Tuesday, December 08, 2015

ਅੰਮ੍ਰਿਤਸਰ ਵਿਚ ਸਿੱਖ ਰਾਜ ਲਈ ਕੰਮ ਕਰਨ ਵਾਲੀਆਂ ਹਸਤੀਆਂ ਦੇ ਲੱਗਣਗੇ ਬੁੱਤ

ਪੰਜਾਬੀ ਯੂਨੀਵਰਸਿਟੀ ਵਿੱਚ ਵੀ ਸੀ ਦੀ ਪ੍ਰਧਾਨਗੀ ਹੇਠ ਕਮੇਟੀ ਦੀ ਹੋਈ ਮੀਟਿੰਗ
ਮਹਾਰਾਜਾ ਰਣਜੀਤ ਸਿੰਘ ਸਮੇਤ 14 ਨਾਵਾਂ ਵਿਚ 6 ਸਿੱਖ, 4 ਅੰਗਰੇਜ਼, 2-2 ਹਿੰਦੂ ਤੇ ਮੁਸਲਮਾਨ ਹਸਤੀਆਂ ਦੇ ਨਾਵਾਂ ਦੀ ਸਿਫ਼ਾਰਸ਼
ਗੁਰਨਾਮ ਸਿੰਘ ਅਕੀਦਾ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰ ਮੁੱਖ ਦੁਆਰ ਦੇ ਕੋਲ ਅਤੇ ਅੰਮ੍ਰਿਤਸਰ ਦੇ ਵੱਖ ਵੱਖ ਚੌਂਕਾਂ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਕੁੱਝ ਅੰਗਰੇਜ਼ਾਂ, ਮੁਸਲਮਾਨਾਂ ਤੇ ਹੋਰ ਸਿੱਖ ਹਸਤੀਆਂ ਦੇ 14 ਬੁੱਤ ਲਗਾਉਣ ਦੀ ਤਿਆਰੀ ਜੋਰਾ  ਨਾਲ ਚਲ ਰਹੀ ਹੈ, ਇਨ੍ਹਾਂ ਵਿਚ 6 ਸਿੱਖਾਂ ਦੇ, 4 ਅੰਗਰੇਜ਼ਾਂ ਦੇ, 2 ਮੁਸਲਮਾਨਾਂ ਦੇ ਅਤੇ 2 ਹਿੰਦੂਆਂ ਦੇ ਬੁੱਤ ਲਗਾਏ ਜਾ ਰਹੇ ਹਨ। ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਬਣਾਈ ਕਮੇਟੀ ਦੀ ਮੀਟਿੰਗ 7 ਦਸੰਬਰ 2015 ਨੂੰ ਪੰਜਾਬੀ ਯੂਨੀਵਰਸਿਟੀ ਵਿਚ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਇਤਿਹਾਸਕਾਰ ਡਾ. ਇੰਦੁ ਬੰਗਾ, ਪ੍ਰਿਥੀਪਾਲ ਸਿੰਘ ਕਪੂਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਅਤੇ ਸ਼੍ਰੋਮਣੀ ਕਮੇਟੀ ਦੇ ਐਜੂਕੇਸ਼ਨ ਡਾਇਰੈਕਟਰ ਡਾ. ਧਰਮਿੰਦਰ ਸਿੰਘ ਊਭਾ, ਪੁਰਾਤਤਵ ਤੇ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਨਵਜੋਤ ਪਾਲ ਸਿੰਘ ਰੰਧਾਵਾ ਸ਼ਾਮਲ ਹੋਏ।
ਵਾਈਸ ਚਾਂਸਲਰ ਦੇ ਦਫ਼ਤਰ ਵਿਚ ਲੰਬਾ ਸਮਾਂ ਚਲੀ ਮੀਟਿੰਗ ਵਿਚ ਰੱਖੇ ਗਏ ਏਜੰਡੇ ਵਿਚ 30 ਨਾਵਾਂ ਵਿਚੋਂ 14 ਨਾਵਾਂ ਦੀ ਚਰਚਾ ਕੀਤੀ ਗਈ। ਜਿਨ੍ਹਾਂ ਦੇ ਬੁੱਤ ਦਰਬਾਰ ਸਾਹਿਬ ਦੇ ਮੁੱਖ ਦੁਆਰ ਦੇ ਕੋਲ ਅਤੇ ਅੰਮ੍ਰਿਤਸਰ ਦੇ ਚੌਂਕਾਂ ਵਿਚ ਲਾਏ ਜਾਣੇ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਨਾਵਾਂ ਵਿਚ ਮਹਾਰਾਜਾ ਰਣਜੀਤ ਸਿੰਘ, ਫਰੈਚ ਜਨਰਲ, ਮਹਾਰਾਜਾ ਸ਼ੇਰ ਸਿੰਘ, ਸਰਦਾਰ ਹਰੀ ਸਿੰਘ ਨਲਵਾ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਅਕਾਲੀ ਫੂਲਾ ਸਿੰਘ, ਫਕੀਰ ਅਜ਼ੀਜ਼ੂਦੀਨ, ਜਨਰਲ ਦੀਵਾਨ ਮੋਹਕਮ ਚੰਦ, ਦੀਵਾਨ ਸਾਮਨ ਮੱਲ, ਫਕੀਰ ਨੂਰ ਦੀਨ, ਜਨਰਲ ਐਲਰਟ, ਸਰਦਾਰ ਦੇਸਾ ਸਿੰਘ ਮਜੀਠੀਆ, ਪੀ ਬੀ ਐਬਟਾਬਿਲ ਅਤੇ ਜਨਰਲ ਜੇ ਬੀ ਵਿੱਜ ਸ਼ਾਮਲ ਹਨ। ਇਸ ਸਬੰਧੀ ਸੂਤਰਾਂ ਨੇ ਦਸਿਆ ਕਿ ਇਹ ਫ਼ੈਸਲਾ ਪੰਜਾਬ ਸਰਕਾਰ ਵੱਲੋਂ ਬਹੁਤ ਪਹਿਲਾਂ ਕੀਤਾ ਸੀ ਜਿਸ ਤੇ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ। ਡਾਇਰੈਕਟਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦਸਿਆ ਕਿ  ਅੱਜ ਵਾਈਸ ਚਾਂਸਲਰ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੌਰਾਨ ਇਨ੍ਹਾਂ 14 ਨਾਵਾਂ ਦੀ ਸਿਫ਼ਾਰਸ਼ ਪੰਜਾਬ ਸਰਕਾਰ ਨੂੰ ਕੀਤੀ ਜਾ ਰਹੀ ਹੈ ਪਰ ਅਜੇ ਵੀ ਇਹ ਨਾਮ ਪੰਜਾਬ ਸਰਕਾਰ ਨੇ ਵਿਚਾਰਨੇ ਹਨ, ਜਿਸ ਕਰਕੇ ਹੋਰ ਨਾਮ ਵੀ ਬਾਅਦ ਵਿਚ ਚਰਚਾ ਵਿਚ ਲਿਆਂਦੇ ਜਾ ਸਕਦੇ ਹਨ, ਉਨ੍ਹਾਂ ਕਿਹਾ ਇਸ ਸਬੰਧੀ ਸਾਡੇ ਮੰਤਰੀ ਸੋਹਨ ਸਿੰਘ ਠੰਡਲ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ ਜਿਸ ਕਰਕੇ ਇਹ ਕੰਮ ਛੇ ਕੁ ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ। ਇਸ ਬਾਰੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਦਸਿਆ ਕਿ ਜਿਨ੍ਹਾਂ ਮਹਾਨ ਹਸਤੀਆਂ ਨੇ ਸਿੱਖ ਰਾਜ ਲਈ ਕੁਰਬਾਨੀਆਂ ਕੀਤੀਆਂ ਤੇ ਸਿੱਖ ਰਾਜ ਲਈ ਵਿਸ਼ੇਸ਼ ਜ਼ਿਕਰਯੋਗ ਕੰਮ ਕੀਤਾ ਹੈ ਉਨ੍ਹਾਂ ਸਬੰਧੀ ਅੱਜ ਮੀਟਿੰਗ ਦੌਰਾਨ ਵਿਚਾਰ ਚਰਚਾ ਕੀਤੀ ਗਈ ਹੈ। ਜਿਸ ਵਿਚ ਸਾਰੇ ਵਿਦਵਾਨਾਂ ਤੇ ਇਤਿਹਾਸਕਾਰਾਂ ਨੇ ਸਾਂਝੀ ਰਾਏ ਬਣਾਈ ਹੈ, ਜਿਸ ਸਬੰਧੀ ਪੰਜਾਬ ਸਰਕਾਰ ਨੂੰ ਸਿਫ਼ਾਰਸ਼ ਕੀਤੀ ਜਾਵੇਗੀ, ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਹੀ ਵੱਡਾ ਕੰਮ ਹੋਵੇਗਾ, ਜਦੋਂ ਸਿੱਖ ਕੌਮ ਉਨ੍ਹਾਂ ਸਿੱਖਾਂ ਅਤੇ  ਗੈਰ ਸਿੱਖ ਮਹਾਨ ਵਿਅਕਤੀਆਂ ਦੇ ਬੁੱਤ ਦਰਬਾਰ ਸਾਹਿਬ ਦੇ ਬਾਹਰ ਤੇ ਸ੍ਰੀ ਅੰਮ੍ਰਿਤਸਰ ਦੇ ਵੱਖ ਵੱਖ ਚੌਂਕਾਂ ਵਿਚ ਲਾਏ ਜਾਣਗੇ। ਜਿਨ੍ਹਾਂ ਨੇ ਸਿੱਖ ਰਾਜ ਲਈ ਵਿਸ਼ੇਸ਼ ਕੰਮ ਕੀਤਾ ਹੈ। ਵਾਈਸ ਚਾਂਸਲਰ ਨੇ ਵੀ ਇਸ ਗੱਲ ਦੇ ਜੋਰ ਦਿਤਾ ਕਿ ਇਹ ਨਾਮ ਅਜੇ ਪੱਕੇ ਨਹੀਂ ਹਨ, ਇਸ ਸਬੰਧੀ ਹੋਰ ਵੀ ਵਿਚਾਰਾਂ ਹੋਣਗੀਆਂ। ਅਸੀਂ ਅੱਜ ਵਿਚਾਰੇ ਗਏ ਨਾਮਾਂ ਦੀ ਲਿਸਟ ਪੰਜਾਬ ਸਰਕਾਰ ਕੋਲ ਭੇਜਾਂਗੇ ਉਨ੍ਹਾਂ ਨੇ ਅੰਤਿਮ ਫ਼ੈਸਲਾ ਕਰਨਾ ਹੈ।


ਸਿੱਖ ਰਾਜ ਲਈ ਕੰਮ ਕਰਨ ਵਾਲੇ ਸਾਰੇ ਧਰਮਾਂ ਦੇ ਬੁੱਤ ਲਾਉਣ ਦਾ ਫ਼ੈਸਲਾ : ਠੰਡਲ
ਇਸ ਸਬੰਧੀ ਪੁਰਾਤਤਵ ਤੇ ਸੈਰ-ਸਪਾਟਾ ਮੰਤਰੀ ਸੋਹਨ ਸਿੰਘ ਠੰਡਲ ਨੇ ਦਸਿਆ ਕਿ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਦੇ ਬਾਹਰ ਮੁੱਖ ਦੁਆਰ ਉੱਤੇ ਅਤੇ ਵੱਖ ਵੱਖ ਚੌਂਕਾਂ ਵਿਚ ਵੱਖ ਵੱਖ ਹਸਤੀਆਂ ਦੇ ਬੁੱਤ ਲਗਾਉਣ ਦਾ ਫ਼ੈਸਲਾ ਕੀਤਾ ਹੈ। ਜਿਸ ਲਈ ਅਸੀਂ 30 ਹਸਤੀਆਂ ਦੀ ਲਿਸਟ ਤਿਆਰ ਕੀਤੀ ਹੈ। ਇਸ ਵਿਚੋਂ 14-15 ਹਸਤੀਆਂ ਜਾਂ ਵੱਧ ਵੀ ਬੁੱਤ ਲਗਾਏ ਜਾਣਗੇ। ਇਸ ਵਿਚ ਸਾਡੇ ਲਈ ਇਕ ਇਹ ਵਿਸ਼ੇਸ਼ ਗੱਲ ਹੈ ਕਿ ਅਸੀਂ ਸਿੱਖ ਰਾਜ ਲਈ ਕੰਮ ਕਰਨ ਵਾਲੇ ਮੁਸਲਮਾਨਾ, ਅੰਗਰੇਜ਼ਾਂ, ਸਿੱਖਾਂ ਤੇ ਹਿੰਦੂਆਂ ਦੇ ਵੀ ਬੁੱਤ ਲਾ ਰਹੇ ਹਾਂ।

Saturday, December 05, 2015

ਵਿਸ਼ਵ ਦੇ ਸਨਮੁੱਖ ਪਟਿਆਲਾ ਦੇ ਕੁੱਝ ਪੱਤਰਕਾਰਾਂ ਵੱਲੋਂ ਲਾਏ ਗਏ ਦੋਸ਼ਾਂ ਦੇ ਮੱਦੇਨਜ਼ਰ :

ਮਾਨਯੋਗ ਪਟਿਆਲਾ ਮੀਡੀਆ ਜ਼ਰੂਰ ਪੜ੍ਹੇ ਜੀ 

ਕਿਸ਼ਤ ਪਹਿਲੀ
ਮੇਰੇ ਉੱਤੇ ਦੋਸ਼ ਹੈ ਕਿ ਮੈਂ ਪੱਤਰਕਾਰਾਂ ਦੇ ਵਿਰੁੱਧ ਲਿਖਦਾ ਹਾਂ.....?
