣਾ ਉਸ ਨੂੰ ਕਾਫ਼ੀ ਸਮੇਂ ਬਾਅਦ ਆਇਆ, ਬਹੁਤ ਬਹੁਤ ਹੋਲੀ ਹੋਲੀ ਲਿਖਦਾ ਸੀ ਉਹ ਖ਼ਬਰਾਂ , ਪਰ ਲਿਖਣ ਲੱਗ ਪਿਆ ਸੀ। ਮੈਨੂੰ ਵੀ ਇਸ ਕਰ ਕੇ ਖ਼ੁਸ਼ੀ ਹੁੰਦੀ ਸੀ ਕਿ ਚਲੋ ਕੋਈ ਮਿਹਨਤੀ ਬੱਚਾ ਹੈ ਸਿੱਖ ਰਿਹਾ ਹੈ ਮੇਰਾ ਕੀ ਜਾਂਦਾ ਹੈ। ਇੱਕ ਗੱਲ ਹੋਰ ਵੀ ਹੋਈ ਕਿ ਇਹ ਮੈਨੂੰ ਆਪਣਾ ਗੁਰੂ ਉਸਤਾਦ ਕਹਿਣ ਲੱਗ ਪਿਆ, ਹੁਣ ਵੀਰੋ ਮੈਂ ਤਾਂ ਆਪ ਵਿਦਿਆਰਥੀ ਸੀ ਤੇ ਗੁਰੂ ਚੇਲਾ ਕਹਾਉਣ ਦੀ ਗੱਲ ਓਪਰੀ ਜਿਹੀ ਲੱਗਦੀ ਸੀ। ਪਰ ਉਹ ਮੇਰੇ ਰੋਕਣ ਤੇ ਬਾਵਜੂਦ ਵੀ ਕਹਿ ਹੀ ਦਿੰਦਾ ਸੀ।
ਇਹ ਕਹਾਣੀ ਪੂਰੀ ਤਾਂ ਕਦੇ ਫੇਰ ਸਾਂਝੀ ਕਰਾਂਗੇ ਪਰ ਇਹ ਉਹੀ ਸੰਦਰਭ ਹੈ ਕਿ ਉਸ ਸਰਦਾਰ ਮੁੰਡੇ ਦੇ ਪੱਤਰਕਾਰੀ ਠਾਹ ਕਰ ਕੇ ਲੱਗੀ, ਹੁਣ ਉਹ ਵਿਚਾਰਾ ਨਹੀਂ ਸੀ, ਉਹ ਵੱਡੇ ਵੱਡੇ ਕੰਮ ਕਰਨ ਲੱਗ ਪਿਆ ਸੀ, ਚੰਗੀਆਂ ਖ਼ਬਰਾਂ ਵੀ ਕਰਨ ਲੱਗ ਪਿਆ ਸੀ, ਮੇਰੇ ਨਾਲ ਉਸ ਦਾ ਪਿਆਰ ਕਾਫ਼ੀ ਸੀ ਪਰ ਕੁੱਝ ਕਾਰਨਾਂ ਕਰ ਕੇ ਮੇਰੇ ਉਸ ਨਾਲ ਮਤਭੇਦ ਹੋ ਗਏ (ਕਾਰਨ ਫੇਰ ਸਾਂਝੇ ਕਰਾਂਗੇ), ਚਲੋ ਕੰਮ ਕਰਦਾ ਸੀ ਤੇ ਕਰੀ ਜਾਵੇ ਮੈਂ ਉਸ ਤੋਂ ਕੀ ਲੈਣਾ ਸੀ, ਉਹ ਚਲਾਕੀਆਂ ਕਰਨ ਲੱਗ ਪਿਆ ਸੀ। ਉਹ ਲੀਡਰਾਂ ਨਾਲ ਗੱਲਾਂ ਕਰਦਾ, ਜ਼ਿਲ੍ਹਾ ਪ੍ਰਸ਼ਾਸਨ , ਪੁਲਸ ਪ੍ਰਸ਼ਾਸਨ ਨਾਲ ਤੇ ਵੱਡੇ ਵੱਡੇ ਲੋਕਾਂ ਨਾਲ ਮਿਲਦਾ ਸੀ, ਮਿਲਣਾ ਚਾਹੀਦਾ ਵੀ ਹੈ, ਕਿਉਂਕਿ ਪੱਤਰਕਾਰ ਦਾ ਕੰਮ ਹੀ ਹੁੰਦਾ ਹੈ। ਉਸ ਨੂੰ ਵੀ ਪੱਤਰਕਾਰੀ ਵਾਲੇ ਖੰਭ ਲੱਗ ਗਏ ਸਨ, ਚਲੋ ਕੀ ਫ਼ਰਕ ਪੈਂਦਾ ਹੈ ਪੱਤਰਕਾਰੀ ਦੇ ਖੰਭ ਤਾਂ ਪੱਤਰਕਾਰ ਨੂੰ ਹੀ ਲੱਗਣੇ ਚਾਹੀਦੇ ਹਨ। ਹੁਣ ਉਹ ਖ਼ੁਦ ਮੁਖਤਾਰ ਸੀ, ਉਸ ਨੂੰ ਮੇਰੀ ਕੋਈ ਲੋੜ ਨਹੀਂ ਸੀ, ਇੱਕ ਵਾਰੀ ਮੇਰੀ ਲੋੜ ਪਈ ਸੀ ਤਾਂ ਮੈਂ ਬਿਨਾਂ ਕੋਈ ਹੀਲ  ਹੁੱਜਤ ਉਸ ਦੀ ਮਦਦ ਕੀਤੀ ਸੀ, ਜਦੋਂ ਮੈਂ ਉਸ ਦੀ ਮਦਦ ਕੀਤੀ ਸੀ ਤਾਂ ਉਸ ਦੇ ਮੂੰਹੋਂ ਗੁਰੂ ਜੀ ਉਸਤਾਦ ਦੀ ਅਲਫਾਜ਼ ਨਿਕਲਣੇ ਬੰਦ ਨਹੀਂ ਹੋ ਰਹੇ ਸਨ ਪਰ ਮੈਂ ਉਸ ਨੂੰ ਇਸ ਅਲਫਾਜ ਲਈ ਹਮੇਸ਼ਾ ਰੋਕਦਾ ਰਿਹਾ ਸੀ। ਉਹ ਫੇਰ ਆਪ ਮੁਹਾਰਾ ਹੋ ਗਿਆ, ਕੁੱਝ ਅਜਿਹੇ ਲੋਕਾਂ ਨਾਲ ਉਸ ਦਾ ਵਾਹ ਵਾਸਤਾ ਪਿਆ ਸੀ ਕਿ ਉਹ ਆਪ ਮੁਹਾਰਾ ਹੋ ਗਿਆ ਸੀ। ਇੱਕ ਵਾਰ ਫੇਰ ਉਸ ਦਾ ਕੋਈ ਪੱਤਰਕਾਰੀ ਵਿਚ ਪੰਗਾ ਪੈ ਗਿਆ। ਫੇਰ ਉਸ ਨਾਲ ਕੁੱਝ ਬੰਦੇ ਗ਼ਲਤ ਵਿਵਹਾਰ ਕਰ ਰਹੇ ਸਨ, ਮੈਂ ਉਸ ਨੂੰ ਛੱਡ ਚੁੱਕਾ ਸੀ ਪਰ ਉਸ ਦਿਨ ਫੇਰ ਮੇਰੇ ਮਨ ਵਿਚ ਤਰਸ ਆਇਆ ਤੇ ਮੈਂ ਉਸ ਦੀ ਫੇਰ ਮਦਦ ਕੀਤੀ। ਚਲੋ ਕੋਈ ਗੱਲ ਨਹੀਂ ਗੁਮਰਾਹ ਹੋ ਗਿਆ ਹੈ, ਠੀਕ ਵੀ ਹੋ ਜਾਏਗਾ। ਪਰ ਵਕਤ ਗੁਜ਼ਰਦਾ ਗਿਆ ਫੇਰ ਉਹ ਪੱਤਰਕਾਰ ਤਾਂ ਇੰਜ ਹੀ ਰਿਹਾ ਪਰ ਉਸ ਦੇ ਅੰਦਰ ਵੱਡਾ ਪੱਤਰਕਾਰ ਬਣਨ ਦੀ ਭਾਵਨਾ ਆ ਗਈ ਸੀ। ਸਾਡਾ ਫੇਰ ਇੱਕ ਵਾਰੀ ਮਿਲਨ ਹੋਇਆ। ਮੈਂ ਟਾਈਪ ਕਰ ਲੈਂਦਾ ਹਾਂ, ਮੇਰੇ ਕੋਲ ਲੈਪਟਾਪ ਹੈ ਤੇ ਮੈਂ ਜੋ ਅਰਜ਼ੀ ਕਿਤੇ ਦੇਣੀ ਸੀ ਉਹ ਟਾਈਪ ਕਰ ਦਿੱਤੀ, ਪਰ ਹੁਣ ਉਹ ਸਰਦਾਰ ਮੁੰਡਾ ਪੱਤਰਕਾਰ ਮੇਰੀ ਲਿਖੀ ਅਰਜ਼ੀ ਨੂੰ ਸੋਧ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਇਹ ਗ਼ਲਤ ਹੈ, ਇਹ ਕੱਟ ਦਿਓ, ਇਹ ਗ਼ਲਤ ਹੈ ਇਹ ਕੱਟ ਦਿਓ, ਮੈਂ ਮਜ਼ਾਕ ਵਿਚ ਕਿਹਾ ਕਿ ਮੈਂ ਯਾਰ ਚਾਰ ਕਿਤਾਬਾਂ ਛਪਾ ਚੁੱਕਿਆ ਹਾਂ, ਤੇ ਚਾਰ ਲਿਖ ਰਿਹਾ ਹਾਂ, ਤੂੰ ਤਾਂ ਮੈਨੂੰ ਆਪਣਾ ਗੁਰੂ ਉਸਤਾਦ ਕਹਿੰਦਾ ਸੀ, ਇਹ ਅੱਜ ਮੇਰੀ ਲਿਖੀ ਹੋਈ ਅਰਜ਼ੀ ਵਿਚ ਤੂੰ ਗ਼ਲਤੀਆਂ ਕੱਢ ਰਿਹਾ ਹੈਂ... ਮੈਨੂੰ ਬੜਾ ਚੰਗਾ ਲੱਗ ਰਿਹਾ ਹੈ। ਕਿ ਭਾਈ ਹੁਣ ਤੂੰ ਵੱਡਾ ਬੰਦਾ ਹੋ ਗਿਆ ਹੈਂ ਜੋ ਮੇਰੀਆਂ ਗ਼ਲਤੀਆਂ ਕੱਢ ਰਿਹਾ ਹੈਂ, ਜਿਸ ਨੂੰ ਤੂੰ (ਮੇਰੇ ਨਾ ਕਹਿਣ ਦੇ ਬਾਵਜੂਦ) ਉਸਤਾਦ ਸਮਝਦਾ ਸੀ, ਤਾਂ ਇਸ ਤੇ ਉਸ ਵੱਲੋਂ ਜੋ ਮੈਨੂੰ ਕਿਹਾ ਗਿਆ ਉਹ ਮੇਰੇ ਤਾਂ ਕੀ ਤੁਹਾਡੇ ਵੀ ਹੋਸ਼ ਗੁੰਮ ਕਰੇਗਾ।
