Saturday, September 19, 2015

ਭਾਰਤ ਦਾ ਸਭ ਤੋਂ ਛੋਟਾ ਤੇ ਖ਼ੂਬਸੂਰਤ ਪਿੰਡ 'ਨਾਨੋਕੀ'

ਕਰਨਲਾਂ ਲਫ਼ਟੈਣਾਂ ਦਾ ਪਿੰਡ ਨਾਨੋਕੀ

ਗੁਰਨਾਮ ਸਿੰਘ ਅਕੀਦਾ

ਭਾਰਤ ਦਾ ਸਭ ਤੋਂ ਛੋਟਾ ਅਤੇ ਖ਼ੂਬਸੂਰਤ ਪਿੰਡ ਨਾਨੋਕੀ ਅੱਜ ਵੀ ਆਪਣੇ ਆਪ ਵਿਚ ਦੇਸ਼ ਲਈ ਚਾਨਣ ਮੁਨਾਰਾ ਬਣਿਆ ਹੋਇਆ ਹੈ। ਜ਼ਿਲ੍ਹਾ ਪਟਿਆਲਾ ਬਲਾਕ ਨਾਭਾ ਵਿਚ ਆਉਂਦਾ ਭਾਦਸੋਂ ਨੇੜੇ ਨਾਨੋਕੀ ਪਿੰਡ ਵਿਚ ਛੁਪਿਆ ਹੋਇਆ ਇਤਿਹਾਸ ਦੇਖਿਆ ਜਾਵੇ ਤਾਂ ਹੈਰਾਨ ਕਰਨ ਵਾਲਾ ਹੈ, ਇਹ ਪਿੰਡ ਕਰਨਲਾਂ, ਲਫ਼ਟੈਣਾਂ ਜਨਰਲਾਂ ਤੋਂ ਲੈ ਕੇ ਹੋਰ ਕਈ ਅਹਿਮ ਕਿਰਦਾਰਾਂ ਨੂੰ ਜਨਮ ਦੇਣ ਵਾਲਾ ਹੈ, ਇਹ ਪਿੰਡ ਪਟਿਆਲਾ ਦਾ ਪਹਿਲਾ ਪਿੰਡ ਹੈ ਜਿਸ ਵਿਚ ਪੈਦਾ ਹੋਈ ਧੀ ਫ਼ੌਜ ਦੇ ਵੱਡੇ ਅਹੁਦੇ ਤੇ ਅੱਜ ਵੀ ਕਾਰਜਸ਼ੀਲ ਹੈ। ਸਿਆਸੀ ਲੀਡਰਾਂ ਤੋਂ ਲੈ ਕੇ ਫ਼ਿਲਮੀ ਲੇਖਕਾਂ ਤੱਕ ਨੂੰ ਜਨਮ ਦੇਣ ਵਾਲਾ ਹੀ ਨਹੀਂ ਸਗੋਂ ਖੇਤੀਬਾੜੀ, ਕਲਾਤਮਕ ਕਦਰਾਂ ਕੀਮਤਾਂ ਆਦਿ ਹੋਰ ਬਹੁਤ ਸਾਰੇ ਰੰਗ ਆਪਣੇ ਅੰਦਰ ਸਮੋਈ ਬੈਠਾ ਹੈ। ਮਹਾਰਾਜਾ ਨਾਭਾ ਹੀਰਾ ਸਿੰਘ ਨਾਲ ਸਰਦਾਰ ਮਹਿਤਾਬ ਸਿੰਘ, ਇਸੇ ਤਰ੍ਹਾਂ ਨਾਭਾ ਅਕਾਲ ਵਿਚ ਕੈਪਟਨ ਸਰਦਾਰ ਇੰਦਰ ਸਿੰਘ ਪਿੰਡ ਨਾਨੋਕੀ ਦੇ ਹੀ ਵਸਨੀਕ ਸਨ, ਇਸੇ ਪਿੰਡ ਦੇ ਕਰਨਲ ਸ੍ਰ. ਬਲਦੇਵ ਸਿੰਘ 14 ਸਾਲ ਦੀ ਉਮਰ 'ਚ 1941 ਵਿਚ ਨਾਭਾ ਅਕਾਲ ਇਨਫੈਂਟਰੀ ਵਿਚ ਅਫ਼ਸਰ ਕੈਡਟ ਸਿਲੈੱਕਟ ਹੋਏ, 1943 'ਚ ਬੰਗਲੌਰ ਓ. ਟੀ. ਐੱਸ. ਟਰੇਨਿੰਗ ਕਰਕੇ ਅਫ਼ਸਰ ਬਣ ਗਏ। ਉਹ 200 ਜਵਾਨਾਂ ਸਮੇਤ 1947 'ਚ ਮੁੰਬਈ ਤੋਂ ਕਈ ਖ਼ਤਰਿਆਂ ਦਾ ਸਾਹਮਣਾ ਕਰਦੇ ਹੋਏ ਇਟਲੀ ਗਏ। ਕਰਨਲ ਬਲਦੇਵ ਸਿੰਘ ਤ੍ਰਿਵੈਂਦਰਮ, ਮਲੇਸ਼ੀਆ ਜਾਂ ਫੇਰ ਨਾਗਾਲੈਂਡ, ਆਦਿ ਥਾਵਾਂ ਤੇ ਗਏ ਤੇ ਸਫਲਤਾ ਹਾਸਲ ਕਰਦੇ ਗਏ, 1965, 1971  ਦੀ ਜੰਗ ਵਿਚ ਵੀ ਉਨ੍ਹਾਂ ਦੁਸ਼ਮਣਾਂ ਦੇ ਛੱਕੇ ਛਡਾਏ ਫੇਰ ਕਰਨਲ ਬਣ ਗਏ ਸਨ। ਇਸ ਫੋਟੋ ਵਿਚ ਮਹਿਤਾਬ ਸਿੰਘ, ਮਾਤਾ ਭਗਵਾਨ ਕੌਰ, ਇੰਦਰ ਸਿੰਘ ਤੇ ਕਰਨਲ ਬਲਦੇਵ ਸਿੰਘ ਦੀ ਫ਼ੋਟੋ ਦੇ ਹੇਠਾਂ ਪਿੰਡ ਵੜਨ ਸਾਰਾ ਮਾਤਾ ਭਗਵਾਨ ਕੌਰ ਦਾ ਬੁੱਤ।
ਉਨ੍ਹਾਂ ਦੇ ਪਰਿਵਾਰ 'ਚੋਂ ਵੱਡਾ ਬੇਟਾ ਸੁਖਚਰਨ ਸਿੰਘ ਗਰੇਵਾਲ ਏਅਰਫੋਰਸ ਵਿੰਗ ਦੇ ਕਮਾਂਡਰ ਤੋਂ ਅਸਤੀਫ਼ਾ ਦੇ ਕੇ ਇੰਗਲੈਂਡ ਤੱਕ ਗਿਆ। ਰੁਪਿੰਦਰ ਸਿੰਘ ਕਰਨਲ ਰਹੇ ਜਿਨ੍ਹਾਂ ਦੇ ਧਰਮ ਪਤਨੀ ਪਰਮਿੰਦਰ ਕੌਰ ਗਰੇਵਾਲ ਅੱਜ ਕੱਲ੍ਹ ਪਿੰਡ ਦੇ ਪੜ੍ਹੇ ਲਿਖੇ ਸਰਪੰਚ ਹਨ, ਸ਼ੇਰ ਸਿੰਘ ਗਰੇਵਾਲ ਮੇਜਰ ਸਨ, ਏ ਐੱਸ ਗਰੇਵਾਲ ਵਿੰਗ ਕਮਾਂਡਰ ਰਹੇ, ਕਰਨਲ ਬਲਦੇਵ ਸਿੰਘ ਹੋਰਾਂ ਦਾ ਇਕ ਬੇਟਾ ਰੁਪਿੰਦਰ ਗਰੇਵਾਲ ਫ਼ੌਜ 'ਚ ਲੈਫ਼ਟੀਨੈਂਟ ਕਰਨਲ ਸੇਵਾ ਮੁਕਤ ਹੈ। ਕਰਨਲ ਬਲਦੇਵ ਸਿੰਘ ਦੇ ਬਾਪੂ ਪਹਿਲੀ ਸੰਸਾਰ ਜੰਗ ਵਿਚ ਟਰਾਂਸਪੋਰਟ ਅਫ਼ਸਰ ਸਨ, ਦਾਦਾ ਮਹਿਤਾਬ ਸਿੰਘ ਇੰਜੀਨੀਅਰ ਸਨ ਜਿਨ੍ਹਾਂ ਨੇ ਰੋਪੜ ਤੋਂ ਸਰਹਿੰਦ ਕੈਨਾਲ ਦੇ ਬਹੁਤ ਸਾਰੇ ਪੁਲ ਬਣਵਾਏ। ਉਨ੍ਹਾਂ ਦੀ ਇਮਾਨਦਾਰੀ ਕਰਕੇ ਨਾਭਾ ਰਾਜਾ ਨੇ ਉਨ੍ਹਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਕਿਹਾ ਜਿਨ੍ਹਾਂ ਨੇ ਫੂਲ ਤੇ ਜੈਤੋਂ ਆਦਿ ਪਸ਼ੂ ਮੰਡੀਆਂ ਬਣਵਾਈਆਂ।
ਇਸੇ ਪਿੰਡ ਦੀ ਸਿਆਸੀ ਲੀਡਰਾਂ ਵਿਚ ਪ੍ਰਮੁੱਖ ਦਸੇ ਜਾਂਦੇ ਗੁਰਬਚਨ ਸਿੰਘ ਨਾਨੋਕੀ ਦੀ ਬੇਟੀ ਲੜਕੀ ਲੈਫ਼ਟੀਨੈਂਟ ਮਾਨਵਿੰਦਰ ਕੌਰ ਫ਼ੌਜ ਵਿਚ ਅਫ਼ਸਰ ਬਣਨ ਵਾਲੀ ਇਹ ਪਟਿਆਲਾ ਦੀ ਪਹਿਲੀ ਕੁੜੀ ਹੈ, ਮਾਨਵਿੰਦਰ ਦਾ ਪਤੀ ਵੀ ਫ਼ੌਜ ਵਿਚ ਅਫ਼ਸਰ ਹੈ। ਇਸੇ ਤਰ੍ਹਾਂ ਇਸ ਪਿੰਡ ਵਿਚ ਵਿਆਹੇ ਹੋਇਆਂ ਵਿਚੋਂ ਭਾਰਤੀ ਨੇਵੀ ਵਿਚ ਲੈਫਟੀਨੇਟ ਕਮਾਂਡਰ ਪਾਇਲਟ ਰਣਬੀਰ ਸਿੰਘ ਢਿੱਲੋਂ, ਫ਼ੌਜ ਵਿਚ ਕਰਨਲ ਹਰਮਨਜੀਤ ਸਿੰਘ ਮੋਹੀ ਰਜੌਰੀ ਵਿਚ ਤਾਇਨਾਤ ਹੈ, ਪਿੰਡ ਨਾਨੋਕੀ ਦੇ ਸਰਦਾਰ ਜਸਵੰਤ ਸਿੰਘ ਏਅਰਫੋਰਸ ਵਿਚ ਵੀ ਰਹੇ। ਸਰਦਾਰ ਮਹਿਤਾਬ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਸਾਰਾ ਕਾਰੋਬਾਰ ਸੰਭਾਲਿਆ ਤੇ ਘੋੜੇ ਤੇ ਚੜ ਕੇ ਜ਼ਮੀਨ ਦੀ ਰਾਖੀ ਕੀਤੀ, ਜਿਸ ਦਾ ਬੁੱਤ ਪਿੰਡ ਵਿਚ ਵੜਨ ਸਾਰ ਹੀ ਲੱਗਾ ਨਜ਼ਰ ਆਉਂਦਾ ਹੈ।