ਸੋ ਮੇਰਾ ਜਵਾਬ ਹੈ..
ਮੈਂ ਕਦੇ ਵੀ ਪੱਤਰਕਾਰਾਂ ਦੇ ਵਿਰੁੱਧ ਨਹੀਂ ਲਿਖਦਾ, ਪੱਤਰਕਾਰਾਂ ਦੇ...?
ਪਟਿਆਲਾ ਵਿਚ ਅੱਜ ਸਭ ਤੋਂ ਪੁਰਾਣਾ ਤੇ ਮੇਰੇ ਸਾਥੀ ਪੱਤਰਕਾਰਾਂ ਵਿਚੋਂ ਜਸਵਿੰਦਰ ਸਿੰਘ ਦਾਖਾ ਜੀ ਹਨ, ਮੈਂ ਕਦੇ ਉਨ੍ਹਾਂ ਦੇ ਖ਼ਿਲਾਫ਼ ਇਕ ਵੀ ਲਫ਼ਜ਼ ਲਿਖਿਆ ਹੈ?
ਇਸੇ ਤਰ੍ਹਾਂ ਗਗਨਦੀਪ ਸਿੰਘ ਅਹੂਜਾ ਜੀ ਹਨ ਕੀ ਮੈਂ ਕਦੇ ਉਨ੍ਹਾਂ ਦੇ ਖ਼ਿਲਾਫ਼ ਲਿਖਿਆ ਹੈ? ਹਾਲਾਂ ਕਿ ਕਈ ਪੱਖਾਂ ਕਰਕੇ ਗਗਨਦੀਪ ਜੀ ਨਾਲ ਮੇਰੇ ਵਿਚਾਰ ਨਹੀਂ ਮਿਲਦੇ, ਪਰ ਫੇਰ ਵੀ ਮੈਂ ਉਨ੍ਹਾਂ ਦੇ ਖ਼ਿਲਾਫ਼ ਕਦੇ ਵੀ ਕੁੱਝ ਨਹੀਂ ਲਿਖਿਆ ਕਿਉਂਕਿ ਮੇਰੇ ਸਾਹਮਣੇ ਸਬੂਤ ਵਜੋਂ ਉਨ੍ਹਾਂ ਕਦੇ ਵੀ ਪੱਤਰਕਾਰਾਂ ਵਿਰੁੱਧ ਕੋਈ ਵੀ ਗਲਤ ਕਾਰਵਾਈ ਨਹੀਂ ਕੀਤੀ, ਉਸ ਨੇ ਕਦੇ ਪੱਤਰਕਾਰਤਾ ਦੇ ਨਿਯਮ ਮੇਰੇ ਅਨੁਸਾਰ ਤਹਿਸ ਨਹਿਸ ਨਹੀਂ ਕੀਤੇ।
ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਟਿਆਲਾ ਦੇ ਪੱਤਰਕਾਰ ਹਨ (ਕੁੱਝ ਇਕ ਨੂੰ ਛੱਡ ਕੇ) ਜਿਨ੍ਹਾਂ ਖ਼ਿਲਾਫ਼ ਮੈਂ ਕਦੇ ਵੀ ਕੁੱਝ ਨਹੀਂ ਲਿਖਿਆ, ਕਿਉਂਕਿ ਘੱਟੋ ਘੱਟ ਉਹ ਪੱਤਰਕਾਰਾਂ ਦੇ ਪੱਖ ਵਿਚ ਕੁੱਝ ਨਹੀਂ ਕਰ ਰਹੇ ਪਰ ਪੱਤਰਕਾਰਤਾ ਦੇ ਨਿਯਮ ਤੇ ਵਿਧਾਨ ਵੀ ਨਹੀਂ ਤੋੜ ਰਹੇ ਨਾ ਹੀ ਉਹ ਕਦੇ ਕਿਸੇ ਪੱਤਰਕਾਰ ਨੂੰ ਛੋਟਾ ਸਮਝਦੇ ਹਨ।
- ਹਾਂ ਮੈਂ ਪਟਿਆਲਾ ਵਿਚ ਇਕ ਪੱਤਰਕਾਰ ਨੂੰ 'ਗੁੱਜਰਾਂ ਦਾ ਮਾਣ' ਕਿਹਾ ਹੈ ਇਕ ਤਾਂ ਉਹ ਮੇਰਾ ਵੀਰ ਛੋਟੇ ਆਮ ਘੱਟ ਗਿਣਤੀ ਵਿਚ ਛਪਣ ਵਾਲੇ ਅਖ਼ਬਾਰ ਦੇ ਪੱਤਰਕਾਰ ਨੂੰ ਪੱਤਰਕਾਰ ਹੀ ਨਹੀਂ ਸਮਝਦੇ, ਪਿੱਠ ਕਰਕੇ ਬੈਠ ਜਾਂਦੇ ਹਨ, ਜੇਕਰ ਉਹ ਉਨ੍ਹਾਂ ਪੱਤਰਕਾਰਾਂ ਨਾਲ ਹੱਥ ਵੀ ਮਿਲਾਉਂਦੇ ਹਨ ਜਿਵੇਂ ਅਹਿਸਾਨ ਕਰ ਰਹੇ ਹੁੰਦੇ ਹਨ। ਦੂਜਾ ਉਸ ਨੇ ਆਪਣੀ ਜਾਤ ਛੁਪਾ ਕੇ ਜੱਟਾਂ ਵਾਲੇ ਗੋਤ ਆਪਣੇ ਨਾਲ ਲਾਏ ਹੋਏ ਹਨ, ਹਾਲਾਂ ਕਿ ਪੱਤਰਕਾਰ ਦੀ ਕੋਈ ਜਾਤ, ਧਰਮ ਜਾਂ ਕੋਈ ਵਿਸ਼ੇਸ਼ ਫ਼ਿਰਕਾ ਨਹੀਂ ਹੁੰਦਾ ਪਰ ਫੇਰ ਵੀ ਜੇਕਰ ਵਿਅਕਤੀ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਗੋਤ ਤੱਕ ਬਦਲ ਲੈਂਦਾ ਹੈ ਤਾਂ ਮੈਂ ਉਸ ਦੇ ਖ਼ਿਲਾਫ਼ ਹਾਂ. ਆਪਣੀਆਂ ਜਾਤਾਂ ਛੁਪਾਉਣ ਵਾਲਾ ਪੱਤਰਕਾਰੀ ਦੇ ਆਦਰਸ਼ ਕੀ ਪਾਲ ਸਕਦਾ ਹੋਵੇਗਾ? ਮੈਨੂੰ ਸ਼ੱਕ ਹੈ, ਮੈਂ ਉਸ ਖ਼ਿਲਾਫ਼ ਲਿਖਿਆ ਕਦੇ ਕੁੱਝ ਨਹੀਂ ਪਰ ਹਾਂ ਉਸ ਦੀ ਜਾਤ ਜ਼ਰੂਰ ਉਜਾਗਰ ਕੀਤੀ ਸੀ, ਜੇ ਇਹ ਗਲਤ ਹੈ ਤਾਂ ਮੈਂ ਗਲਤ ਹਾਂ.. ਤੇ ਮੇਰੇ ਵੀਰ ਤੋਂ ਮਾਫ਼ੀ ਵੀ ਮੰਗਣ ਲਈ ਤਿਆਰ ਹਾਂ..
ਮੈਂ ਦੋ ਸਾਲ ਸਬ ਐਡੀਟਰ ਦੇ ਤੌਰ ਤੇ ਚੜ੍ਹਦੀਕਲਾ ਵਿਚ ਰਿਹਾ ਦਸੋ ਮੈਂ ਕਦੋਂ ਚੜ੍ਹਦੀ ਕਲਾ ਖ਼ਿਲਾਫ਼ ਲਿਖਿਆ? ਮੈਂ ਦੋ ਸਾਲ ਅੱਜ ਦੀ ਆਵਾਜ਼ ਵਿਚ ਰਿਹਾ ਦਸੋ ਮੈਂ ਕਦੋਂ ਅੱਜ ਦੀ ਆਵਾਜ਼ ਦੇ ਖ਼ਿਲਾਫ਼ ਲਿਖਿਆ? ਮੈਂ 11 ਸਾਲ ਦੇ ਕਰੀਬ ਦੇਸ਼ ਸੇਵਕ ਵਿਚ ਰਿਹਾ ਦਸੋ ਮੈਂ ਦੇਸ਼ ਸੇਵਕ ਦੇ ਖ਼ਿਲਾਫ਼ ਕਦੋਂ ਲਿਖਿਆ? ਪਰ ਮੈਂ ਮੋਹਾਲੀ ਅਖ਼ਬਾਰ ਬਾਰੇ ਲਿਖਿਆ ਹੈ, ਉਸ ਬਾਰੇ ਉਹ ਸਭ ਪੱਤਰਕਾਰ ਜਾਣਦੇ ਹਨ ਜੋ ਉਸ ਵਿਚ ਹੁਣ ਹਨ ਜਾਂ ਛੱਡ ਚੁੱਕੇ ਹਨ, ਕਿ ਮੈਂ ਉਸ ਬਾਰੇ ਕਿਉਂ ਲਿਖਿਆ। ਇਸ ਕਰਕੇ ਜੇਕਰ ਮੇਰੇ ਸਮਕਾਲ ਵਿਚ ਅਜਿਹਾ ਮੀਡੀਆ ਵੀ ਸਥਾਪਤ ਹੋ ਰਿਹਾ ਹੈ ਜੋ ਪੱਤਰਕਾਰਾਂ ਨੂੰ ਮਹਿਜ਼ ਗ਼ੁਲਾਮ ਸਮਝਦਾ ਹੈ ਤਾਂ ਮੈਨੂੰ ਇਤਰਾਜ਼ ਹੈ... ਮੈਂ ਲਿਖਾਂਗਾ.. ਨਹੀਂ ਮੈਂ ਮੈਂ ਜੀਅ ਨਹੀਂ ਸਕਾਂਗਾ ਮਰ ਜਾਵਾਂਗਾ..
ਮੈਂ ਕੁੱਝ ਪੱਤਰਕਾਰਾਂ ਨੂੰ ਸਰਕਾਰੀ ਮੀਡੀਆ ਕਹਿੰਦਾ ਹਾਂ, ਤੇ ਕਹਿੰਦਾ ਰਹਾਂਗਾ, ਜੋ ਵਿਅਕਤੀ ਸਰਕਾਰੀ ਤੇ ਸਿਆਸੀ ਲੋਕਾਂ ਦੇ ਪ੍ਰੈੱਸ ਨੋਟ ਜਾਰੀ ਕਰਦੇ ਹਨ ਤੇ ਉਨ੍ਹਾਂ ਦੇ ਪੇਡ ਵਰਕਰ ਦੀ ਤਰ੍ਹਾਂ ਕੰਮ ਕਰਦੇ ਹਨ ਤੇ ਉਹ ਫਿਰ ਮੀਡੀਆ ਕਲੱਬਾਂ ਵਿਚ ਵੀ ਪ੍ਰਮੁੱਖ ਰੋਲ ਨਿਭਾਉਂਦੇ ਹਨ ਤੇ ਪਟਿਆਲਾ ਦਾ ਮੀਡੀਆ ਟੁਕੜੇ ਟੁਕੜੇ ਕਰ ਦਿਤਾ ਹੈ ਮੈਂ ਇਹ ਸਭ ਕੁੱਝ ਆਪਣੇ ਸਮਕਾਲ ਵਿਚ ਦੇਖ ਰਿਹਾ ਹਾਂ, ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ, ਮੈਨੂੰ ਉਨ੍ਹਾਂ ਤੇ ਇਤਰਾਜ਼ ਹੈ, ਉਹ ਮੀਡੀਆ ਦੇ ਨਿਯਮਾਂ ਨੂੰ ਤਹਿਸ ਨਹਿਸ ਕਰ ਰਹੇ ਹਨ, ਉਹ ਪੱਤਰਕਾਰਾਂ ਨੂੰ ਇਕ ਤਰ੍ਹਾਂ ਨਾਲ ਸਰਕਾਰ ਦੇ ਗ਼ੁਲਾਮ ਬਣਾਉਣਾ ਚਾਹੁੰਦੇ ਹਨ ਤਾਂ ਮੈਨੂੰ ਇਤਰਾਜ਼ ਹੈ? ਮੈਂ ਲਿਖਾਂਗਾ ਤੇ ਲਿਖ ਰਿਹਾ ਹਾਂ, ਇਕ ਕਿਤਾਬ ਦੇ ਰੂਪ ਵਿਚ ਪੂਰਾ ਸੱਚ ਲਿਖਾਂਗਾ।
