Tuesday, December 08, 2015

ਅੰਮ੍ਰਿਤਸਰ ਵਿਚ ਸਿੱਖ ਰਾਜ ਲਈ ਕੰਮ ਕਰਨ ਵਾਲੀਆਂ ਹਸਤੀਆਂ ਦੇ ਲੱਗਣਗੇ ਬੁੱਤ

ਪੰਜਾਬੀ ਯੂਨੀਵਰਸਿਟੀ ਵਿੱਚ ਵੀ ਸੀ ਦੀ ਪ੍ਰਧਾਨਗੀ ਹੇਠ ਕਮੇਟੀ ਦੀ ਹੋਈ ਮੀਟਿੰਗ
ਮਹਾਰਾਜਾ ਰਣਜੀਤ ਸਿੰਘ ਸਮੇਤ 14 ਨਾਵਾਂ ਵਿਚ 6 ਸਿੱਖ, 4 ਅੰਗਰੇਜ਼, 2-2 ਹਿੰਦੂ ਤੇ ਮੁਸਲਮਾਨ ਹਸਤੀਆਂ ਦੇ ਨਾਵਾਂ ਦੀ ਸਿਫ਼ਾਰਸ਼
ਗੁਰਨਾਮ ਸਿੰਘ ਅਕੀਦਾ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਮੁੱਖ ਦੁਆਰ ਦੇ ਕੋਲ ਅਤੇ ਅੰਮ੍ਰਿਤਸਰ ਦੇ ਵੱਖ ਵੱਖ ਚੌਂਕਾਂ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਕੁੱਝ ਅੰਗਰੇਜ਼ਾਂ, ਮੁਸਲਮਾਨਾਂ ਤੇ ਹੋਰ ਸਿੱਖ ਹਸਤੀਆਂ ਦੇ 14 ਬੁੱਤ ਲਗਾਉਣ ਦੀ ਤਿਆਰੀ ਜੋਰਾ  ਨਾਲ ਚਲ ਰਹੀ ਹੈ, ਇਨ੍ਹਾਂ ਵਿਚ 6 ਸਿੱਖਾਂ ਦੇ, 4 ਅੰਗਰੇਜ਼ਾਂ ਦੇ, 2 ਮੁਸਲਮਾਨਾਂ ਦੇ ਅਤੇ 2 ਹਿੰਦੂਆਂ ਦੇ ਬੁੱਤ ਲਗਾਏ ਜਾ ਰਹੇ ਹਨ। ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਬਣਾਈ ਕਮੇਟੀ ਦੀ ਮੀਟਿੰਗ 7 ਦਸੰਬਰ 2015 ਨੂੰ ਪੰਜਾਬੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਇਤਿਹਾਸਕਾਰ ਡਾ. ਇੰਦੁ ਬੰਗਾ, ਪ੍ਰਿਥੀਪਾਲ ਸਿੰਘ ਕਪੂਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਅਤੇ ਸ਼੍ਰੋਮਣੀ ਕਮੇਟੀ ਦੇ ਐਜੂਕੇਸ਼ਨ ਡਾਇਰੈਕਟਰ ਡਾ. ਧਰਮਿੰਦਰ ਸਿੰਘ ਊਭਾ, ਪੁਰਾਤਤਵ ਤੇ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਨਵਜੋਤ ਪਾਲ ਸਿੰਘ ਰੰਧਾਵਾ ਸ਼ਾਮਲ ਹੋਏ।
ਵਾਈਸ ਚਾਂਸਲਰ ਦੇ ਦਫ਼ਤਰ ਵਿਚ ਲੰਬਾ ਸਮਾਂ ਚਲੀ ਮੀਟਿੰਗ ਵਿਚ ਰੱਖੇ ਗਏ ਏਜੰਡੇ ਵਿਚ 30 ਨਾਵਾਂ ਵਿਚੋਂ 14 ਨਾਵਾਂ ਦੀ ਚਰਚਾ ਕੀਤੀ ਗਈ। ਜਿਨ੍ਹਾਂ ਦੇ ਬੁੱਤ ਦਰਬਾਰ ਸਾਹਿਬ ਦੇ ਮੁੱਖ ਦੁਆਰ ਦੇ ਕੋਲ ਅਤੇ ਅੰਮ੍ਰਿਤਸਰ ਦੇ ਚੌਂਕਾਂ ਵਿਚ ਲਾਏ ਜਾਣੇ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਨਾਵਾਂ ਵਿਚ ਮਹਾਰਾਜਾ ਰਣਜੀਤ ਸਿੰਘ, ਫਰੈਚ ਜਨਰਲ, ਮਹਾਰਾਜਾ ਸ਼ੇਰ ਸਿੰਘ, ਸਰਦਾਰ ਹਰੀ ਸਿੰਘ ਨਲਵਾ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਅਕਾਲੀ ਫੂਲਾ ਸਿੰਘ, ਫਕੀਰ ਅਜ਼ੀਜ਼ੂਦੀਨ, ਜਨਰਲ ਦੀਵਾਨ ਮੋਹਕਮ ਚੰਦ, ਦੀਵਾਨ ਸਾਮਨ ਮੱਲ, ਫਕੀਰ ਨੂਰ ਦੀਨ, ਜਨਰਲ ਐਲਰਟ, ਸਰਦਾਰ ਦੇਸਾ ਸਿੰਘ ਮਜੀਠੀਆ, ਪੀ ਬੀ ਐਬਟਾਬਿਲ ਅਤੇ ਜਨਰਲ ਜੇ ਬੀ ਵਿੱਜ ਸ਼ਾਮਲ ਹਨ। ਇਸ ਸਬੰਧੀ ਸੂਤਰਾਂ ਨੇ ਦਸਿਆ ਕਿ ਇਹ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਬਹੁਤ ਪਹਿਲਾਂ ਕੀਤਾ ਸੀ ਜਿਸ ਤੇ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਡਾਇਰੈਕਟਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦਸਿਆ ਕਿ  ਅੱਜ ਵਾਈਸ ਚਾਂਸਲਰ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੌਰਾਨ ਇਨ੍ਹਾਂ 14 ਨਾਵਾਂ ਦੀ ਸਿਫ਼ਾਰਸ਼ ਪੰਜਾਬ ਸਰਕਾਰ ਨੂੰ ਕੀਤੀ ਜਾ ਰਹੀ ਹੈ ਪਰ ਅਜੇ ਵੀ ਇਹ ਨਾਮ ਪੰਜਾਬ ਸਰਕਾਰ ਨੇ ਵਿਚਾਰਨੇ ਹਨ, ਜਿਸ ਕਰਕੇ ਹੋਰ ਨਾਮ ਵੀ ਬਾਅਦ ਵਿਚ ਚਰਚਾ ਵਿਚ ਲਿਆਂਦੇ ਜਾ ਸਕਦੇ ਹਨ, ਉਨ੍ਹਾਂ ਕਿਹਾ ਇਸ ਸਬੰਧੀ ਸਾਡੇ ਮੰਤਰੀ ਸੋਹਨ ਸਿੰਘ ਠੰਡਲ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ ਜਿਸ ਕਰਕੇ ਇਹ ਕੰਮ ਛੇ ਕੁ ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ। ਇਸ ਬਾਰੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਦਸਿਆ ਕਿ ਜਿਨ੍ਹਾਂ ਮਹਾਨ ਹਸਤੀਆਂ ਨੇ ਸਿੱਖ ਰਾਜ ਲਈ ਕੁਰਬਾਨੀਆਂ ਕੀਤੀਆਂ ਤੇ ਸਿੱਖ ਰਾਜ ਲਈ ਵਿਸ਼ੇਸ਼ ਜ਼ਿਕਰਯੋਗ ਕੰਮ ਕੀਤਾ ਹੈ ਉਨ੍ਹਾਂ ਸਬੰਧੀ ਅੱਜ ਮੀਟਿੰਗ ਦੌਰਾਨ ਵਿਚਾਰ ਚਰਚਾ ਕੀਤੀ ਗਈ ਹੈ। ਜਿਸ ਵਿਚ ਸਾਰੇ ਵਿਦਵਾਨਾਂ ਤੇ ਇਤਿਹਾਸਕਾਰਾਂ ਨੇ ਸਾਂਝੀ ਰਾਏ ਬਣਾਈ ਹੈ, ਜਿਸ ਸਬੰਧੀ ਪੰਜਾਬ ਸਰਕਾਰ ਨੂੰ ਸਿਫ਼ਾਰਸ਼ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਹੀ ਵੱਡਾ ਕੰਮ ਹੋਵੇਗਾ, ਜਦੋਂ ਸਿੱਖ ਕੌਮ ਉਨ੍ਹਾਂ ਸਿੱਖਾਂ ਅਤੇ  ਗੈਰ ਸਿੱਖ ਮਹਾਨ ਵਿਅਕਤੀਆਂ ਦੇ ਬੁੱਤ ਦਰਬਾਰ ਸਾਹਿਬ ਦੇ ਬਾਹਰ ਤੇ ਸ੍ਰੀ ਅੰਮ੍ਰਿਤਸਰ ਦੇ ਵੱਖ ਵੱਖ ਚੌਂਕਾਂ ਵਿਚ ਲਾਏ ਜਾਣਗੇ। ਜਿਨ੍ਹਾਂ ਨੇ ਸਿੱਖ ਰਾਜ ਲਈ ਵਿਸ਼ੇਸ਼ ਕੰਮ ਕੀਤਾ ਹੈ। ਵਾਈਸ ਚਾਂਸਲਰ ਨੇ ਵੀ ਇਸ ਗੱਲ ਦੇ ਜੋਰ ਦਿਤਾ ਕਿ ਇਹ ਨਾਮ ਅਜੇ ਪੱਕੇ ਨਹੀਂ ਹਨ, ਇਸ ਸਬੰਧੀ ਹੋਰ ਵੀ ਵਿਚਾਰਾਂ ਹੋਣਗੀਆਂ। ਅਸੀਂ ਅੱਜ ਵਿਚਾਰੇ ਗਏ ਨਾਮਾਂ ਦੀ ਲਿਸਟ ਪੰਜਾਬ ਸਰਕਾਰ ਕੋਲ ਭੇਜਾਂਗੇ ਉਨ੍ਹਾਂ ਨੇ ਅੰਤਿਮ ਫ਼ੈਸਲਾ ਕਰਨਾ ਹੈ।