ਪਿੰਡ ਵਸਾਏ ਜਾਣ ਦੀ ਦਿਲਚਸਪ ਕਹਾਣੀ
ਅੰਮ੍ਰਿਤਸਰ ਜ਼ਿਲ੍ਹੇ ਦੇ ਨਾਨੋਕੀ ਪਿੰਡ ਦਾ ਇਕ ਵਿਅਕਤੀ ਇੱਥੇ ਆਕੇ ਰਹਿਣ ਲੱਗਾ, ਕਰੀਬ 500 ਏਕੜ ਜ਼ਮੀਨ ਦਾ ਮਾਲਕ ਸੀ, ਪਿੰਡ ਸੁਧੇਵਾਲ ਤੇ ਸਕਰਾਲੀ ਦੇ ਲੋਕ ਹਮੇਸ਼ਾ ਆਪਣੇ ਖੂਹਾਂ ਦੀ ਹੱਦ ਨੂੰ ਲੈ ਕੇ ਝਗੜਦੇ ਰਹਿੰਦੇ ਸਨ। ਤਾਂ ਮਹਾਰਾਜਾ ਨਾਭਾ ਦੇ ਕਹਿਣ ਤੇ ਇਸ ਵਿਅਕਤੀ ਨੇ 500 ਏਕੜ ਜ਼ਮੀਨ ਦਾ ਵੱਖਰਾ ਪਿੰਡ ਬੰਨ੍ਹ ਦਿਤਾ ਜਿਸ ਦਾ ਨਾਮ ਨਾਨੋਕੀ ਹੀ ਰੱਖਿਆ। ਪਰ ਉਸ ਦੇ ਹਾਲਤ ਮਾੜੇ ਹੋ ਗਏ ਲਗਾਨ ਭਰਿਆ ਨਾ ਗਿਆ ਤਾਂ ਜ਼ਮੀਨ ਦੀ ਨਿਲਾਮੀ ਕਰਨੀ ਪਈ। ਮਹਿਤਾਬ ਸਿੰਘ ਇੱਥੇ ਨਹਿਰਾਂ ਦੇ ਪੁਲ਼ ਬਣਾਉਂਦੇ ਸੀ। ਉਸ ਨੇ ਮਹਾਰਾਜਾ ਨਾਭਾ ਦੇ ਕਹਿਣ ਅਨੁਸਾਰ ਇਹ ਜ਼ਮੀਨ ਸਿਰਫ਼ 7000 ਰੁਪਏ ਵਿਚ ਲੈ ਲਈ। ਪਰ ਰਾਜੇ ਨੇ ਇਨਸਾਫ਼ ਕੀਤਾ, ਉਸ ਵਿਅਕਤੀ ਦੀਆਂ ਦੋ ਔਰਤਾਂ ਨੂੰ ਦੋ ਖੂਹਾਂ ਦੀ ਜ਼ਮੀਨ ਦੇ ਦਿਤੀ, ਜਦੋਂ ਤੱਕ ਉਹ ਜਿੰਦਾ ਰਹੀਆਂ ਉਦੋਂ ਤੱਕ ਉਹ ਉੱਥੋਂ ਗੁਜ਼ਾਰਾ ਕਰਦੀਆਂ ਰਹੀਆਂ, ਮਰਨ ਤੋਂ ਬਾਅਦ ਉਹ ਜ਼ਮੀਨ ਵੀ ਮਹਿਤਾਬ ਸਿੰਘ ਦੇ ਕਬਜ਼ੇ ਵਿਚ ਆ ਗਈ ਅੱਜ ਵੀ ਉਨ੍ਹਾਂ ਖੂਹਾਂ ਦਾ ਨਾਮ ਮਾਈ ਵਾਲੇ ਖੂਹ ਹੀ ਵੱਜਦਾ ਹੈ।  ਭਾਰਤ ਸਰਕਾਰ ਨੇ 1987 ਵਿਚ ਪਿੰਡ ਦੀ ਖ਼ੂਬਸੂਰਤੀ ਤੇ ਭਾਰਤ ਦੇ ਸਭ ਤੋਂ ਛੋਟੇ ਪਿੰਡ ਲਈ ਰਾਸ਼ਟਰਪਤੀ ਐਵਾਰਡ ਦਿਤਾ ਗਿਆ। ਇਸ ਫੋਟੌ ਵਿਚ ਪਿੰਡ ਦੇ ਪ੍ਰਵੇਸ਼ ਤੇ ਵੱਡਾ ਸਾਰਾ ਬੋਰਡ ਲੱਗਾ ਨਜ਼ਰ ਆ ਰਿਹਾ ਹੈ।