ਹੋ ਸਕਦਾ ਹੈ ਕਿ ਮੈਂ ਕਦੇ ਕਿਸੇ ਨੂੰ ਮਲਕ ਭਾਗੋ ਕਿਹਾ ਹੋਵੇ ਮੰਨੂੰ ਵਾਦੀ ਪੱਤਰਕਾਰ ਕਿਹਾ ਹੋਵੇ, ਹੋ ਸਕਦਾ ਹੈ ਇਹ ਕੋਈ ਜਾਤ ਆਧਾਰਤ ਜਾਂ ਧਰਮ ਆਧਾਰਤ ਨਹੀਂ ਹੈ ਪਰ ਜੇਕਰ ਕੋਈ ਵੱਡੇ ਆਦਰਸ਼ਵਾਦੀ ਅਖ਼ਬਾਰ ਦਾ ਪੱਤਰਕਾਰ ਇਹ ਕਹੇ ਕਿ ਸਤ ਸ੍ਰੀ ਅਕਾਲ ਕਹਿਣਾ ਬੰਦ ਕਰੋ ਤੇ ਜੈ ਰਾਮ ਜੀ ਕੀ ਜਾਂ ਫਿਰ ਜੈ ਸ੍ਰੀ ਰਾਮ ਕਹੋ, ਤਾਂ ਮੈਨੂੰ ਉਸ ਪੱਤਰਕਾਰ ਤੇ ਇਤਰਾਜ਼ ਹੈ? ਮੈਂ ਕਿਸੇ ਧਰਮ ਦੇ ਖ਼ਿਲਾਫ਼ ਨਹੀਂ ਹਾਂ, ਮੈਂ ਸ੍ਰੀ ਰਾਮ ਨਾਲ ਸ਼ਰਧਾ ਰੱਖਦਾ ਹਾਂ, ਮੈਂ ਸ੍ਰੀ ਕਿ੍ਸ਼ਨ ਨਾਲ ਸ਼ਰਧਾ ਰੱਖਦਾ ਹਾਂ..  ਪਰ ਮੈਂ  ਸਿਰਫ਼ ਇਕ ਪੱਤਰਕਾਰ ਹਾਂ, ਪੱਤਰਕਾਰ ਕਿਸੇ ਦਾ ਦੁਸ਼ਮਣ ਜਾਂ ਦੋਸਤ ਨਹੀਂ ਹੁੰਦਾ, ਉਹ ਸਭ ਦਾ ਦੋਸਤ ਹੁੰਦਾ ਹੈ ਪਰ ਜੇਕਰ ਕੋਈ ਪੱਤਰਕਾਰ ਧਰਮਾਂ ਤੇ ਜਾਤ ਆਧਾਰਤ ਫ਼ਿਰਕਾ ਪ੍ਰਸ਼ਤੀ ਦੀ ਗੱਲ ਕਰਦਾ ਹੈ ਤਾਂ ਮੈਨੂੰ ਇਤਰਾਜ਼ ਹੈ। ਮੈਂ ਲਿਖਾਂਗਾ...
ਜੇਕਰ ਪੱਤਰਕਾਰਾਂ ਨੂੰ ਵੱਡੇ ਛੋਟੇ ਸਮਝਿਆ ਜਾਵੇ, ਪੱਤਰਕਾਰਾਂ ਨਾਲ ਬਾਈਕਾਟ ਕਰ ਦਿਤਾ ਹੋਵੇ, ਪੱਤਰਕਾਰ ਗਰੁੱਪ ਵਿਚ ਸ਼ਾਮਲ ਕਰਨ ਤੇ ਵੀ ਪਾਬੰਦੀ ਲਾਈ ਹੋਵੇ, ਤਾਂ ਮੈਂ ਇਸ ਨੂੰ ਮਨੂੰਵਾਦੀ ਸੋਚ ਕਹਿੰਦਾ ਹਾਂ, ਮੰਨੂ ਵਾਦੀ ਸੋਚ ਕੋਈ ਜਾਤ ਆਧਾਰਤ ਨਹੀਂ ਹੈ ਇਹ ਸਗੋਂ ਇਕ ਸੋਚ ਹੈ... ਜੋ ਕਿਸੇ ਵਿਚ ਵੀ ਆ ਸਕਦੀ ਹੈ ਜੋ ਵਰਨ ਵੰਡ ਕਰਕੇ ਇਨਸਾਨ ਨੂੰ ਵੰਡਦੀ ਹੈ ਤੇ ਛੋਟਾ ਵੱਡਾ ਬਣਾਉਂਦੀ ਹੈ।
ਮਲਕ ਭਾਗੋ ਉਹ ਲੋਕ ਹਨ ਜੋ ਭਾਈ ਲਾਲੋਆਂ ਨੂੰ ਜਿਊਣ ਹੀ ਨਹੀਂ ਦੇ ਰਹੇ...
ਜੇਕਰ ਇਕ ਪੱਤਰਕਾਰ ਨੂੰ ਪੱਤਰਕਾਰਾਂ ਵੱਲੋਂ ਬਾਜ਼ਾਰਾਂ ਵਿਚ ਦੌੜਾ ਦੌੜਾ ਕੇ ਕੁੱਟਿਆ ਜਾਂਦਾ ਹੈ ਤੇ ਫੇਰ ਮੈਨੂੰ ਵੀ ਮਾਰਨ ਦੀ ਧਮਕੀ ਦੇ ਦਿਤੀ ਜਾਂਦੀ ਹੈ, ਇਹ ਕੋਈ ਬਹਾਦਰੀ ਹੈ? ਕੀ ਅਸੀਂ ਕਲਮਾਂ ਵਾਲੇ ਹੁਣ ਇਕ ਦੂਜੇ ਤੇ ਡਾਂਗਾਂ ਵਰਸਾਵਾਂਗੇ, ਕੀ ਅਸੀਂ ਹੁਣ ਆਪੋ ਆਪਣੀ ਹਾਉਮੇਂ ਨੂੰ ਪੱਠੇ ਪਾਉਣ ਲਈ, ਆਪਣੇ ਆਪ ਨੂੰ ਇਕ ਦੂਜੇ ਤੋਂ ਉੱਪਰ ਦਿਖਾਉਣ ਲਈ ਇਕ ਦੂਜੇ ਨੂੰ ਮਾਰਨ ਤੱਕ ਜਾਵਾਂਗੇ.. ਤਾਂ ਮੈਨੂੰ ਇਤਰਾਜ਼ ਹੈ...?
ਗਰੁੱਪ ਕਿੰਨੇ ਵੀ ਹੋ ਸਕਦੇ ਹਨ, ਕੋਈ ਇਤਰਾਜ਼ ਨਹੀਂ, ਆਪਣਾ ਗਰੁੱਪ ਵੱਡਾ ਕਰੋ ਕੋਈ ਇਤਰਾਜ਼ ਨਹੀਂ ...ਪਰ ਦੂਜਿਆਂ ਨੂੰ ਖ਼ਤਮ ਕਰੋ? ਪੁਲਸ ਵਿਚ ਸ਼ਿਕਾਇਤਾਂ ਕਰੋ, ਮੇਰੇ ਖ਼ਿਲਾਫ਼ ਸ਼ਿਕਾਇਤ ਕੀਤੀ ਗਈ, ਕੋਈ ਹਰਜ ਨਹੀਂ ਪਰ ਜੋ ਲੋਕ ਮੇਰੇ ਖ਼ਿਲਾਫ਼ ਸ਼ਿਕਾਇਤ ਦੇਣ ਲਈ ਪੁਲਸ ਵਿਚ ਗਏ .. ਤਾਂ ਫਿਰ ਇਕ ਵਾਰੀ ਹੋਰ ਸੋਚਣ ਕਿ ਕੀ ਉਹ ਪੱਤਰਕਾਰਾਂ ਦੇ ਪੱਖ ਵਿਚ ਲੜਨ ਲਈ ਤਿਆਰ ਹਨ..
ਜੇਕਰ ਉਹ ਸੱਚੀ ਹੀ ਪੱਤਰਕਾਰਾਂ ਦੀ ਭਲਾਈ ਚਾਹੁੰਦੇ ਹਨ ਤਾਂ ਫਿਰ ...ਤਾਂ ਫੇਰ ਛੱਡੋ ਸਾਰੇ ਗਰੁੱਪ ਤੇ ਆਓ ਇਕੱਠੇ ਹੋਈਏ ਤੇ ਕੁੱਝ ਕਰੀਏ... ਜੇ ਨਹੀਂ ਤਾਂ ਆਪਣੀ ਪੀੜ੍ਹੀ ਹੇਠਾਂ ਸੋਟੀ ਜ਼ਰੂਰ ਫੇਰੋ... ਕੀ ਅਸੀਂ ਸਹੀ ਹਾਂ????? ਉੱਜ ਹੀ ਟੋਲ ਟੈਕਸ ਮਾਫ ਕਰਾਉਣ ਲਈ ਮੰਗ ਪੱਤਰ ਦੇਣ ਨਾਲ ਪੱਤਰਕਾਰਾਂ ਦੀ ਭਲਾਈ ਨਹੀਂ ਹੁੰਦੀ ਵੀਰੋ...???
ਮੇਰੇ ਤੇ ਦੋਸ਼ ਹੈ ਕਿ ਮੈਂ ਬਲਤੇਜ ਪੰਨੂ ਦੇ ਵਿਰੁੱਧ ਦੋਸ਼ ਲਗਾਉਣ ਵਾਲੀ ਔਰਤ ਦਾ ਪੱਖ ਕਿਉਂ ਛਾਪਿਆ,
ਤਾਂ ਜੋ ਮੇਰੇ ਵੀਰ ਇਹ ਦੋਸ਼ ਲਗਾ ਰਹੇ ਹਨ ਤਾਂ ਉਹ ਸਮਝ ਲੈਣ ਕਿ ਪੱਤਰਕਾਰ ਉਹ ਹੈ ਜੋ ਆਪਣੇ ਦੁਸ਼ਮਣ ਦਾ ਵੀ ਖ਼ਬਰ ਵਿਚ ਪੱਖ ਛਾਪੇ, ਉਹ ਜਦੋਂ ਖ਼ਬਰ ਲਿਖ ਰਿਹਾ ਹੁੰਦਾ ਹੈ ਤਾਂ ਉਹ ਸਭ ਦਾ ਸਾਂਝਾ ਹੈ ਉਸ ਦਾ ਕੋਈ ਦੁਸ਼ਮਣ ਨਹੀਂ ਨਾ ਹੀ ਕੋਈ ਦੋਸਤ ਹੈ, ਜੋ ਹੈ ਸੋ ਹੈ।
ਇਹ ਦੋਸ਼ ਲਗਾਉਣ ਵਾਲੇ ਪੱਤਰਕਾਰਾਂ ਨੂੰ ਮੈਂ ਪੱਤਰਕਾਰ ਹੀ ਨਹੀਂ ਸਮਝਦਾ, ਕਿਉਂਕਿ ਉਹ ਜਾਣਦੇ ਹੀ ਨਹੀਂ ਹਨ ਕਿ ਪੱਤਰਕਾਰ ਦਾ ਕੋਈ ਦੋਸਤ ਦੁਸ਼ਮਣ ਹੀ ਨਹੀਂ ਹੁੰਦਾ। ਪੱਤਰਕਾਰ ਇਕ ਮਿਸ਼ਨ ਹੈ, ਭਗਤੀ ਹੈ, ਲੋਕਤੰਤਰ ਹੈ....
ਮੈਂ ਬਲਤੇਜ ਪੰਨੂ ਦੇ ਪੱਖ ਦੀਆਂ ਖ਼ਬਰਾਂ ਸਭ ਤੋਂ ਵੱਧ ਲਾਈਆਂ , ਜੇਕਰ ਕਿਸੇ ਨੂੰ ਭੁਲੇਖਾ ਹੈ ਤਾਂ ਮੈਂ ਫੇਸ ਬੁੱਕ ਤੇ ਪੋਸਟ ਕਰ ਦਿੰਦਾ ਹਾਂ, ਤੇ ਫੇਰ ਮੇਰਾ ਫ਼ਰਜ਼ ਬਣਦਾ ਹੈ ਕਿ ਜੋ ਬਲਤੇਜ ਪੰਨੂ ਦੇ ਖ਼ਿਲਾਫ਼ ਦੋਸ਼ ਲਗਾਉਣ ਵਾਲੀ ਹੈ ਮੈਂ ਉਸ ਦਾ ਵੀ ਪੱਖ ਛਾਪਾਂ, ਜੋ ਉਹ ਦੋਸ਼ ਲਗਾ ਰਹੀ ਹੈ ਮੈਂ ਉਸ ਦੇ ਦੋਸ਼ਾਂ ਦੇ ਨਿਵਾਰਨ ਲਈ ਫੇਰ ਬਲਤੇਜ ਪੰਨੂ ਦਾ ਪੱਖ ਵੀ ਛਾਪਾਂ, ਜੇਕਰ ਇਸ ਤੇ ਕਿਸੇ ਪੱਤਰਕਾਰ ਨੂੰ ਇਤਰਾਜ਼ ਹੈ ਤਾਂ ਮੈਨੂੰ ਉਨ੍ਹਾਂ ਪੱਤਰਕਾਰਾਂ ਤੇ ਇਤਰਾਜ਼ ਹੈ?
ਜਿੰਨੇ ਵੀ ਪੰਜਾਬ ਦੇ ਜ਼ਿਲ੍ਹਾ ਹੈਡਕੁਆਰਟਰਾਂ ਵਿਚ ਬਲਤੇਜ ਪੰਨੂ ਦੇ ਪੱਖ ਵਿਚ ਮੰਗ ਪੱਤਰ ਦਿੱਤੇ ਗਏ ਹਨ ਉਹ ਸਾਰੇ ਕਿਸ ਕਰਕੇ ਦਿੱਤੇ ਗਏ ਇਹ ਸਰਦਾਰ ਜਸਪਾਲ ਸਿੰਘ ਹੇਰਾਂ ਨੂੰ ਪੁੱਛਿਆ ਜਾ ਸਕਦਾ ਹੈ। ਸਾਡੀ ਜਥੇਬੰਦੀ ਹੈ ਉਹ ਪ੍ਰਧਾਨ ਹਨ ਤੇ ਮੈਂ ਸੀ. ਮੀਤ ਪ੍ਰਧਾਨ ਹਾਂ, ਮੇਰੀ ਸਲਾਹ ਅਨੁਸਾਰ ਸਰਦਾਰ ਹੇਰਾਂ ਤੇ ਮੈਂ ਇਹ ਸਾਰਾ ਫ਼ੈਸਲਾ ਕੀਤਾ ਤੇ ਸਾਰੇ ਪੰਜਾਬ ਵਿਚ ਸ੍ਰੀ ਪੰਨੂ ਦੇ ਪੱਖ ਵਿਚ ਲਹਿਰ ਤੁਰ ਪਈ।
ਪਰ ਜੋ ਪਟਿਆਲਾ ਮੀਡੀਆ ਦੇ ਕੁੱਝ ਗਰੁੱਪਾਂ ਨੇ ਪਟਿਆਲਾ ਵਿਚ ਮੰਗ ਪੱਤਰ ਦੇਣ ਸਮੇਂ ਮੇਰੇ ਉੱਤੇ ਸਵਾਲ ਉਠਾਏ, ਮੈਨੂੰ ਉਨ੍ਹਾਂ ਤੇ ਇਤਰਾਜ਼ ਹੈ?
ਮੈਂ ਹੈਰਾਨ ਹਾਂ ਸੱਦਾ ਅਸੀਂ ਸਭ ਨੂੰ ਦਿਤਾ ਸੀ, ਪਰ ਕੋਈ ਵੀ ਗਰੁੱਪ ਦਾ ਮੁਖੀ ਮੰਗ ਪੱਤਰ ਦੇਣ ਸਮੇਂ ਸ਼ਾਮਲ ਨਹੀਂ ਹੋਇਆ, ਤਾਂ ਮੈਨੂੰ ਇਤਰਾਜ਼ ਹੈ।
ਉਹ ਮੇਰੇ ਵਿਰੁੱਧ ਹੋ ਸਕਦੇ ਹਨ ਪਰ ਕੀ ਉਹ ਸਾਡੇ ਪੱਤਰਕਾਰਾਂ ਦੇ ਵਿਰੁੱਧ ਹਨ ਜਾਂ ਫਿਰ ਉਹ ਸਰਕਾਰ ਦੀ ਪੱਖ ਕਰ ਰਹੇ ਹਨ? ਮੈਂ ਸਮਕਾਲ ਵਿਚ ਜਿਊਣ ਵਾਲਾ ਪੱਤਰਕਾਰ ਹਾਂ, ਇਹ ਨਸ਼ਰ ਹੋਵੇਗਾ ਤੇ ਹੋ ਕੇ ਹੀ ਰਹੇਗਾ। ਮੈਂ ਮੇਰੇ ਸਮਕਾਲ ਵਿਚ ਮੇਰੇ ਕਾਰਜ ਖੇਤਰ ਵਿਚ ਹੋਣ ਵਾਲੀਆਂ ਬੇਨਿਯਮੀਆਂ ਨੂੰ ਸ਼ਾਇਦ ਠੀਕ ਨਾ ਕਰ ਸਕਾਂ  ਪਰ ਕੋਸ਼ਿਸ਼ ਜ਼ਰੂਰ ਰਹੇਗੀ।
ਇਕ ਪੱਤਰਕਾਰ ਵੀਰ ਕਹਿ ਰਿਹਾ ਹੈ ਕਿ ਮੈਂ ਪੰਨੂ ਦੇ ਪੱਖ ਵਿਚ ਮੰਗ ਪੱਤਰ ਆਪਣੀ ਸ਼ਾਖ਼ (ਅਕਸ) ਠੀਕ ਕਰਨ ਲਈ ਦਿਤੇ ਹਨ? ਉਸ ਪੱਤਰਕਾਰ ਵੀਰ ਬਾਰੇ ਤਾਂ ਗੱਲਾਂ ਬਾਅਦ ਵਿਚ ਕਰਾਂਗਾ ਪਰ ...
ਇਹ ਤਾਂ ਵਿਰੋਧਤਾ ਦਾ ਕਮਾਲ ਹੈ ਜੀ? ਤਾਂ ਅੱਜ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਸੱਦਾ ਦਿੰਦਾ ਹਾਂ ਕਿ ਮੇਰੇ ਖ਼ਰਾਬ ਅਕਸ ਦਾ ਕੋਈ ਵੀ ਸਬੂਤ ਦਿਤਾ ਜਾਵੇ, ਮੈਂ ਕਦੇ ਪੱਤਰਕਾਰਤਾ ਨੂੰ ਆਪਣੇ ਨਿੱਜੀ ਲਾਹੇ ਲਈ ਵਰਤਿਆ ਹੋਵੇ, ਅੱਜ ਤੱਕ.. ਹਾਂ ਜੀ ਅੱਜ ਤੱਕ.. ਕੱਲ੍ਹ ਦਾ ਮੈਂ ਵਾਅਦਾ ਨਹੀਂ ਕਰਦਾ.. ਕਿਉਂਕਿ ਕੱਲ੍ਹ ਬਾਰੇ ਤਾਂ ਕੋਈ ਵੀ ਕੁੱਝ ਨਹੀਂ ਕਹਿ ਸਕਦਾ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਪੱਤਰਕਾਰਤਾ ਨੂੰ ਵਰਤ ਕੇ ਕੋਈ ਨਿੱਜੀ ਲਾਭ ਨਾ ਲਿਆ ਜਾਵੇ।
ਮੈਂ ਕਦੇ ਪੱਤਰਕਾਰਤਾ ਨੂੰ ਵਰਤ ਕੇ ਨਿੱਜੀ ਬਿਜ਼ਨੈੱਸ ਚਲਾਇਆ ਹੋਵੇ? ਕਿਸੇ ਸਰਕਾਰ ਤੋਂ ਪੱਤਰਕਾਰਤਾ ਦਾ ਨਾਮ ਵਰਤ ਕੇ ਕੋਈ ਲਾਭ ਲਿਆ ਹੋਵੇ, ਕਿਤੇ ਸਰਕਾਰੀ ਠੇਕਾ ਲਿਆ ਹੋਵੇ, ਕੋਈ ਸਰਕਾਰੀ ਕੋਠੀ ਲਈ ਹੋਵੇ?  ਪ੍ਰੋਪਰਟੀ ਡੀਲਰ ਦਾ ਕੰਮ ਕੀਤਾ ਹੋਵੇ? ਮੈ ਕਿਸੇ ਸਿਆਸੀ ਲੀਡਰ ਦਾ ਨਿੱਜੀ ਲਾਭ ਲਈ ਪੀਆਰਓ ਸਿੱਪ ਕੀਤੀ ਹੋਵੇ? ਮੈਂ ਪੱਤਰਕਾਰੀ ਵਰਤ ਕੇ ਕਿਸੇ ਨੂੰ ਵਿਆਜ ਤੇ ਪੈਸੇ ਦਿਤੇ ਹੋਣ ਤੇ ਪੈਸੇ ਮੁੜਾਉਣ ਲਈ ਪੱਤਰਕਾਰੀ ਵਰਤੀ ਹੋਵੇ?