'' ਕਿਹੜਾ ਉਸਤਾਦ? ਤੂੰ ਮੇਰਾ ਉਸਤਾਦ ਗੁਰੂ ਕਿਵੇਂ ਹੋਇਆ, ਇਹ ਤਾਂ ਮੈਂ ਖ਼ੁਦ ਆਪਣੀ ਮਿਹਨਤ ਨਾਲ ਸਿੱਖਿਆ ਹਾਂ, ਨਾਲੇ ਜੋ ਤੂੰ ਮੈਨੂੰ ਆਪਣਾ ਉਸਤਾਦ ਕਹਿਣ ਦੀ ਗੱਲ ਕਰ ਰਿਹਾ ਹੈਂ.. ਤਾਂ ਰੱਬ ਦੇਖਦਾ ਹੈ, ਤੇਰਾ ਹੰਕਾਰ ਰੱਬ ਤੋੜ ਦੇਵੇਗਾ ਜ਼ਰੂਰ, ਉਸ ਰੱਬ ਤੋਂ ਡਰ... ਤੂੰ ਮੇਰਾ ਕਦੇ ਉਸਤਾਦ ਨਹੀਂ ਸੀ, .. ਨਾ ਹੀ ਮੈਂ ਤੈਨੂੰ ਆਪਣਾ ਉਸਤਾਦ ਮੰਨਿਆ ਹੈ''
ਦੋਸਤੋ ਇਹ ਸੁਣ ਕੇ ਮੈਂ ਤਾਂ ਸੁੰਨ ਹੀ ਹੋ ਗਿਆ। ਇਸ ਕਰ ਕੇ ਨਹੀਂ ਕਿ ਉਹ ਮੇਰੇ ਨਾਲ ਕਿਸ ਲਹਿਜ਼ੇ ਵਿਚ ਗੱਲ ਕਰ ਰਿਹਾ ਸੀ ਪਰ ਇਸ ਕਰ ਕੇ ਇਹ ਸਰਦਾਰ ਮੁੰਡਾ ਆਪਣਾ ਅਤੀਤ ਭੁੱਲ ਗਿਆ ਹੈ, ਮੇਰੇ ਝੱਟ ਰਸੂਲ ਹਮਜ਼ਾਤੋਵ ਵਾਲੀ 'ਮੇਰਾ ਦਾਗ਼ਿਸਤਾਨ' ਕਿਤਾਬ ਵਿਚ ਕੀਤੀ ਟਿੱਪਣੀ ਯਾਦ ਆ ਗਈ।
'ਜੋ ਆਪਣੇ ਅਤੀਤ ਨੂੰ ਭੁੱਲ ਜਾਂਦੇ ਹਨ ਉਨ੍ਹਾਂ ਨੂੰ ਭਵਿੱਖ ਤੋਪ ਨਾਲ ਫੁੰਡੇਗਾ'
ਤੇ ਮੈਂ ਇਸ ਸਬੰਧ ਵਿਚ ਪੱਤਰਕਾਰਤਾ ਪੜ੍ਹਾ ਰਹੇ ਪੋ੍ਫੇਸਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪੱਤਰਕਾਰ ਆਮ ਕਰਦੇ ਹਨ।ਸਾਨੂੰ ਟਿੱਚ ਸਮਝਦੇ ਹਨ। ਉਨ੍ਹਾਂ ਕਿਹਾ ਕਿ ਪੱਤਰਕਾਰ ਕੋਲ ਕੁੱਝ ਤਾਕਤਾਂ ਆ ਜਾਂਦੀਆਂ ਹਨ, ਉਹ ਜੇਕਰ ਪੱਤਰਕਾਰ ਜਜ਼ਬ ਕਰਨ ਵਿਚ ਕਾਮਯਾਬ ਹੋ ਜਾਵੇ ਤਾਂ ਸਮਝੋ ਜ਼ਿੰਦਗੀ ਸਫਲ ਹੋਈ, ਪਰ ਜੇਕਰ ਭਟਕ ਜਾਵੇ ਤਾਂ ਸਮਝੋ ਉਹ ਪੱਤਰਕਾਰ ਕੁੱਝ ਦਿਨਾਂ ਦਾ ਹੀ ਪ੍ਰੋਹਣਾ ਹੈ। ਉਹ ਪੱਤਰਕਾਰੀ ਤਾਂ ਕਰਦਾ ਨਜ਼ਰ ਆਵੇਗਾ ਪਰ ਅਸਲ ਵਿਚ ਉਹ ਪੱਤਰਕਾਰ ਦੇ ਸਾਰੇ ਆਦਰਸ਼ਾਂ ਦਾ ਘਾਣ ਕਰ ਰਿਹਾ ਹੋਵੇਗਾ। ਕਿਹਾ ਜਾਂਦਾ ਹੈ ਕਿ ''ਨੰਗੀ ਔਰਤ, ਖੁੱਲ੍ਹੀ ਦੌਲਤ ਤੇ ਅਚਾਨਕ ਅਣਕਿਆਸੀ ਮਿਲੀ ਤਾਕਤ ਬੰਦੇ ਦਾ ਦਿਮਾਗ਼ ਖ਼ਰਾਬ ਕਰ ਦਿੰਦੀ ਹੈ ਪਰ ਜੇਕਰ ਇਨ੍ਹਾਂ ਹਾਲਤਾਂ ਵਿਚ ਵੀ ਬੰਦਾ ਸਥਿਰ ਰਹਿੰਦਾ ਹੈ ਤਾਂ ਉਹ ਅਸਲੀ ਮਰਦ ਦਾ ਬੱਚਾ ਹੈ''
ਇਹ ਜਰੂਰੀ ਨਹੀਂ ਕਿ ਮੈਂ ਇਸ ਕਹਾਣੀ ਨਾਲ ਕਿਸੇ ਦੀ ਵਿਰੋਧਤਾ ਕਰ ਰਿਹਾ ਹਾਂ, ਜੇਕਰ ਮੈਂ ਕਿਸੇ ਦੀ ਵਿਰੋਧਤਾ ਕਰਦਾ ਤਾਂ ਪੂਰਾ ਨਾਮ ਲਿਖ ਕੇ ਹੀ ਕਰਦਾ, ਮੈਂ ਤਾਂ ਸਮਾਜ ਪੱਤਰਕਾਰਾਂ ਵਿਚ ਆਉਂਦੀ ਆਹੁਮੇਂ ਕਾਰਨ ਉਨ੍ਹਾਂ ਅੰਦਰੋਂ ਨਿਕਲਦੀ ਇਨਸਾਨੀਅਤ ਦੀ ਗੱਲ ਕਰ ਰਿਹਾ ਹਾਂ, ਇਸ ਵਿਚ ਇਹ ਵੀ ਜਰੂਰੀ ਨਹੀਂ ਕਿ ਮੈਂ ਵੀ ਸਹੀ ਹੋਵਾਂ, ਮੈਂ ਵੀ ਗਲਤ ਹੋ ਸਕਦਾ ਹਾਂ, ਪਰ ਇਹ ਵਿਸ਼ਾ ਲਿਖਣਾ ਜਰੂਰੀ ਸੀ। ਨਹੀਂ ਤਾਂ ਅਜੋਕਾ ਪੱਤਰਕਾਰ ਸਮਾਜ ਵਲੋਂ ਉਸ ਨੂੰ ਦਿਤੀ ਜਾ ਰਹੀ ਸਾਰੀ ਤਰ੍ਹਾਂ ਦੀ ਦੇਣ ਨੂੰ ਭੁੱਲ ਜਾਵੇਗਾ.... ਪੱਤਰਕਾਰ ਵੀ ਸਮਾਜ ਦਾ ਅੰਗ ਹਨ.. ਉਨ੍ਹਾਂ ਨੂੰ ਵੀ ਸਮਾਜਕ ਕਦਰਾਂ ਕੀਮਤਾਂ ਨਿਭਾਉਣੀਆਂ ਚਾਹੀਦੀਆਂ ਹਨ। ਭਾਵੇ ਮੈਂ ਵੀ ਹੋਵਾਂ ... ਮੈਨੂੰ ਵੀ ...
(.....ਬਾਕੀ ਅਗਲੀ ਕਿਸਤ ਵਿਚ)
ਗੁਰਨਾਮ ਸਿੰਘ ਅਕੀਦਾ
8146001100

No comments:

Post a Comment