Friday, August 28, 2015

ਪਤੀ ਤੇ ਧੀ ਦੇ ਕਤਲ ਦਾ ਦਰਦ ਨਾਲੇ ਅਗਨੀ ਪ੍ਰੀਖਿਆ ਵੀ ਦੇਣੀ ਪਵੇਗੀ ਵਤਨਦੀਪ ਕੌਰ ਨੂੰ

ਆਰਮੀ ਅਫ਼ਸਰ ਤੇ ਇੰਜੀਨੀਅਰ ਬਣਨਾ ਚਾਹੁੰਦੀ ਸੀ ਵਤਨਦੀਪ ਕੌਰ

ਆਈ ਟੀ ਵਿਚ ਬੀ ਟੈੱਕ ਵਤਨਦੀਪ ਕੌਰ ਦਾ ਸਾਰਾ ਪਰਵਾਰ ਖ਼ਤਮ ਹੋਇਆ

ਨਾਲੇ ਤਾਂ ਉਸ ਦਾ ਪਤੀ ਮਾਰਿਆ, ਉਸ ਦੀ ਧੀ ਮਾਰੀ ਫੇਰ ਵੀ ਕੇਸ ਉਸੇ ਤੇ ਦਰਜ ਹੋਇਆ... 

ਕਿਸੇ ਨਿਰਪੱਖ ਏਜੰਸੀ ਤੋਂ ਪੜਤਾਲ ਹੋਵੇ ਤਾਂ ਮਾਮਲਾ ਬੜਾ ਹੀ ਖ਼ਤਰਨਾਕ ਮੋੜ ਲਵੇਗਾ??

ਗੁਰਨਾਮ ਸਿੰਘ ਅਕੀਦਾ

ਆਰਮੀ ਅਫ਼ਸਰ ਬਣਨ ਦੀ ਚਾਹਤ ਰੱਖਣ ਵਾਲੀ ਆਈ ਟੀ ਵਿਚ ਬੀ ਟੈੱਕ ਕਰਨ ਵਾਲੀ ਕੁੜੀ ਵਤਨਦੀਪ ਕੌਰ ਦੀ ਜ਼ਿੰਦਗੀ ਤਬਾਹ ਹੋ ਗਈ ਹੈ। ਇਕ ਪਾਸੇ ਉਸ ਦਾ ਪਤੀ ਦਿਲਾਵਰ ਸਿੰਘ ਕਤਲ ਹੋ ਗਿਆ ਦੂਜੇ ਪਾਸੇ ਉਸ ਦੀ ਇਕੋ ਇਕ ਡੇਢ ਸਾਲ ਦੀ ਕੁੜੀ ਸਿੱਦਕਜੋਤ ਦਾ ਵੀ ਕਤਲ ਹੋ ਗਿਆ, ਉਸ ਦਾ ਇਹ ਦਰਦ ਕੋਈ ਸਮਝੇਗਾ ਜਾਂ ਨਹੀਂ ਪਰ ਸਿਤਮ ਦੀ ਗੱਲ ਇਹ ਹੈ ਕਿ ਅਗਨੀ ਪ੍ਰੀਖਿਆ ਵਿਚੋਂ ਵੀ ਉਸੇ ਨੂੰ ਗੁਜ਼ਰਨਾ ਪਵੇਗਾ। ਜੋ ਇਹ ਫੋਟੋ ਹੈ ਇਹ ਸਕੈੱਚ ਵਤਨਦੀਪ ਕੌਰ ਤੇ ਉਸ ਦੇ ਪਤੀ ਨੇ ਸੁਖਨਾ ਝੀਲ ਚੰਡੀਗੜ੍ਹ ਤੇ ਦੋਵਾਂ ਨੇ ਬੈਠ ਕੇ ਬਣਾਇਆ ਸੀ, ਇਨ੍ਹਾਂ ਨਾਲ ਇਨ੍ਹਾਂ ਦੀ ਬੇਟੀ ਵੀ ਹੈ।
26 ਅਗਸਤ ਨੂੰ ਕਹਿਰ ਦਾ ਦਿਨ ਸੀ ਜਦੋਂ ਵਤਨਦੀਪ ਕੌਰ (ਉਮਰ 29 ਸਾਲ) ਦਾ ਸਾਰਾ ਪਰਵਾਰ ਹੀ ਤਹਿਸ ਨਹਿਸ ਹੋ ਗਿਆ। ਉਸ ਦੇ ਸਹੁਰੇ ਸੁਖਦੇਵ ਸਿੰਘ ਨੇ ਆਪਣਾ ਹੀ ਇਕਲੌਤਾ ਪੁੱਤਰ ਤੇ ਇਕਲੌਤੀ ਵਾਰਸ ਸਿੱਦਕਜੋਤ ਕੌਰ ਨੂੰ ਪਿਸਤੌਲ ਦੀਆਂ ਗੋਲੀਆਂ ਨਾਲ ਭੁੰਨ ਦਿਤਾ। ਪੁਲਸ ਨੇ ਵਤਨਦੀਪ ਕੌਰ ਦੀ ਸੱਸ ਦਵਿੰਦਰ ਕੌਰ ਦੀ ਸ਼ਿਕਾਇਤ ਤੇ ਥਾਣਾ ਸਿਵਲ ਲਾਈਨ ਪਟਿਆਲਾ ਵਿਚ ਆਈ ਪੀ ਸੀ ਦੀ ਧਾਰਾ 306 (ਕਿਸੇ ਨੂੰ ਮਰਨ ਲਈ ਉਕਸਾਉਣਾ) ਅਧੀਨ ਵਤਨਦੀਪ ਕੌਰ ਦੇ ਖ਼ਿਲਾਫ਼ ਤੇ ਉਸ ਦੇ ਸਾਬਕਾ ਫ਼ੌਜੀ ਪਿਤਾ ਅਜਾਇਬ ਸਿੰਘ ਖ਼ਿਲਾਫ਼ ਦਰਜ ਕਰ ਲਿਆ। ਇਸ ਸਬੰਧ ਵਿਚ ਪੁਲਸ ਅਜੇ ਪੜਤਾਲ ਕਰ ਰਹੀ ਹੈ, ਪੁਲਸ ਨੇ ਅਜੇ ਨਤੀਜਾ ਕੱਢਣਾ ਹੈ।
ਵਤਨਦੀਪ ਕੌਰ ਨੇ ਬੀ ਟੈੱਕ ਆਈ ਟੀ ਵਿਚ ਟੰਗੋਰੀ ਕਾਲਜ ਤੋਂ 75 ਫ਼ੀਸਦੀ ਨੰਬਰਾਂ ਨਾਲ ਕੀਤੀ ਸੀ, ਉਸ ਤੋਂ ਪਹਿਲਾਂ ਉਸ ਨੇ ਪਟਿਆਲਾ ਤੋਂ ਸਰਕਾਰੀ ਪੋਲੀਟੈਕਨੀਕਲ ਫ਼ਾਰ ਗਰਲਜ਼ ਤੋਂ ਡਿਪਲੋਮਾ ਕੀਤਾ ਸੀ, ਜਿਸ ਵਿਚ ਉਸ ਨੇ ਹਰ ਇਕ ਸਮੈਸਟਰ ਵਿਚ 11ਵਾਂ 13ਵਾਂ ਨੰਬਰ ਲੈ ਕੇ ਆਨਰਜ਼ ਦਾ ਮਾਣ ਪ੍ਰਾਪਤ ਕੀਤਾ। ਉਸ ਦਾ ਮਨ ਇੰਜੀਨੀਅਰ ਬਣਨ ਦਾ ਸੀ ਜਾਂ ਫਿਰ ਆਰਮੀ ਅਫ਼ਸਰ ਬਣਨ ਦਾ ਸੀ, ਪਰ ਵਕਤ ਨੇ ਮੋੜਾ ਦਿਤਾ ਕਿ 19 ਨਵੰਬਰ 2012 ਨੂੰ ਉਸ ਦਾ ਵਿਆਹ ਦਿਲਾਵਰ ਸਿੰਘ ਪਿੰਡ ਬਾਗੜੀਆਂ ਮੌਜੂਦਾ ਵਾਸੀ ਪ੍ਰੀਤਮ ਪਾਰਕ ਅਬਲੋਵਾਲ ਨਾ ਹੋ ਗਿਆ। ਉਸ ਦੇ ਪਤੀ ਨਾਲ ਉਸ ਦਾ ਪਿਆਰ ਬਹੁਤ ਜ਼ਿਆਦਾ ਰਿਹਾ, ਇੱਥੋਂ ਤੱਕ ਕਿ ਜਿਸ ਦਿਨ ਉਸ ਨੂੰ ਉਸ ਦੇ ਪਿਤਾ ਸੁਖਦੇਵ ਸਿੰਘ ਨੇ ਗੋਲੀਆਂ ਨਾਲ ਭੁੰਨਿਆਂ ਤਾਂ ਉਸ ਦਿਨ ਵੀ ਉਸ ਦਾ ਪਤੀ ਉਸ ਨੂੰ ਐਮ ਈ ਐੱਸ ਵਿਚ ਉਸ ਦੀ ਕਰਮ ਭੂਮੀ ਵਿਚ ਛੱਡ ਆਇਆ, ਇਹ ਕੰਮ ਦਿਲਾਵਰ ਦਾ ਰੋਜ ਦਾ ਸੀ, ਸਵੇਰੇ ਪਹਿਲਾਂ ਛੱਡ ਕੇ ਆਉਣਾ ਫੇਰ ਉਸ ਨੂੰ ਢਾਈ ਵਜੇ ਲੈ ਕੇ ਆਉਣਾ।
ਵਤਨਦੀਪ ਕੌਰ ਤਾਂ ਉਹ ਵੇਲਾ ਯਾਦ ਕਰਕੇ ਰੋਣ ਲੱਗ ਜਾਂਦੀ ਹੈ ਜਦੋਂ ਉਸ ਦਾ ਪਤੀ ਦਿਲਾਵਰ ਉਸ ਨੂੰ ਹਮੇਸ਼ਾ ਹਰ ਇਕ ਖ਼ੁਸ਼ੀ ਦੇਣ ਦਾ ਚਾਹਵਾਨ ਹੁੰਦਾ ਸੀ, ਸੁਖ਼ਨਾਂ ਝੀਲ ਚੰਡੀਗੜ੍ਹ ਗਏ ਤਾਂ ਉੱਥੇ ਸਕੈੱਚ ਬਣਾਇਅਾ, ਸਾਹਮਣੇ ਦੋਵੇਂ ਜਣੇ ਆਪਣੀ ਨੰਨ੍ਹੀ ਜਿਹੀ ਬੱਚੀ ਨੂੰ ਲੈ ਕੇ ਬੈਠ ਗਏ ਤਾਂ ਸਕੈੱਚ ਬਣਾਉਣ ਵਾਲੇ ਕਲਾਕਾਰ ਨੇ ਸਕੈੱਚ ਬਣਾ ਦਿਤਾ। ਜਿਸ ਨੂੰ ਦੇਖ ਕੇ ਵਤਨਦੀਪ ਕੌਰ ਰੋਂਦੀ ਰਹਿੰਦੀ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਗੁਹਾਟੀ ਜਾਣ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਦਿਲਾਵਰ ਦਾ ਜਨਮ ਦਿਨ ਸੀ, ਪਰ ਉਨ੍ਹਾਂ ਨੇ ਮੈਡੀਕਲ ਦੀ ਦੁਕਾਨ ਖੋਲ੍ਹਣੀ ਸੀ, ਜਿਸ ਕਰਕੇ ਰੁਪਿਆਂ ਦੀ ਲੋੜ ਸੀ, ਉਨ੍ਹਾਂ ਨੇ ਟਿਕਟਾਂ ਬੁੱਕ ਕਰਾਈਆਂ ਵੀ ਕੈਂਸਲ ਕਰਵਾ ਦਿੱਤੀਆਂ। ਉਸ ਦੇ ਪਤੀ ਦਿਲਾਵਰ ਦੇ ਖਾਤੇ ਵਿਚ ਕੋਈ ਰੁਪਿਆ ਨਹੀਂ ਹੁੰਦਾ ਸੀ, 43 ਵਿੱਘੇ ਜ਼ਮੀਨ ਦਾ ਸਾਰਾ ਠੇਕਾ ਉਸ ਦੀ ਸੱਸ ਦਵਿੰਦਰ ਕੌਰ ਲੈ ਜਾਂਦੀ ਸੀ, ਉਸ ਨੂੰ ਆਪਣੀ ਮਿਲਣ ਵਾਲੀ 20 ਹਜਾਰ ਦੀ ਤਨਖ਼ਾਹ ਵਿਚੋਂ ਹੀ ਆਪਣੀ ਬਿਮਾਰ ਬੱਚੀ ਦਾ ਇਲਾਜ ਕਰਾਉਣਾ ਪੈਂਦਾ ਤੇ ਨਾਲ ਹੀ ਉਸ ਨੂੰ ਆਪਣੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਜਿਸ ਦਾ ਉਸ ਨੇ ਇਕ ਡਾਇਰੀ ਵਿਚ ਹਿਸਾਬ ਵੀ ਰੱਖਿਆ ਹੈ, ਉਸ ਡਾਇਰੀ ਵਿਚ ਤਾਂ ਇਹ ਲਿਖਿਆ ਮਿਲਦਾ ਹੈ ਉਸ ਨੇ ਗੁਰਦੁਆਰਾ ਸਾਹਿਬ ਵਿਚ ਕਿੰਨੇ ਰੁਪਏ ਕਦੋਂ ਚੜਾਏ।
ਉਨ੍ਹਾਂ ਨੇ ਸੁਪਨੇ ਦੇਖੇ ਸਨ ਕਿ ਮੇਰਾ ਪਤੀ ਮੈਡੀਕਲ ਦੀ ਦੁਕਾਨ ਕਰੇਗਾ ਤਾਂ ਉਨ੍ਹਾਂ ਦੇ ਦਿਨ ਚੰਗੇ ਆਉਣਗੇ। ਜਿਸ ਲਈ ਉਨ੍ਹਾਂ ਨੇ ਆਪਣੇ ਮਾਤਾ ਦਵਿੰਦਰ ਕੌਰ ਤੇ ਪਿਤਾ ਸੁਖਦੇਵ ਸਿੰਘ ਤੋਂ ਰੁਪਏ ਮੰਗੇ ਪਰ ਉਨ੍ਹਾਂ ਵੱਲੋਂ ਲੜਾਈ ਤੇ ਕੋਰਾ ਜਵਾਬ ਮਿਲ ਗਿਆ। ਦੋਵਾਂ ਦਾ ਪਿਆਰ ਕਦੇ ਵੀ ਘੱਟ ਨਹੀਂ ਹੋਇਆ ਪਰ ਉਸ ਦੀ ਸੱਸ ਤੇ ਸਹੁਰੇ ਦਾ ਪਿਆਰ ਕਦੇ ਬਣਿਆ ਨਹੀਂ। ਉਸ ਦਾ ਸਹੁਰਾ ਉਨ੍ਹਾਂ ਕੋਲ ਰਹਿੰਦਾ ਤੇ ਉਸ ਦੀ ਸੱਸ ਆਪਣੇ ਜੇਠ ਦੇ ਘਰ ਸਿਰਫ਼ 4 ਮਰਦਾਂ ਦੇ ਵਿਚ ਰਹਿੰਦੀ ਸੀ। ਉੱਥੇ ਇਕ 10 ਸਾਲ ਦੀ ਕੁੜੀ ਹੀ ਸੀ, ਬਾਕੀ ਉੱਥੇ ਕੋਈ ਔਰਤ ਨਹੀਂ ਸੀ। ਪਰ ਇਸ ਬਾਰੇ ਉਸ ਨੂੰ ਕੋਈ ਗਿਲਾ ਨਹੀਂ ਰਿਹਾ, ਪਰ ਹੁਣ ਉਸ ਕੋਲ ਨਾ ਤਾਂ ਉਸ ਦਾ ਪਤੀ ਰਿਹਾ ਨਾ ਹੀ ਉਸ ਦੀ ਧੀ ਰਹੀ। ਉਲਟਾ ਉਸ ਤੇ ਹੀ ਪੁਲਸ ਨੇ ਕੇਸ ਵੀ ਦਰਜ ਕਰ ਲਿਆ। ਹੁਣ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਲਈ ਉਸ ਨੂੰ ਹੀ ਅਗਨੀ ਪ੍ਰੀਖਿਆ ਵਿਚ ਨੂੰ ਗੁਜ਼ਰਨਾ ਪਵੇਗਾ। ਉਸ ਦੀ ਸਾਰੀ ਪੜ੍ਹਾਈ ਕੀਤੀ ਹੋਈ ਹੁਣ ਹੋ ਸਕਦਾ ਹੈ ਕਿ ਕਿਸੇ ਕਹਿਰ ਭਰੇ ਦਿਨਾਂ ਤੇ ਰਾਤਾਂ ਵਿਚ ਹੀ ਬਦਲ ਜਾਣ। ਪਰ ਜੇਕਰ ਪੁਲਸ ਸਹੀ ਪੜਤਾਲ ਕਰਦੀ ਹੈ ਤਾਂ ਇਸ ਸਾਰੇ ਕਾਂਡ ਦਾ ਜ਼ਿੰਮੇਵਾਰ ਕੋਈ ਹੋਰ ਨਿਕਲੇਗਾ, ਜਿਸ ਨੇ ਆਪਣੀ ਪਤਨੀ ਨੂੰ ਤਲਾਕ ਦਿਤਾ, ਜਿਸ ਨੇ ਆਪਣੇ ਭਰਾ ਦਾ ਵਿਆਹ ਨਹੀਂ ਹੋਣ ਦਿਤਾ, ਜੋ ਆਪਣੇ ਭਰਾ ਦੀ ਜ਼ਮੀਨ ਦਾ ਹੱਕ ਵੀ ਖਾ ਰਿਹਾ ਹੈ, ਜੋ ਬਹੁਤ ਜ਼ਿਆਦਾ ਆਪਣੀ ਚਾਚੀ ਜਾਣੀ ਕਿ ਦਵਿੰਦਰ ਕੌਰ ਨਾਲ ਰਹਿੰਦਾ ਸੀ, ਕਿਉਂ ਰਹਿੰਦਾ ਸੀ ਉਹ ਆਪਣੀ ਚਾਚੀ ਨਾਲ? ਇਹ ਸਵਾਲ ਅੱਜ ਵਤਨਦੀਪ ਕੌਰ ਨੂੰ ਵੱਢ ਵੱਢ ਖਾ ਰਹੇ ਹਨ। ਆਖਿਰ ਜਦੋਂ ਵਤਨਦੀਪ ਦੇ ਸਹੁਰੇ ਨੇ ਕਥਿਤ ਉਸ ਦੇ ਪਤੀ ਤੇ ਉਸ ਦੀ ਡੇਢ ਸਾਲੀ ਧੀ ਨੂੰ ਗੋਲੀਆਂ ਮਾਰ ਕੇ ਭੁੰਨਿਆਂ ਤਾਂ ਉਸ ਨੇ ਆਪਣੀ ਪਤਨੀ ਦਵਿੰਦਰ ਕੌਰ ਨੂੰ ਫ਼ੋਨ ਕਰਕੇ ਕਿਉਂ ਕਿਹਾ ਕਿ 'ਮੈਂ ਤਾਂ ਜੋ ਕਰਨਾ ਸੀ ਕਰ ਦਿਤਾ ਹੁਣ ਤੂੰ ਆਕੇ ਸੰਭਾਲ ਲਾ, ਜਦੋਂ ਤੂੰ ਇੱਥੇ ਆਵੇਗੀ ਇੱਥੇ ਕੁੱਝ ਵੀ ਨਹੀਂ ਰਹਿਣਾ'