ਹਾਂ ਪੱਤਰਕਾਰ ਨੂੰ ਸੰਕਟ ਆਉਂਦੇ ਹਨ ਮੈਨੂੰ ਵੀ ਆਏ ਹਨ, ਮੈਂ ਮੇਰੇ ਪੱਤਰਕਾਰ ਵੀਰਾਂ ਦੀ ਮਦਦ ਕਰਦਾ ਹਾਂ ਤੇ ਮੇਰੇ ਵੀਰ ਮੇਰੀ ਮਦਦ ਕਰਦੇ ਹਨ।
ਜੇਕਰ ਕੋਈ ਮੇਰੇ ਪੱਤਰਕਾਰੀ ਦੇ ਅਕਸ ਖ਼ਰਾਬ ਦੀ ਕੋਈ ਘਟਨਾ ਦਸੇ ਤਾਂ ਮੈਂ ਉਸ ਦਾ ਧੰਨਵਾਦੀ ਹੋਵਾਂਗਾ। ਮੈਂ ਖ਼ੁਦ ਨੂੰ ਉਸ ਵੇਲੇ ਕਟਹਿਰੇ ਵਿਚ ਖੜਾ ਕਰਕੇ ਖ਼ੁਦ ਨੂੰ ਗੁਨਾਹਗਾਰ ਸਮਝਾਂਗਾ। ਤੇ ਸਮੁੱਚੇ ਪੱਤਰਕਾਰ ਭਾਈ ਚਾਰੇ ਤੋਂ ਮਾਫ਼ੀ ਮੰਗਾਂਗਾ। ਪਰ ਜੇਕਰ ਮੇਰੇ ਅਕਸ ਤੇ ਦੋਸ਼ ਲਾਏ ਹਨ ਤਾਂ ਫੇਰ ਉਹ ਸਾਬਤ ਜ਼ਰੂਰ ਕੀਤੇ ਜਾਣ.. ਨਹੀਂ ਤਾਂ ਦੋਸ਼ ਲਾਉਣ ਵਾਲਿਆਂ ਵੱਲੋਂ ਪੱਤਰਕਾਰੀ ਦੇ ਕੀਤੇ ਜਾ ਰਹੇ ਘਾਣ ਦਾ ਪਰਦਾਫਾਸ਼ ਮੈਂ ਜ਼ਰੂਰ ਕਰਾਂਗਾ।
ਇਹ ਠੀਕ ਹੈ ਕਿ ਕਿਸੇ ਦੀ ਕਿਸੇ ਨਾਲ ਨਿੱਜੀ ਤੌਰ ਤੇ ਬਣਦੀ ਹੋਵੇ ਜਾਂ ਨਾ ਬਣਦੀ ਹੈ, ਪਰ ਜੇਕਰ ਪੱਤਰਕਾਰ ਤੇ ਕੋਈ ਸੰਕਟ ਆਉਦਾ ਹੈ ਤਾਂ ਮੈਂ ਹਮੇਸ਼ਾ ਨਾਲ ਖੜਿਆ ਹਾਂ... ਤੇ ਖੜਦਾ ਵੀ ਰਹਾਂਗਾ। ਇਸ ਲਈ ਮੈਨੂੰ ਕਿਸੇ ਦੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ.. ਨਾ ਕਿਸੇ ਦੀ ਇਜਾਜ਼ਤ ਦੀ ਜਰੂਰਤ ਹੈ। ਮੈਂ ਅੱਜ ਫੇਰ ਸੱਚ ਬੋਲਦਾ ਹਾਂ ਤੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਹਲਫ ਲੈਂਦਾ  ਹਾਂ ਕਿ ਮੈਂ ਪੱਤਰਕਾਰਾਂ ਦੇ ਖ਼ਿਲਾਫ਼ ਨਹੀਂ ਹਾਂ, ਨਾ ਹੀ ਮੈਂ ਕਦੇ ਆਦਰਸ਼ਵਾਦੀ ਪੱਤਰਕਾਰਾਂ ਦੇ ਖ਼ਿਲਾਫ਼ ਕਦੇ ਵੀ ਕੁੱਝ ਲਿਖਿਆ ਹੈ। ਤੇ ਨਾ ਹੀ ਲਿਖਾਂਗਾ, ਜੋ ਗਲਤ ਪ੍ਰਚਾਰ ਕਰਦੇ ਹਨ ਉਹ ਮੇਰੇ ਦੁਸ਼ਮਣ ਹਨ.. ਮੇਰੇ ਨਿੱਜੀ ਵਿਰੋਧੀ ਹਨ, ਜੋ ਮੈਨੂੰ ਖ਼ਤਮ ਕਰਨਾ ਚਾਹੁੰਦੇ ਹਨ, ਮੇਰੇ ਖ਼ਿਲਾਫ਼ ਪਰਚੇ ਦਰਜ ਕਰਾਉਣਾ ਚਾਹੁੰਦੇ ਹਨ, ਮੈਨੂੰ ਮਰਾਉਣਾ ਚਾਹੁੰਦੇ ਹਨ..ਜਿਨ੍ਹਾਂ ਨੇ ਮੇਰਾ ਪਟਿਆਲਾ ਦੇ ਕੁੱਝ ਪੱਤਰਕਾਰਾਂ ਵਿਚ ਬਾਈਕਾਟ ਤੱਕ ਕਰਵਾ ਰੱਖਿਆ ਹੈ... ਮੈਂ ਖ਼ਬਰਦਾਰ ਹਾਂ.. ਬਾਕੀ ਮਰਨਾ ਤਾਂ ਸਭ ਨੇ ਹੈ.. ਮਰ ਹੀ ਜਾਣਾ ਹੈ...
ਬਾਕੀ ਅਗਲੀ ਕਿਸ਼ਤ ਵਿਚ
ਗੁਰਨਾਮ ਸਿੰਘ ਅਕੀਦਾ
8146001100