Tuesday, August 11, 2015

ਡਾਕਟਰ ਬਣਨ ਦੀ ਚਾਹਤ ਦਿਲ ਵਿਚ ਲੈ ਕੇ ਆਖਿਰ ਅਲਵਿਦਾ ਕਹਿ ਗਈ ਬੇਅੰਤ ਕੌਰ

ਕਾਲਬੰਜਾਰਾ ਦੀ ਦਲਿਤ ਕੁੜੀ ਨੇ ਜ਼ਿਮੀਂਦਾਰਾਂ ਦੇ ਬਿਗੜੈਲ ਮੁੰਡਿਆਂ ਤੋਂ ਤੰਗ ਆਕੇ ਲਾ ਲਈ ਸੀ ਖ਼ੁਦ ਨੂੰ ਅੱਗ

ਸੁਖਬੀਰ ਬਾਦਲ ਨੇ ਸੰਗਰੂਰ ਦੇ ਐੱਸ ਐੱਸ ਪੀ ਤੋਂ ਕੀਤੀ ਰਿਪੋਰਟ ਤਲਬ

ਦੋਸ਼ੀਆਂ ਨੂੰ ਸਖ਼ਤ ਸਜਾ ਮਿਲੇ : ਭਗਵੰਤ ਮਾਨ

ਵਿਵੇਕਵੀਰ
ਚੰਡੀਗੜ੍ਹ : ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਲਬੰਜਾਰਾ ਦੀ ਦਲਿਤ 16 ਸਾਲਾ ਦਲਿਤ ਲੜਕੀ ਬੇਅੰਤ ਕੌਰ ਉਰਫ਼ ਗਗਨੀ ਆਖਿਰ ਸੜੇ ਹੋਏ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਚੰਡੀਗੜ੍ਹ ਦੇ ਪੀ ਜੀ ਆਈ ਵਿਚ ਮੌਤ ਦੇ ਮੂੰਹ ਜਾ ਪਈ, ਇਸ ਲੜਕੀ ਨੇ ਜ਼ਿਮੀਂਦਾਰਾਂ ਦੇ ਮੁੰਡਿਆਂ ਦੀ ਅਸ਼ਲੀਲ ਛੇੜਛਾੜ ਤੋਂ ਤੰਗ ਆਕੇ ਖ਼ੁਦ ਨੂੰ ਅੱਗ ਲਾ ਲਈ ਸੀ। ਇਸ ਲੜਕੀ ਦੀ ਮੌਤ ਸੰਗਰੂਰ ਜ਼ਿਲ੍ਹੇ ਦੀ ਪੁਲਸ ਅਤੇ ਪੰਜਾਬ ਸਰਕਾਰ ਦੀ ਅਮਨ ਕਾਨੂੰਨ ਦੀ ਵਿਵਸਥਾ ਤੇ ਕਾਫੀ ਪ੍ਰਸ਼ਨ ਚਿੰਨ੍ਹ ਖੜੇ ਕਰ ਗਈ ਹੈ। ਕਿਉਂਕਿ 5 ਅਗਸਤ ਤੋਂ 80 ਫ਼ੀਸਦੀ ਝੁਲਸੀ ਇਹ ਨਾਬਾਲਗ ਕੁੜੀ ਦੇ ਕਥਿਤ ਦੋਸ਼ੀਆਂ ਨੂੰ ਬਚਾਉਣ ਵਿਚ ਹੀ ਪੁਲਸ ਰੋਲ ਨਿਭਾਉਂਦੀ ਰਹੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੇਅੰਤ ਕੌਰ ਆਪਣੇ ਪਿੰਡ ਕਾਲਬੰਜਾਰਾ ਤੋਂ ਪਿੰਡ ਲਹਿਰਾ ਦਸਵੀਂ ਦੀ ਪੜ੍ਹਾਈ ਕਰਨ ਲਈ ਜਾਂਦੀ ਸੀ। ਉਸ ਦਾ ਭਰਾ ਜਗਸੀਰ ਸਿੰਘ ਪੰਚਾਇਤ ਸੰਮਤੀ ਦਾ ਮੈਂਬਰ ਹੋਣ ਕਰਕੇ ਇਕ ਪਤੀ ਪਤਨੀ ਜੋੜੇ ਦੇ ਤਲਾਕ ਦੇ ਮਾਮਲੇ ਨੂੰ ਨਿਪਟਾਉਣ ਲਈ ਕੰਮ ਕਰ ਰਿਹਾ ਸੀ, ਇਸ ਕਰਕੇ ਪਿੰਡ ਦੇ ਕੁੱਝ ਬਿਗੜੈਲ ਮੁੰਡੇ ਮਨੀ ਖਾਂਡੇਵਾੜ, ਮਨੀ ਕਾਲ ਬੰਜਾਰਾ, ਸਵਰਨ ਤੇ ਗੁਰਪਿਆਰ ਨੇ ਉਸ ਨੂੰ 24 ਦਿਨਾਂ ਤੱਕ ਅਸ਼ਲੀਲ ਛੇੜ ਛਾੜ ਕਰਕੇ ਬਹੁਤ ਜ਼ਿਆਦਾ ਪ੍ਰੇਸ਼ਾਨ ਕੀਤਾ। ਜਦੋਂ ਬੇਅੰਤ ਆਪਣੇ ਪਿੰਡ ਤੋਂ ਲਹਿਰਾ ਪੜ੍ਹਨ ਲਈ ਜਾਂਦੀ ਤਾਂ ਇਹ ਬਿਗੜੈਲ ਮੁੰਡੇ ਉਸ ਨਾਲ ਹੀ ਬੱਸ ਵਿਚ ਚੜ ਜਾਂਦੇ ਤੇ ਉਸ ਨਾਲ ਅਸ਼ਲੀਲ ਛੇੜਛਾੜ ਕਰਦੇ। ਉਸ ਦੇ ਸੰਵੇਦਨਸ਼ੀਲ ਅੰਗਾਂ ਨੂੰ ਹੱਥ ਲਾਕੇ ਉਨ੍ਹਾਂ ਨੂੰ ਛੇੜਦੇ ਸਨ। ਬੇਅੰਤ ਕੌਰ ਨੇ ਇਕ ਹਿੰਦੀ ਅਖ਼ਬਾਰ ਨੂੰ ਇੰਟਰਵਿਊ ਦਿੰਦੇ  ਹੋਏ ਕਿਹਾ ਕਿ ਮੈਨੂੰ ਚਾਰ ਲੜਕੇ ਰੋਜ਼ਾਨਾ ਜ਼ਬਰਦਸਤੀ ਰੋਕ ਕੇ ਕਹਿੰਦੇ ਕਿ ਤੇਰਾ ਭਾਈ ਦੂਜਿਆਂ ਦੇ ਮਾਮਲਿਆਂ ਵਿਚ ਬਹੁਤ ਪੈਂਦਾ ਹੈ। ਕਦੀ ਬੱਸ ਸਟਾਪ ਦੇ ਪਿੱਛੇ ਆ ਜਾਂਦੇ ਤੇ ਕਦੀ ਬੱਸ ਵਿਚ ਛੇੜਦੇ, ਕਦੀ ਛਾਤੀਆਂ ਫੜ ਕੇ ਖਿੱਚਦੇ ਪਰ ਮੈਂ ਰੋਣ ਤੋਂ ਸਿਵਾਏ ਕੁੱਝ ਨਹੀਂ ਕਰ ਸਕਦੀ ਸੀ। ਮੈਂ ਇਹ ਸਾਰੀ ਕਹਾਣੀ ਘਰ ਦੱਸਣ ਤੋਂ ਡਰਦੀ ਸੀ ਕਿਉਂਕਿ ਮੈਨੂੰ ਡਰ ਸੀ ਕਿ ਕਿਤੇ ਮੈਨੂੰ ਮੇਰੇ ਮਾਪੇ ਪੜ੍ਹਾਈ ਤੋਂ ਨਾ ਹਟਾ ਲੈਣ, ਮੈਂ ਡਾਕਟਰ ਬਣਨਾ ਚਾਹੁੰਦੀ ਸੀ। 4 ਅਗਸਤ ਨੂੰ ਬੱਸ ਵਿਚ ਚੜ੍ਹਦੇ ਹੋਏ ਮਨੀ ਨੇ ਮੇਰੇ ਸਤਨ ਨੂੰ ਫੜਿਆ ਤੇ ਅੱਧਨੰਗੀ ਕਰ ਦਿਤਾ। ਜਦੋਂ ਮੈਂ ਰੋਕਿਆ ਤਾਂ ਮਨੀ ਨੇ ਸਭ ਦੇ ਸਾਹਮਣੇ ਮੇਰੇ ਥੱਪੜ ਮਾਰੇ। ਸਾਰੇ ਕੋਲ ਖੜੇ ਦੇਖਦੇ ਰਹੇ ਇਸ ਕਰਕੇ ਮੈਂ ਜਾਨ ਦੇਣ ਲਈ ਤਿਆਰ ਹੋ ਗਈ। ਡਾਕਟਰ ਕਹਿੰਦੇ ਹਨ ਕਿ ਮੈਂ ਬਚ ਜਾਵਾਂਗੀ ਪਰ ਮੈਨੂੰ ਨਹੀਂ ਪਤਾ ਕਿ ਮੈਂ ਬਚ ਜਾਵਾਂਗੀ ਪਰ ਮੇਰੇ ਨਾਲ ਇਹੋ ਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਸਖ਼ਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ।