ਵਿਦੇਸ਼ਾਂ ਵਿਚ ਨਾਨੋਕੀ : 
ਇਸ ਪਿੰਡ ਵਿਚ ਹਾਲਾਂ ਕਿ ਸਿਰਫ਼ 63 ਵੋਟਾਂ ਹੀ ਹਨ ਪਰ ਜ਼ਿਆਦਾ ਤਰ ਲੋਕ ਫ਼ੌਜ ਆਦਿ ਵਿਚ ਹਨ ਜਾਂ ਫਿਰ ਵਿਦੇਸ਼ਾਂ ਵਿਚ ਹਨ, ਜਿਸ ਕਰਕੇ ਇਸ ਵਾਰ ਸਿਰਫ਼ 33 ਵੋਟਾਂ ਹੀ ਪੋਲ ਹੋ ਪਾਈਆਂ ਹਨ, ਸਾਬਕਾ ਸਰਪੰਚ ਉਪਦੇਸ਼ ਪਾਲ ਸਿੰਘ ਪਰਵਾਰ ਸਮੇਤ ਅਮਰੀਕਾ ਵਿਚ ਹੈ, ਇਸੇ ਤਰ੍ਹਾਂ ਸੁਖਚਰਨ ਸਿੰਘ ਗਰੇਵਾਲ ਨਾਰਵੇ ਵਿਚ ਸੀ ਜਿੱਥੇ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ, ਜਸਦੇਵ ਸਿੰਘ ਗਰੇਵਾਲ ਇੰਗਲੈਂਡ, ਜਸਮੀਤ ਸਿੰਘ ਕੈਨੇਡਾ ਹੈ ਇਸੇ ਤਰ੍ਹਾਂ ਹੋਰ ਵੀ ਕਈ ਵਿਦੇਸ਼ ਵਿਚ ਹਨ। ਇਸ ਪਿੰਡ ਦੇ ਸਰਪੰਚ ਹਮੇਸ਼ਾ ਹੀ ਸਰਬ ਸੰਮਤੀ ਨਾਲ ਹੀ ਬਣਦੇ ਹਨ ਅੱਜ ਕੱਲ੍ਹ ਸਰਪੰਚ ਪਰਮਿੰਦਰ ਕੌਰ ਕਹਿੰਦੇ ਹਨ ਕਿ ਸਾਡੇ ਪਿੰਡ ਵਿਚ ਕੋਈ ਸਰਕਾਰੀ ਸਕੂਲ, ਸਰਕਾਰੀ ਡਿਸਪੈਂਸਰੀ, ਸਰਕਾਰੀ ਪਸੂਆਂ ਦਾ ਹਸਪਤਾਲ, ਕੋਈ ਸਰਕਾਰੀ ਪੰਚਾਇਤ ਘਰ ਜਾਂ ਫਿਰ ਧਰਮਸ਼ਾਲਾ ਆਦਿ ਨਹੀਂ ਹੈ, ਪਰ ਪਿੰਡ ਨੇ ਸਾਂਝ ਪਾਕੇ ਇਕ ਰੈਸਟ ਹਾਊਸ ਤੇ ਇਕ ਗੁਰਦੁਆਰਾ ਸਾਹਿਬ ਬਣਾਏ ਹਨ। ਪਿੰਡ ਵਿਚ ਸਿਰਫ਼ ਜੱਟ ਬਰਾਦਰੀ ਹੀ ਰਹਿੰਦੀ ਹੈ।


