Tuesday, September 08, 2015

ਪਟਿਆਲਾ ਦੀ ਵਿਰਾਸਤ ਦਾ ਬੇਸ਼ਕੀਮਤੀ ਨਮੂਨਾ ਸ਼ੀਸ਼ ਮਹਿਲ ਬੰਦ ਹੈ ਸੈਲਾਨੀਆਂ ਲਈ

ਪੰਜ ਸਾਲਾਂ ਤੋਂ ਬੰਦ ਸ਼ੀਸ਼ ਮਹਿਲ ਨੂੰ ਖੂਬਸੂਰਤ ਦਿੱਖ ਦੇਣ ਦੀ ਆਸ ਬੱਝੀ

-ਅਰਬਾਂ ਰੁਪਏ ਦੇ ਮੈਡਲ ਤੇ ਹੋਰ ਬੇਸ਼ਕੀਮਤੀ ਵਸਤਾਂ ਦਾ ਭੰਡਾਰ ਹੈ ਸ਼ੀਸ਼ ਮਹਿਲ ਦੀ ਗੋਦ ਵਿਚ

ਗੁਰਨਾਮ ਸਿੰਘ ਅਕੀਦਾ

ਪਟਿਆਲਾ ਨੂੰ ਸ਼ਾਹੀ ਸ਼ਹਿਰ ਦੀ ਇਕ ਝਲਕ ਪੇਸ਼ ਕਰਦਾ ਇਤਿਹਾਸਕ ਸ਼ੀਸ਼ ਮਹਿਲ ਹੁਣ ਖੂਬਸੂਰਤ ਦਿੱਖ ਹਾਸਲ ਕਰਨ ਵਿਚ ਕਾਮਯਾਬ ਹੋ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਦੇ ਮੰਤਰੀ ਵਲੋਂ ਦਿਤੇ ਜਾ ਰਹੇ ਬਿਆਨਾਂ ਵਿਚ ਲਗਦਾ ਹੈ ਕਿ ਸਰਕਾਰ ਨੇ ਨੇ ਇਸ ਨੂੰ ਸੰਵਾਰਨ ਦਾ ਬੀੜਾ ਚੁੱਕਿਆ ਹੈ , ਜਦ ਕਿ ਸ਼ੀਸ਼ ਮਹਿਲ ਪਿਛਲੇ 5 ਸਾਲਾਂ ਤੋਂ ਸਭਿਆਚਾਰਕ ਤੇ ਇਤਿਹਾਸਕ ਸੱਚ ਦੇਖਣ ਵਾਲੇ ਪ੍ਰੇਮੀਆਂ ਤੋਂ ਦੂਰ ਕੀਤਾ ਹੋਇਆ ਹੈ। ਇਸ ਬਾਰੇ ਜਦੋਂ ਸੱਭਿਆਚਾਰਕ ਮਾਮਲੇ ਪੁਰਾਤਤਵ ਵਿਭਾਗ ਤੇ ਅਜਾਇਬ ਘਰ ਪੰਜਾਬ ਦੇ ਡਾਇਰੈਕਟਰ ਨਵਜੋਤਪਾਲ ਸਿੰਘ ਰੰਧਾਵਾ ਨਾਲ ਰਾਬਤਾ ਬਣਾਇਆ ਤਾਂ ਉਨ੍ਹਾਂ ਇਹ ਗੱਲ ਮੰਨੀ ਕਿ ਪੈਸੇ ਦੀ ਘਾਟ ਕਾਰਨ ਪਿਛਲੇ ਸਮੇਂ ਵਿਚ ਸ਼ੀਸ਼ ਮਹਿਲ ਨੂੰ ਬੰਦ ਰੱਖਣਾ ਪਿਆ ।
ਜਾਣਕਾਰੀ ਅਨੁਸਾਰ ਅੱਜ ਤੋਂ ਪੰਜ ਸਾਲ ਪਹਿਲਾਂ ਸ਼ੀਸ਼ ਮਹਿਲ ਕਲਾ ਪ੍ਰੇਮੀਆਂ ਤੇ ਲੋਕਾਂ ਦੀ ਖਿੱਚ ਦਾ ਕੇਂਦਰ ਸੀ। ਪੰਜਾਬ ਤਾਂ ਕੀ ਦੇਸ਼ ਅਤੇ ਵਿਦੇਸ਼ਾਂ ਤੋਂ ਵੀ ਇਥੇ ਸੈਲਾਨੀ ਰਾਜਿਆਂ, ਮਹਾਰਾਜਿਆਂ ਦੀ ਬੇਸ਼ਕੀਮਤੀ ਇਤਿਹਾਸਕ ਵਸਤਾਂ ਨੂੰ ਦੇਖਣ ਪਹੁੰਚਦੇ ਸਨ ਤੇ ਇਹ ਸ਼ੀਸ਼ ਮਹਿਲ ਹਰ ਇਥੇ ਪਹੁੰਚਣ ਵਾਲੀ ਸ਼ਖਸੀਅਤ ਨੂੰ ਆਪਣੇ ਸੱਭਿਆਚਾਰ ਨੂੰ ਯਾਦ ਕਰਵਾ ਦਿੰਦਾ ਸੀ ਪਰ ਪੰਜ ਸਾਲ ਪਹਿਲਾਂ ਸਰਕਾਰ ਦੇ ਹੈਰੀਟੇਜ਼ ਵਿਭਾਗ ਨੇ ਇਸਦੀ ਮੁਰੰਮਤ ਲਈ ਢਾਈ ਕਰੋੜ ਰੁਪਏ ਭੇਜੇ ਤੇ ਇਸ ਵਿਚ ਸਥਿਤ ਸਮੁੱਚੀ ਪੁਰਾਤਨ ਬਿਲਡਿੰਗ ਤੇ ਸਿਸਟਮ ਨੂੰ ਨਵੀਂ ਦਿੱਖ ਦੇਣੀ ਸ਼ੁਰੂ ਕੀਤੀ। ਠੇਕੇਦਾਰ ਦੋ ਸਾਲ ਪਹਿਲਾਂ ਆਪਣਾ ਕੰਮ ਅੱਧਾ ਕੁ ਕਰਕੇ ਸਰਕਾਰ ਵਲੋਂ ਦਿੱਤੇ ਪੈਸਿਆਂ ਅਨੁਸਾਰ ਇਸਦੀ ਚਾਬੀ ਸੱਭਿਆਚਾਰਕ ਮਾਮਲੇ ਤੇ ਪੁਰਾਤਤਵ ਵਿਭਾਗ ਨੂੰ ਸੌਂਪ ਗਿਆ ਤੇ ਪੰਜ ਸਾਲ ਪਹਿਲਾਂ ਬੰਦ ਹੋਇਆ ਇਹ ਸ਼ੀਸ਼ ਮਹਿਲ ਦੋ ਸਾਲ ਤੋਂ ਪੂਰੀ ਤਰ੍ਹਾਂ ਖੰਡਰ ਦਾ ਦ੍ਰਿਸ਼ ਪੇਸ਼ ਕਰਨ ਲੱਗਿਆ ਪਰ ਸਰਕਾਰ ਇਸਨੂੰ ਲੈ ਕੇ ਅੱਜ ਵੀ ਪੂਰੀ ਤਰ੍ਹਾਂ ਖਾਮੋਸ਼ ਹੈ।
ਦਸਣਾ ਬਣਦਾ ਹੈ ਕਿ ਸ਼ਾਹੀ ਸ਼ਹਿਰ ਦੇ ਇਸ ਸ਼ੀਸ਼ ਮਹਿਲ ਅੰਦਰ ਸੰਸਾਰ ਦੀ ਇਕਲੌਤੀ ਅਜਿਹੀ ਸ਼ਾਨਦਾਰ ਗੈਲਰੀ ਹੈ, ਜਿਸ ਵਿਚ ਅਰਬਾਂ ਰੁਪਇਆਂ ਦੀਆਂ ਬੇਸ਼ਕੀਮਤੀ ਮੈਡਲ ਅਤੇ ਹੋਰ ਸਾਜੋ ਸਮਾਨ ਦੀਆਂ ਵਸਤਾਂ ਪਈਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਗੈਲਰੀ ਵਿਚ 3200 ਮੈਡਲ ਜਿਨ੍ਹਾਂ ਵਿਚ ਹੀਰੇ ਤੱਕ ਜੜ੍ਹੇ ਹੋਏ ਹਨ ਪਏ ਹਨ। ਇਹ ਮੈਡਲ ਮਹਾਰਾਜਾ ਭੁਪਿੰਦਰ ਸਿੰਘ ਦੇ ਹਨ। ਮਹਾਰਾਜਾ ਭੁਪਿੰਦਰ ਸਿੰਘ ਨੂੰ ਇਤਿਹਾਸਕ ਵਸਤਾਂ ਦਾ ਸ਼ੌਂਕ ਸੀ ਜਿਸ ਕਾਰਨ ਉਨ੍ਹਾਂ ਸਮੁੱਚੇ ਸੰਸਾਰ ਤੋਂ ਇਨ੍ਹਾਂ ਮੈਡਲਾਂ ਅਤੇ ਹੋਰ ਵਸਤਾਂ ਨੂੰ ਇਕੱਠਿਆਂ ਕੀਤਾ ਸੀ। 1938 ਵਿਚ ਮਹਾਰਾਜਾ ਭੁਪਿੰਦਰ ਸਿੰਘ ਦੇ ਮਰਨ ਤੋਂ ਬਾਅਦ ਉਨ੍ਹਾਂ ਦੇ ਬੇਟੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਇਹ ਸਮੁੱਚਾ ਖਜਾਨਾ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਸੀ। ਇਸ ਗੈਲਰੀ ਵਿਚ ਦਿੱਲੀ ਸਲਤਨਤ, ਪਠਾਣ ਅਤੇ ਮੁਗਲ ਸਲਤਨਤ, ਲਾਹੌਰ ਦਰਬਾਰ ਤੇ ਰਿਆਸਤਾਂ ਨਾਲ ਸਬੰਧਤ ਬੇਸ਼ਕੀਮਤੀ ਵਸਤਾਂ ਤੇ ਇਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਵਾਲੇ ਮੈਡਲ, ਮਹਾਰਾਜਾ ਰਣਜੀਤ ਸਿੰਘ ਦੀਆਂ ਤਸਵੀਰਾਂ ਵਾਲੇ ਮੈਡਲ, ਇੰਗਲੈਂਡ ਦਾ ਬੁਲਟ ਵਾਲਾ ਵਿਕਟੋਰੀਆ ਕਰਾਸ ਤੇ ਕਾਫੀ ਅਜਿਹੀਆਂ ਇਤਿਹਾਸਕ ਧਰੋਹਰਾਂ ਵੀ ਹਨ ਤੇ ਅੱਜ ਇਹ ਮੈਡਲ ਗੈਲਰੀ ਛੇ ਸਾਲਾਂ ਤੋਂ ਬੰਦ ਹੈ, ਜਿਸਦਾ ਅਰਬਾਂ ਰੁਪਏ ਦਾ ਸਮਾਨ ਇਕ ਕਮਰੇ ਵਿਚ ਤੁੰਨਿਆਂ ਹੋਇਆ ਹੈ। ਪਹਿਲਾਂ ਇਹ ਗੈਲਰੀ ਸੁਰੱਖਿਆ ਕਾਰਨਾਂ ਕਰਕੇ ਵੀ ਬੰਦ ਕੀਤੀ ਸੀ ਪਰ ਹੁਣ ਮੁਰੰਮਤ ਕਰਨ ਦੇ ਬਹਾਨੇ ਕਾਰਨ ਇਥੇ ਸਭ ਕੁੱਝ ਕੁੜਾ ਕੀਤਾ ਪਿਆ ਹੈ।