ਪੰਜ ਦਿਨਾਂ ਤੱਕ ਪੁਲਸ ਨੇ ਬਿਆਨ ਦਰਜ ਨਹੀਂ ਕਰਾਏ

ਸੰਗਰੂਰ ਪੁਲਸ ਜਾਣਦੀ ਸੀ ਕਿ 80 ਫ਼ੀਸਦੀ ਸੜੀ ਹੋਈ ਕੋਈ ਵੀ ਕੁੜੀ ਬਚ ਨਹੀਂ ਸਕਦੀ। ਇਸ ਲਈ ਪੁਲਸ ਨੇ 5 ਦਿਨਾਂ ਤੱਕ ਬਿਆਨ ਦਰਜ ਹੀ ਨਹੀਂ ਕੀਤੇ ਨਾ ਹੀ ਮੈਜਿਸਟਰੇਟ ਕੋਲ ਬਿਆਨ ਦਰਜ ਕਰਾਏ। ਜਦ ਕਿ ਜਲੀ ਹੋਏ ਵਿਅਕਤੀ ਦਾ ਮੈਜਿਸਟਰੇਟ ਕੋਲ ਬਿਆਨ ਦਰਜ ਕਰਾਉਣਾ ਜ਼ਰੂਰੀ ਸੀ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜੋ ਬਿਗੜੈਲ ਮੁੰਡੇ ਹਨ ਉਹ ਪਹੁੰਚ ਵਾਲੇ ਪਰਵਾਰਾਂ ਨਾਲ ਸਬੰਧਿਤ ਹਨ। ਪਰ ਪੁਲਸ ਦੇ ਏ ਡੀ ਜੀ ਪੀ ਇਕਬਾਲ ਸਹੋਤਾ ਨੇ ਕਿਹਾ ਸੀ ਕਿ ਪੁਲਸ ਦੀ ਲਾਪਰਵਾਹੀ ਹੋਈ ਤਾਂ ਕਾਰਵਾਈ ਕਰਾਂਗੇ।


ਸੁਖਬੀਰ ਬਾਦਲ ਨੇ ਸੰਗਰੂਰ ਐੱਸ ਐੱਸ ਪੀ ਤੋਂ ਕੀਤੀ ਰਿਪੋਰਟ ਤਲਬ

ਜਦੋਂ ਅੱਜ ਇਸ ਦਲਿਤ ਲੜਕੀ ਦੀ ਮੌਤ ਹੋ ਗਈ ਤਾਂ ਚੰਡੀਗੜ੍ਹ ਵਿਚ ਹੜਕੰਪ ਮੱਚ ਗਿਆ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਦੇ ਐੱਸ ਐੱਸ ਪੀ ਤੋਂ ਰਿਪੋਰਟ ਤਲਬ ਕਰ ਲਈ ਹੈ। ਸ੍ਰੀ ਬਾਦਲ ਨੇ ਕਿਹਾ ਹੈ ਕਿ ਇਸ ਸਬੰਧ ਵਿਚ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ।