-ਏਸ਼ੀਅਨ ਖੇਡਾਂ ਦਾ ਸ਼ੇਰਾ ਬਣਾਉਣ ਵਾਲਾ 'ਗੈਰੀ ਆਰਟ ਕੇਂਦਰ' ਨਾਨੋਕੀ 

-ਵਿਦੇਸ਼ਾਂ ਵਿਚੋਂ ਵੀ ਗੈਰੀ ਫਾਰਮ ਨੂੰ ਦੇਖਣ ਲਈ ਆਉਂਦੇ ਹਨ ਸੈਲਾਨੀ

-ਖੇਤੀਬਾੜੀ ਵਿਚ ਸ਼ੇਰ-ਸਪਾਟਾ ਕੇਂਦਰ ਵਿਕਸਤ ਕਰਕੇ ਨਵੇਕਲਾ ਕੰਮ ਕੀਤਾ ਮਰਹੂਮ ਅਵਨਿੰਦਰ ਸਿੰਘ ਨੇ

ਅਵਨਿੰਦਰ ਸਿੰਘ ਗਰੇਵਾਲ ਮੂਰਤੀਆਂ (ਗੈਰੀ ਆਰਟ ਕੇਂਦਰ) ਬਣਾਉਂਦਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ। 1996 ਵਿਚ ਅਵਨਿੰਦਰ ਸਿੰਘ ਗਰੇਵਾਲ ਦੇ ਦੋਸਤ ਦਾ 'ਸਰਮੈਕਸ' ਦਾ ਕੰਮ ਛੋਟੀਆਂ ਕਲਾਕ੍ਰਿਤਾਂ (ਮੂਰਤਾਂ) ਬਣਾਉਣ ਦਾ ਕਾਫੀ ਢਿੱਲਾ ਚਲ ਰਿਹਾ ਸੀ ਫੇਰ ਅਵਨਿੰਦਰ ਸਿੰਘ ਨੇ ਇਹ ਕੰਮ ਆਪਣੇ ਹੱਥ ਵਿਚ 1999 ਵਿਚ ਲਿਆ, ਉਨ੍ਹਾਂ ਫਾਈਬਰ ਦੀਆਂ ਵੱਡੀਆਂ ਮੂਰਤੀਆਂ ਬਣਾਈਆਂ। ਉਨ੍ਹਾਂ ਪੰਜਾਬ ਦਾ ਸਭਿਆਚਾਰ ਇਨ੍ਹਾਂ ਮੂਰਤਾਂ ਰਾਹੀਂ ਦਿਖਾਇਆ। ਜਿਸ ਕਰਕੇ ਇਨ੍ਹਾਂ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਟੇਟ ਐਵਾਰਡ ਵੀ ਦਿਤਾ, ਅਵਨਿੰਦਰ ਸਿੰਘ ਗਰੇਵਾਲ ਅਣਆਈ ਮੌਤ ਤੋਂ ਬਾਅਦ ਇਹ ਸਾਰਾ ਕੰਮ ਉਨ੍ਹਾਂ ਦੀ ਬੇਟੀ ਗਗਨਦੀਪ ਕੌਰ ਨੇ ਸੰਭਾਲ ਲਿਆ। ਇਨ੍ਹਾਂ ਮੂਰਤਾਂ ਦਾ ਕਾਫੀ ਭੰਡਾਰ ਪਿੰਡ ਨਾਨੋਕੀ ਵਿਚ ਕਰਨਲ ਬਲਦੇਵ ਸਿੰਘ ਹੋਰਾਂ ਦੇ ਘਰ ਦੇ ਬਾਹਰ ਪ੍ਰਦਰਸ਼ਿਤ ਕੀਤਾ ਹੋਇਆ ਦੇਖਿਆ ਜਾ ਸਕਦਾ ਹੈ ਜਿਸ ਦੀ ਸੰਭਾਲ ਅਵਨਿੰਦਰ ਸਿੰਘ ਤੇ ਪੁੱਤਰ ਅਬਜਿੰਦਰ ਸਿੰਘ
ਕਰ ਰਹੇ ਹਨ। 'ਗੈਰੀ ਆਰਟ ਸੈਂਟਰ' ਨੇ ਪੰਜਾਬ ਦੇ ਸਭਿਆਚਾਰ ਵਿਚ ਜਿੱਥੇ ਬਲਦ, ਮੱਝਾਂ, ਇਨਸਾਨਾਂ, ਹਿਰਨਾਂ ਆਦਿ ਦੁੱਧ ਰਿੜਕਦੀ ਔਰਤ, ਪਾਣੀ ਪਿਲਾਉਂਦੀ ਔਰਤ, ਬੰਟੇ ਖੇਡਦੇ ਜਵਾਕ, ਘੁੰਡ ਕੱਢੀ ਬੈਠੀ ਨਵ ਵਿਆਹੀ, ਸੱਥ ਵਿਚ ਤਾਸ਼ ਖੇਡਦੇ ਪਿੰਡ ਦੇ ਲੋਕ, ਨਿਹੰਗ ਸਿੰਘ, ਪਿੰਡਾਂ ਦਾ ਪੁਰਾਤਨ ਖੂਹ ਸਭਿਆਚਾਰ, ਲੁਹਾਰੇ ਦੇ ਕੰਮ ਵਿਚ ਲੋਹਾਰ ਦਾ ਹੱਥ ਵਟਾਉਂਦੀ ਔਰਤ, ਤੋਂ ਲੈ ਕੇ ਸਭ ਤੋਂ ਅਹਿਮ ਕੰਮ ਏਸ਼ੀਅਨ ਖੇਡਾਂ ਦਾ ਸ਼ੇਰਾ ਬਣਾ ਕੇ ਕੀਤਾ, ਜੋ ਦੁਨੀਆਂ ਭਰ ਵਿਚ ਮਕਬੂਲ ਹੋਇਆ। ਇਨ੍ਹਾਂ ਮੂਰਤਾਂ ਵਿਚ ਸਿਰਫ਼ ਜਾਨ ਨਹੀ ਪਰ ਇਨ੍ਹਾਂ ਮੂਰਤੀਆਂ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਹੁਣੇ ਤੁਰਨਗੀਆਂ ਤੇ ਬੋਲਣਗੀਆਂ।

ਨਾਨੋਕੀ ਦਾ ਜੱਸ ਗਰੇਵਾਲ ਹੈ ਫ਼ਿਲਮਾਂ ਦਾ ਲੇਖਕ

ਗੁਰਬਚਨ ਸਿੰਘ ਨਾਨੋਕੀ ਦਾ ਬੇਟਾ ਜੱਸ ਗਰੇਵਾਲ (ਜੱਸ ਮਹਿੰਦਰ ਸਿੰਘ ਗਰੇਵਾਲ) ਨੇ ਫ਼ਿਲਮ 'ਜੱਟ ਜੈਮਸ ਬਾਂਡ' ਲਿਖੀ ਹੈ ਜਿਸ ਨੂੰ ਸਰਾਹਿਆ ਜਾ ਰਿਹਾ ਹੈ। ਜੱਸ ਗਰੇਵਾਲ ਨੂੰ ਹੁਣੇ ਹੀ ਪੀ ਟੀ ਸੀ ਵੱਲੋਂ  ਬੈੱਸਟ ਫ਼ਿਲਮ ਲੇਖਕ ਦਾ ਪਹਿਲਾ ਸਨਮਾਨ ਦਿਤਾ ਹੈ।  ਅੱਜ ਕੱਲ੍ਹ ਉਹ ਬਾਲੀਵੁੱਡ ਦੀ ਇਕ ਫ਼ਿਲਮ ਲਿਖਣ ਲੱਗਾ ਹੈ।

ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਹੋਇਆ ਪਿੰਡ ਨਾਨੋਕੀ

ਫਾਈਬਰ ਦੀਆਂ ਮੂਰਤਾਂ ਵਿਕਸਤ ਕਰਨ ਕਰਕੇ ਤੇ ਮੱਛੀ ਫਾਰਮ ਬਣਾਉਣ ਕਰਕੇ ਤੇ ਨੇੜੇ ਭਾਦਸੋਂ ਦਾ ਬੀੜ ਹੋਣ ਕਰਕੇ ਪਿੰਡ ਨਾਨੋਕੀ ਸੇਰ ਸਪਾਟਾ ਕੇਂਦਰ ਵਜੋਂ ਵਿਕਸਤ ਹੋ ਗਿਆ ਹੈ। ਇਸ ਕੰਮ ਦੀ ਅਗਵਾਈ ਕਰਨਲ ਬਲਦੇਵ ਸਿੰਘ ਦੇ ਪੋਤਰੇ ਅਬਜਿੰਦਰ ਸਿੰਘ ਗਰੇਵਾਲ ਕਰ ਰਹੇ ਹਨ।
ਇੱਥੇ ਘੋੜ ਸਵਾਰੀ, ਵੋਟਿੰਗ, ਬੱਘੀ ਸਵਾਰੀ, ਜੌਂਗਾ ਸਵਾਰੀ ਜਿਸ ਨਾਲ ਸੈਲਾਨੀਆਂ ਨੂੰ ਭਾਦਸੋਂ ਬੀੜ ਵਿਚ ਸ਼ੇਰ ਕਰਾਈ ਜਾਂਦੀ ਹੈ। ਇਸ ਤੋਂ ਇਲਾਵਾ ਇੱਥੇ ਹੋਰ ਕਈ ਤਰ੍ਹਾਂ ਦਾ ਬਚਿਆਂ ਲਈ ਖੇਡਣ ਦਾ ਪ੍ਰਬੰਧ, ਖਾਣੇ ਦਾ ਪ੍ਰਬੰਧ, ਪਿੰਡਾਂ ਵਿਚ ਪੁਰਾਣਾ ਸਭਿਆਚਾਰ ਦਿਖਾਉਣ ਦਾ ਪ੍ਰਬੰਧ, ਤਾਂ ਕੀਤਾ ਹੀ ਗਿਆ ਹੈ ਸਗੋਂ ਇੱਥੇ ਪੁਰਾਣੀ ਵਿਰਾਸਤ ਅਨੁਸਾਰ ਟੋਕਰੇ ਬਨਾਉਣੇ, ਪਸੂਆਂ ਦੀਆਂ ਮੁਹਰੀਆਂ ਬਣਾਉਣੀਆਂ, ਰੱਸੇ ਵਟਣੇ, ਘੁਮਹਾਰ ਦੇ ਚੱਕ ਦੇ ਮਿੱਟੀ ਦੇ ਭਾਂਡੇ ਬਨਾਉਣੇ ਵੀ ਸਿਖਾਇਆ ਜਾਂਦਾ ਹੈ ਇਸ ਸੈਂਟਰ ਵਿਚ ਆਕੇ ਪਿੰਡਾਂ ਦੇ ਸਭਿਆਚਾਰ ਤੋਂ ਅਣਜਾਣ ਵੀ ਪੂਰੀ ਜਾਣਕਾਰੀ ਹਾਸਲ ਕਰ ਲੈਣਾ ਹੈ। ਇੱਥੇ ਸਕੂਲਾਂ ਦੇ ਬਚਿਆਂ ਦੇ ਕੈਂਪ ਵੀ ਲਗਾਏ ਜਾਂਦੇ ਹਨ ਜਿਸ ਵਿਚ ਬਚਿਆਂ ਨੂੰ ਜ਼ਿੰਦਗੀ ਦਾ ਉਹ ਰੰਗ ਦਿਖਾਇਆ ਜਾਂਦਾ ਹੈ ਜਿਸ ਨੂੰ ਕਦੇ ਵੀ ਉਹ ਨਹੀਂ ਭੁੱਲਣਗੇ। ਜਿਸ ਵਿਚ ਜੰਗਲਾਂ ਵਿਚ ਗੁੰਮ ਹੋਣ ਤੋਂ ਬਾਅਦ ਬਾਹਰ ਆਉਣ ਲਈ ਕੀ ਤਰੀਕਾ ਅਪਣਾਇਆ ਜਾਵੇ, ਅੱਗ ਲੱਗਣ ਤੇ ਕੀ ਕੀਤਾ ਜਾਵੇ, ਭੁਚਾਲ ਆਉਣ ਦੇ ਕੀ ਕੀਤਾ ਜਾਵੇ ਆਦਿ। ਇਸ ਥਾਂ ਤੇ ਵਿਦੇਸ਼ਾਂ ਤੋਂ ਸੈਲਾਨੀ ਆਉਂਦੇ ਹਨ, ਸਰਕਾਰੀ ਅਧਿਕਾਰੀ ਮੁੱਖ ਸਕੱਤਰ ਤੱਕ ਇੱਥੇ ਪਰਵਾਰ ਸਮੇਤ ਆ ਚੁੱਕੇ ਹਨ। ਜ਼ਿਲ੍ਹਾ ਪ੍ਰਸ਼ਾਸਨ ਤਾਂ ਇੱਥੇ ਕਦੇ ਵੀ ਆ ਸਕਦਾ ਹੈ।


8146001100


No comments:

Post a Comment