ਅਧਿਕਾਰਤ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੋਰ ਦਸਣਾ ਬਣਦਾ ਹੈ ਕਿ ਸ਼ਾਹੀ ਸ਼ਹਿਰ ਦੇ ਇਸ ਇਤਿਹਾਸਕ ਸ਼ੀਸ਼ ਮਹਿਲ ਵਿਚ ਜੀਵ-ਜੰਤੂ ਗੈਲਰੀ, ਆਰਟ ਗੈਲਰੀ, ਫੋਕ ਆਰਟ ਗੈਲਰੀ, ਮੈਡਲ ਗੈਲਰੀ ਅਤੇ ਸ਼ੀਸ਼ ਮਹਿਲ ਵੇਖਣਯੋਗ ਇਤਿਹਾਸਕ ਗੈਲਰੀਆਂ ਹਨ। ਸ਼ੀਸ਼ ਮਹਿਲ ਦੀ ਜੀਵ-ਜੰਤੂ ਗੈਲਰੀ ਵੀ ਰਾਜਿਆਂ-ਮਹਾਰਾਜਿਆਂ ਵਲੋਂ ਉਸ ਵੇਲੇ ਸ਼ਿਕਾਰ ਕੀਤੀਆਂ ਗਈਆਂ ਖੱਲਾਂ ਅਤੇ ਹੋਰ ਇਤਿਹਾਸਕ ਜੀਵ-ਜੰਤੂਆਂ ਦਾ ਸਮਾਨ ਹੈ। ਇਸਦੇ ਨਾਲ ਹੀ ਆਰਟ ਗੈਲਰੀ ਬਹੁਤ ਹੀ ਸ਼ਾਨਦਾਰ ਤਰੀਕੇ ਦਾ ਆਰਟ, ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਤੇ ਹੋਰ ਇਤਿਹਾਸਕ ਵਸਤਾਂ ਹਨ। ਇਸ ਸ਼ੀਸ਼ ਮਹਿਲ ਅੰਦਰ ਇਕ ਫੋਕ ਆਰਟ ਗੈਲਰੀ ਹੈ, ਜਿਸ ਵਿਚ ਪੰਜਾਬ ਦਾ ਅਮੀਰ ਵਿਰਸਾ ਦੇਖਿਆ ਜਾ ਸਕਦਾ ਹੈ, ਇਸਦੇ ਨਾਲ ਹੀ ਸ਼ੀਸ਼ ਮਹਿਲ ਅੰਦਰ ਬਹੁਤ ਹੀ ਸ਼ਾਨਦਾਰ ਕਲਾਕਾਰੀ ਹੈ। ਇਹ ਸਾਰੀਆਂ ਚਾਰੇ ਵੱਖ-ਵੱਖ ਬਿਲਡਿੰਗਾਂ ਪੁਰਾਤਨ ਹਨ ਤੇ ਇਨ੍ਹਾਂ ਵਿਚ ਪੁਰਾਣੀਆਂ ਇੱਟਾਂ ਦਾ ਜਿਥੇ ਸੁਮੇਲ ਹੈ, ਉਥੇ ਇਨ੍ਹਾਂ ਵਿਚ ਪਈਆਂ ਕਰੋੜਾਂ ਦੀਆਂ ਇਤਿਹਾਸਕ ਵਸਤਾਂ ਅਸਲ ਪੰਜਾਬ ਦੀ ਝਲਕਾਰ ਪਾਉਂਦੀਆਂ ਹਨ।

No comments:

Post a Comment