ਸਿੱਖ ਰਾਜ ਲਈ ਕੰਮ ਕਰਨ ਵਾਲੇ ਸਾਰੇ ਧਰਮਾਂ ਦੇ ਬੁੱਤ ਲਾਉਣ ਦਾ ਫ਼ੈਸਲਾ : ਠੰਡਲ
ਇਸ ਸਬੰਧੀ ਪੁਰਾਤਤਵ ਤੇ ਸੈਰ-ਸਪਾਟਾ ਮੰਤਰੀ ਸੋਹਨ ਸਿੰਘ ਠੰਡਲ ਨੇ ਦਸਿਆ ਕਿ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਬਾਹਰ ਮੁੱਖ ਦੁਆਰ ਉੱਤੇ ਅਤੇ ਵੱਖ ਵੱਖ ਚੌਂਕਾਂ ਵਿਚ ਵੱਖ ਵੱਖ ਹਸਤੀਆਂ ਦੇ ਬੁੱਤ ਲਗਾਉਣ ਦਾ ਫ਼ੈਸਲਾ ਕੀਤਾ ਹੈ। ਜਿਸ ਲਈ ਅਸੀਂ 30 ਹਸਤੀਆਂ ਦੀ ਲਿਸਟ ਤਿਆਰ ਕੀਤੀ ਹੈ। ਇਸ ਵਿਚੋਂ 14-15 ਹਸਤੀਆਂ ਜਾਂ ਵੱਧ ਵੀ ਬੁੱਤ ਲਗਾਏ ਜਾਣਗੇ। ਇਸ ਵਿਚ ਸਾਡੇ ਲਈ ਇਕ ਇਹ ਵਿਸ਼ੇਸ਼ ਗੱਲ ਹੈ ਕਿ ਅਸੀਂ ਸਿੱਖ ਰਾਜ ਲਈ ਕੰਮ ਕਰਨ ਵਾਲੇ ਮੁਸਲਮਾਨਾ, ਅੰਗਰੇਜ਼ਾਂ, ਸਿੱਖਾਂ ਤੇ ਹਿੰਦੂਆਂ ਦੇ ਵੀ ਬੁੱਤ ਲਾ ਰਹੇ ਹਾਂ।

No comments:

Post a Comment