ਦੋਸ਼ੀਆਂ ਤੇ ਸਖ਼ਤ ਕਾਰਵਾਈ ਹੋਵੇ : ਭਗਵੰਤ ਮਾਨ

ਪਾਰਲੀਮੈਂਟ ਵਿਚ ਉਠਾਵਾਂਗਾ ਮੁੱਦਾ

ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਗ਼ਰੀਬਾਂ ਦਲਿਤਾਂ ਉੱਤੇ ਅਪਰਾਧ ਵਧ ਰਹੇ ਹਨ, ਇਸ ਕਰਕੇ ਬੇਅੰਤ ਕੌਰ ਦੇ ਦੋਸ਼ੀਆਂ ਨੂੰ ਅਜਿਹੀ ਸਖ਼ਤ ਸਜਾ ਮਿਲੇ ਜਿਸ ਦੀ ਮਿਸਾਲ ਕਾਇਮ ਹੋਵੇ ਕਿ ਕੋਈ ਇਸ ਤਰ੍ਹਾਂ ਦਾ ਜੇਰਾ ਫੇਰ ਨਾ ਕਰ ਸਕੇ, ਉਨ੍ਹਾਂ ਕਿਹਾ ਕਿ ਮੋਗਾ ਕਾਂਡ, ਬਾਦਸ਼ਾਹਪੁਰ ਕਾਂਡ, ਆਦਿ ਹੋਰ ਬਹੁਤ ਸਾਰੇ ਪੰਜਾਬ ਵਿਚ ਕਾਂਡ ਹੋ ਰਹੇ ਹਨ ਜਿਨ੍ਹਾਂ ਦਲਿਤਾਂ ਦੀਆਂ ਕੁੜੀਆਂ ਬਹੁਤ ਜੁਲਮ ਹੋ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਦਲਿਤਾਂ ਦੀਆਂ ਸ਼ਾਮਲਾਤ ਜ਼ਮੀਨਾਂ ਕਰਕੇ ਝਗੜੇ ਹੋ ਰਹੇ ਹਨ ਪਰ ਪੰਜਾਬ ਸਰਕਾਰ ਸੁੱਤੀ ਪਈ ਹੈ, ਉਨ੍ਹਾਂ ਕਿਹਾ ਕਿ ਜੇਕਰ ਪਾਰਲੀਮੈਂਟ ਚਲੀ ਤਾਂ ਮੈਂ ਇਹ ਸਾਰੇ ਮੁੱਦੇ ਪਾਰਲੀਮੈਂਟ ਵਿਚ ਉਠਾਵਾਂਗਾ।


ਜੇ ਇਨਸਾਫ਼ ਨਾ ਮਿਲਿਆ ਤਾਂ ਸਾਰਾ ਪਰਵਾਰ ਆਤਮ ਦਾਹ ਕਰੇਗਾ : ਭਰਾ ਜਗਸ਼ੀਰ ਸਿੰਘ ਜੱਗਾ

ਬੇਅੰਤ ਕੌਰ ਦੇ ਭਰਾ ਜਗਸੀਰ ਸਿੰਘ ਜੱਗਾ ਨੇ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸਾਡਾ ਸਾਰਾ ਪਰਵਾਰ ਸਮੂਹਿਕ ਤੌਰ ਤੇ ਆਤਮ ਦਾਹ ਕਰੇਗਾ, ਉਨ੍ਹਾਂ ਕਿਹਾ ਕਿ ਦੋਸ਼ੀ ਮੁੰਡਿਆਂ ਨੂੰ ਸਖ਼ਤ ਸਜਾ ਮਿਲਣੀ ਚਾਹੀਦੀ ਹੈ। 

1 comment: