Monday, September 28, 2015

ਸ਼ੀਸ਼ ਮਹਿਲ ਦੇ ਪੁਰਾਤਨ ਮੀਨਾਕਾਰੀ ਦੇ ਕਮਰਿਆਂ ਦੀਆਂ ਛੱਤਾਂ ਡਿੱਗੀਆਂ

 19ਵੀਂ ਸਦੀ ਦੇ ਮੱਧ ਦੀ 'ਗੋਲਡ ਪਲੇਟਡ' ਮੀਨਾਕਾਰੀ ਕੀਤੀ ਸੀ ਕਾਂਗੜਾ ਦੇ ਕਾਰੀਗਰਾਂ ਨੇ

ਮੀਨਾਕਾਰੀ ਵਿਚ ਹਿੰਦੂ ਦੇਵੀ ਦੇਵਤਿਆਂ ਤੇ ਹੋਰ ਕਈ ਤਰ੍ਹਾਂ ਦੀਆਂ ਫ਼ੋਟੋਆਂ ਮੌਜੂਦ

ਪੁਰਾਤਨ ਮੀਨਾਕਾਰੀ ਨੂੰ ਸਹੀ ਕਰਨ ਲਈ ਨਹੀਂ ਮਿਲ ਰਹੇ ਕਾਰੀਗਰ

ਗੁਰਨਾਮ ਸਿੰਘ ਅਕੀਦਾ

ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੀ 8 ਸਾਲਾਂ ਵਿਚ ਚਲ ਰਹੀ ਮੁਰੰਮਤ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਵਿਸ਼ੇਸ਼ ਕਮਰਿਆਂ ਦੀ ਮੁਰੰਮਤ ਨਹੀਂ ਹੋ ਪਈ ਜਿਨ੍ਹਾਂ ਕਮਰਿਆਂ ਕਰਕੇ 'ਸ਼ੀਸ਼ ਮਹਿਲ' ਦਾ ਨਾਮ 'ਸ਼ੀਸ਼ ਮਹਿਲ' ਪਿਆ ਹੈ। ਇਨ੍ਹਾਂ ਕਮਰਿਆਂ ਦੀਆਂ ਛੱਤਾਂ ਡਿਗ ਚੁੱਕੀਆਂ ਹਨ, ਜਿਨ੍ਹਾਂ ਦੀ ਬਿਲਕੁਲ ਪਹਿਲਾਂ ਦੀ ਤਰ੍ਹਾਂ ਮੁਰੰਮਤ ਹੋਣਾ ਸੰਭਵ ਨਹੀਂ ਹੈ। ਮਾਹਿਰਾਂ ਅਨੁਸਾਰ ਇਸ ਮੀਨਾਕਾਰੀ ਵਾਲੇ ਕਮਰਿਆਂ ਨੂੰ ਸੰਵਾਰਨਾ ਆਮ ਕਾਰੀਗਰ ਦਾ ਕੰਮ ਨਹੀਂ ਹੈ।
ਡਾ. ਜਗਜੀਵਨ ਮਹਿਲ ਵਾਲੀਆ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਪਬਲੀਕੇਸ਼ਨ ਅਧੀਨ ਲਿਖੀ ਕਿਤਾਬ 'ਪਟਿਆਲਾ ਸ਼ਹਿਰ' ਵਿਚ ਸ਼ੀਸ਼ ਮਹਿਲ ਵਿਚ ਹੋਈ ਸ਼ੀਸ਼ੇ ਦੀ ਮੀਨਾਕਾਰੀ ਬਾਰੇ ਕੁੱਝ ਕੁ ਅੰਸ਼ ਦਰਜ ਹਨ ਉਸ ਵਿਚ ਲਿਖਿਆ ਹੈ ''ਮਹਾਰਾਜਾ ਨਰਿੰਦਰ ਸਿੰਘ ਨੇ ਸਾਹਿਤ, ਸੰਗੀਤ ਤੇ ਚਿੱਤਰਕਾਰੀ ਦੀ ਸਰਪ੍ਰਸਤੀ ਕੀਤੀ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜਾ ਰਿਆਸਤ ਤੇ ਕਬਜ਼ਾ ਕੀਤਾ ਤਾਂ ਕਾਂਗੜਾ ਰਿਆਸਤ ਦੇ ਕੁੱਝ ਚਿੱਤਰਕਾਰ ਪਟਿਆਲਾ ਆ ਗਏ। ਮਹਾਰਾਜੇ ਨੇ ਉਨ੍ਹਾਂ ਨੂੰ ਨੌਕਰ ਰੱਖ ਲਿਆ, ਸ਼ੀਸ਼ ਮਹਿਲ ਦੀਆਂ ਦੀਵਾਰਾਂ ਤੇ ਹਿੰਦੂ ਦੇਵੀ ਦੇਵਤਿਆਂ, ਸਿੱਖ ਗੁਰੂ ਸਹਿਬਾਨਾਂ ਅਤੇ ਹਿੰਦੂ ਮਿਥਿਹਾਸ ਨਾਲ ਸਬੰਧਿਤ ਦੀਵਾਰੀ ਚਿੱਤਰ ਹਨ। ਸ਼ੀਸ਼ੇ ਦਾ ਸ਼ਾਨਦਾਰ ਕੰਮ ਹੋਇਆ, ਸ਼ੀਸ਼ ਮਹਿਲ ਦੇ ਅਜਾਇਬ ਘਰ ਵਿਚ ਕਾਂਗੜਾ ਚਿੱਤਰਕਾਰੀ ਦੇ ਸ਼ਾਨਦਾਰ ਚਿੱਤਰ ਹਨ, 'ਗੀਤ ਗੋਬਿੰਦ' ਦੇ ਆਧਾਰਿਤ ਅਤੇ ਕ੍ਰਿਸ਼ਨ ਲੀਲਾ ਨਾਲ ਸਬੰਧਿਤ ਕਈ ਅਦਭੁਤ ਕਾਂਗੜਾ ਚਿੱਤਰ ਹਨ। ਜੋ ਉੱਨ੍ਹੀਵੀਂ ਸਦੀ ਦੇ ਮੱਧ ਦੇ ਹਨ। ਅਜਾਇਬ ਘਰ ਵਿਚ ਹਾਥੀ ਦੰਦ ਤੇ ਕਾਰੀਗਰੀ ਦੇ ਸ਼ਾਨਦਾਰ ਨਮੂਨੇ ਪ੍ਰਦਰਸ਼ਿਤ ਹਨ, ਇਨ੍ਹਾਂ ਵਿਚ ਸਤਰੰਜ ਦੇ ਮੋਹਰੇ ਘੋੜ ਸਵਾਰ ਅਤੇ ਹਾਥੀ ਦੰਦ ਤੇ ਅੰਕਿਤ ਹਿੰਦੂ ਦੇਵੀ ਦੇਵਤਿਆਂ ਦੇ ਚਿੱਤਰ ਵੀ ਹਨ''
ਸ਼ੀਸ਼ ਮਹਿਲ ਦੇ ਇਹ ਅਦਭੁਤ ਕਾਰੀਗਰੀ ਦੇ ਨਮੂਨੇ ਮੌਕੇ ਤੇ ਦੇਖ ਕੇ ਪਤਾ ਲੱਗਦਾ ਹੈ ਕਿ ਇਨ੍ਹਾਂ ਤੇ ਕਾਰੀਗਰਾਂ ਨੇ ਬਹੁਤ ਹੀ ਸਖ਼ਤ ਮਿਹਨਤ ਨਾਲ ਕੰਮ ਕੀਤਾ ਹੋਵੇਗਾ, ਇੱਥੇ ਮੌਜੂਦ ਕੁੱਝ ਜਾਣਕਾਰਾਂ ਨੇ ਦਸਿਆ ਕਿ ਇਸ ਮੀਨਾਕਾਰੀ ਵਿਚ ਸੋਨੇ ਦੀ ਵਰਤੋਂ ਵੀ ਕੀਤੀ ਗਈ ਹੈ, ਮੌਕੇ ਤੇ ਲਗਦਾ ਵੀ ਹੈ ਕਿਉਂਕਿ ਬੇਸ਼ੱਕ ਇਨ੍ਹਾਂ ਕਮਰਿਆਂ ਦਾ ਹਾਲ ਮਾੜਾ ਹੈ ਪਰ ਚਮਕ ਅਜੇ ਵੀ ਬਰਕਰਾਰ ਹੈ। ਇਸ ਕਮਰੇ ਵਿਚ ਬੜੇ ਗ਼ੌਰ ਨਾਲ ਦੇਖਣ ਤੋਂ ਪਤਾ ਲੱਗਦਾ ਹੈ ਕਿ ਇਹ ਮੀਨਾਕਾਰੀ ਵਿਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤਾਂ ਵੀ ਬਣੀਆਂ ਹਨ। ਪਰ ਇੱਥੇ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਜੀ ਦੀਆਂ ਫ਼ੋਟੋਆਂ ਮੀਨਾਕਾਰੀ ਵਿਚ ਨਹੀਂ ਹਨ ਸਗੋਂ ਇਹ ਉਂਜ ਸ਼ੀਸ਼ੇ ਵਿਚ ਜੜੀਆਂ ਤਿੰਨ ਫ਼ੋਟੋਆਂ ਹੀ ਹਨ। ਜੋ ਪੁਰਾਤਨ ਫ਼ੋਟੋਆਂ ਦੀ ਯਾਦਗਾਰ ਦਾ ਸਪਸ਼ਟ ਅਕਸ ਪੇਸ਼ ਕਰਦੀਆਂ ਹਨ। ਇੱਥੇ ਰਾਜਸਥਾਨ ਤੋਂ ਕੰਮ ਕਰ ਰਹੇ ਕਾਰੀਗਰਾਂ ਦਾ ਕਹਿਣਾ ਹੈ ਕਿ ਇਹ ਕੰਮ ਹੈ ਤਾਂ ਮੁਸ਼ਕਿਲ ਪਰ ਠੇਕੇਦਾਰ ਹੈ ਉਹ ਅਜਿਹੇ ਕਾਰੀਗਰਾਂ ਦਾ ਇੰਤਜ਼ਾਮ ਕਰਨਗੇ ਤਾਂ ਹੀ ਇਹ ਕਮਰੇ ਪੁਰਾਤਨ ਦਿੱਖ ਨੂੰ ਸਹੀ ਕਰਨ ਵਿਚ ਕਾਮਯਾਬ ਹੋਣਗੇ।

ਸ਼ੀਸ਼ ਮਹਿਲ ਦੇ ਅੰਦਰਲੇ ਕਮਰਿਆਂ ਦੀ ਹਾਲਤ ਮਾੜੀ ਹੈ : ਅਬਲੋਵਾਲ
ਇਸ ਬਾਬਤ ਸੁਰਜੀਤ ਸਿੰਘ ਅਬਲੋਵਾਲ ਚੇਅਰਮੈਨ ਪੰਜਾਬ ਸੇਰ ਸਪਾਟਾ ਵਿਕਾਸ ਨਿਗਮ ਨੇ ਸਵੀਕਾਰ ਕੀਤਾ ਕਿ ਸ਼ੀਸ਼ ਮਹਿਲ ਦੇ ਇਨ੍ਹਾਂ ਕਮਰਿਆਂ ਦੀ ਹਾਲਤ ਮਾੜੀ ਹੈ, ਪਰ ਢਾਈ ਕਰੋੜ ਦੇ ਕਰੀਬ ਫ਼ੰਡ ਸ਼ੀਸ਼ ਮਹਿਲ ਲਈ ਆਏ ਹਨ ਜਿਸ ਲਈ ਕੰਮ ਪੂਰਨ ਹੋਵੇਗਾ।

ਅਮਰਿੰਦਰ ਨੇ ਮੁੱਖ ਮੰਤਰੀ ਹੁੰਦੇ ਹੋਏ ਕੀਮਤੀ ਵਿਰਾਸਤ ਦੀ ਸੰਭਾਲ ਨਹੀ ਕੀਤੀ : ਠੰਡਲ
ਇਸ ਸਬੰਧੀ ਸ਼ੇਰ ਸਪਾਟਾ, ਵਿਰਾਸਤ ਮਾਮਲੇ ਤੇ ਸਭਿਆਚਾਰ ਮੰਤਰੀ ਸੋਹਨ ਸਿੰਘ ਠੰਡਲ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਇਸ ਕੀਮਤੀ ਵਿਰਾਸਤ ਨੂੰ ਸੰਭਾਲਣਾ ਸੀ, ਪਰ ਹੁਣ ਇਸ ਦਾ ਬੁਰਾ ਹਾਲ ਹੈ ਜਿਸ ਕਰਕੇ ਸਾਨੂੰ ਇਸ ਦੀ ਪੁਰਾਣੀ ਦਿੱਖ ਬਹਾਲ ਕਰਨ ਲਈ ਕਾਫੀ ਮਿਹਨਤ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਵੀ ਹੋਵੇ ਅਸੀਂ ਇਸ ਮਹਿਲ ਨੂੰ ਸਵਾਰ ਕੇ ਹੀ ਦਮ ਲਵਾਂਗੇ।

No comments:

Post a Comment