ਉਹ ਸੋਚਦੀ ਹੈ ਕਿ ਜਦੋਂ ਉਸ ਦੇ ਸਹੁਰੇ ਨੇ ਉਸ ਨੂੰ ਫ਼ੋਨ ਕਰ ਦਿਤਾ ਸੀ ਤਾਂ ਉਸ ਦਾ ਪਹਿਲਾ ਫ਼ਰਜ਼ ਮੈਨੂੰ (ਵਤਨਦੀਪ ਕੌਰ) ਨੂੰ ਕਰਨਾ ਬਣਦਾ ਸੀ, ਪਰ ਉਸ ਨੇ ਸਭ ਤੋਂ ਪਹਿਲਾਂ ਫ਼ੋਨ ਕੀਤਾ ਆਪਣੇ ਭਾਣਜੇ ਹਰਮਿੰਦਰ ਸਿੰਘ ਨੂੰ? ਉਹ ਅਬਲੋਵਾਲ ਘਟਨਾ ਵਾਲੀ ਥਾਂ ਤੇ ਆਉਂਦਾ ਹੈ ਤੇ ਫੇਰ ਚਲਾ ਜਾਂਦਾ ਹੈ। ਦਵਿੰਦਰ ਕੌਰ ਕਰੀਬ ਢਾਈ ਵਜੇ ਪੁੱਜਦੀ ਹੈ, ਜਦ ਕਿ ਉਸ ਨੂੰ ਤਾਂ ਉਸ ਦੇ ਪਤੀ ਸੁਖਦੇਵ ਸਿੰਘ ਨੇ ਜਿੰਦਾ ਹੁੰਦੇ ਹੋਏ ਹੀ ਫ਼ੋਨ ਕਰ ਦਿਤਾ ਸੀ, ਫੇਰ ਉਹ ਕਰੀਬ ਤਿੰਨ ਘੰਟੇ ਬਾਗੜੀਆਂ ਤੋਂ ਪਟਿਆਲਾ ਪੁੱਜਦੀ ਹੋਈ ਕਿੱਥੇ ਰਹੀ? ਉਸ ਦੇ ਨਾਲ ਹੀ ਹਰਮਿੰਦਰ ਵੀ ਆਉਂਦਾ ਹੈ, ਆਉਣ ਸਾਰ ਦਵਿੰਦਰ ਕੌਰ ਅੰਦਰ ਨਹੀਂ ਵੜਦੀ ਸਗੋਂ ਬਾਹਰ ਹੀ ਆਉਣ ਸਾਰ ਗਾਲ੍ਹਾਂ ਕੱਢਦੀ ਹੈ।
ਵਤਨਦੀਪ ਕੌਰ ਇਹ ਸੋਚ ਕੇ ਵੀ ਪ੍ਰੇਸ਼ਾਨ ਹੋ ਜਾਂਦੀ ਹੈ ਕਿ ਉਸ ਦਾ ਸਹੁਰਾ ਸੁਖਦੇਵ ਸਿੰਘ ਅਨਪੜ੍ਹ ਬੰਦਾ ਸੀ, ਉਸ ਨੂੰ ਤਾਂ ਫ਼ੋਨ ਵਿਚੋਂ ਨੰਬਰ ਵੀ ਕੱਢਣਾ ਨਹੀਂ ਆਉਂਦਾ ਸੀ? ਫੇਰ ਉਸ ਨੇ ਇਨਾ ਵੱਡਾ ਖ਼ੁਦਕੁਸ਼ੀ ਨੋਟ ਕਿਵੇਂ ਲਿਖ ਦਿਤਾ? ਉਹ ਕਹਿੰਦੀ ਹੈ ਕਿ ਉਹ ਤਾਂ ਫ਼ੋਨ ਕੱਢ ਕੇ ਡਾਇਰੀ ਵਿਚੋਂ ਲਿਖਾਉਂਦਾ ਸੀ, ਉਸ ਨੂੰ ਦਸਤਖ਼ਤ ਵੀ ਮਾੜੇ ਜਿਹੇ ਹੀ ਕਰਨੇ ਆਉਂਦੇ ਸਨ ਫੇਰ ਉਹ ਕਿਵੇਂ ਖ਼ੁਦਕੁਸ਼ੀ ਨੋਟ ਲਿਖ ਗਿਆ? ਉਹ ਇਹ ਵੀ ਸੋਚਦੀ ਹੈ ਕਿ ਕੁੱਝ ਮੀਡੀਆ ਵਿਚ ਇਹ ਖ਼ਬਰਾਂ ਲੱਗੀਆਂ ਹਨ ਕਿ ਮੇਰਾ ਸਹੁਰਾ ਸੁਖਦੇਵ ਸਿੰਘ ਸਾਬਕਾ ਫ਼ੌਜੀ ਹੈ, ਜਦ ਕਿ ਉਹ ਤਾਂ ਅਨਪੜ੍ਹ ਆਮ ਘਰੇਲੂ ਬੇਰੁਜ਼ਗਾਰ ਬੰਦਾ ਸੀ, ਫੇਰ ਮੀਡੀਆ ਕੋਲ ਇਹ ਗੱਲ ਕਿਵੇਂ ਪੁੱਜ ਗਈ ਕਿ ਉਹ ਸਾਬਕਾ ਫ਼ੌਜੀ ਹੈ? ਸਾਬਕਾ ਫ਼ੌਜੀ ਤਾਂ ਮੇਰਾ ਪਿਤਾ ਅਜਾਇਬ ਸਿੰਘ ਹੈ।
ਵਤਨਦੀਪ ਇਹ ਵੀ ਸੋਚਦੀ ਹੈ ਕਿ ਉਸ ਦੇ ਸਹੁਰੇ ਸੁਖਦੇਵ ਸਿੰਘ ਤੇ ਪਤੀ ਦਿਲਾਵਰ ਸਿੰਘ ਦਾ ਆਪਸ ਵਿਚ ਬਹੁਤ ਪਿਆਰ ਸੀ ਅਤੇ ਉਸ ਦੇ ਸਹੁਰੇ ਦਾ ਉਸ ਦੀ ਪੋਤੀ ਸਿਦਕ ਨਾਲ ਵੀ ਬਹੁਤ ਪਿਆਰ ਸੀ ਫੇਰ ਉਹ ਉਸ ਦੇ ਪਤੀ ਦਾ ਤੇ ਆਪਣੀ ਪੋਤੀ ਦਾ ਕਤਲ ਕਿਵੇਂ ਕਰ ਸਕਦਾ ਹੈ? ਇਹ ਵੀ ਚਿੰਤਾ ਉਸ ਨੂੰ ਸਤਾ ਰਹੀ ਹੈ।  ਉਹ ਕਹਿ ਰਹੀ ਹੈ ਕਿ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਜਿਸ ਦੀ ਪੜਤਾਲ ਹੋਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ। ਜਦੋਂ ਉਸ ਦਾ ਸਹੁਰਾ ਸੁਖਦੇਵ ਸਿੰਘ ਆਪਣੀ ਰਜਿਸਟਰਡ ਵਸੀਅਤ ਆਪਣੇ ਪੁੱਤਰ ਦਿਲਾਵਰ ਸਿੰਘ ਦੇ ਨਾਮ ਤੇ ਕਰਾ ਸਕਦਾ ਹੈ ਤਾਂ ਫਿਰ ਉਸ ਨੂੰ ਮਾਰ ਕਿਵੇਂ ਸਕਦਾ ਹੈ?
ਵਤਨਦੀਪ ਕੌਰ ਸੋਚਦੀ ਹੈ ਕਿ ਇਹ ਪੜਤਾਲ ਸਾਰੇ ਪੱਖਾਂ ਤੋਂ ਹੋਵੇ, ਆਂਢ ਗੁਆਂਢ ਤੋਂ, ਪੰਚਾਇਤ ਤੋਂ, ਬਾਗੜੀਆਂ ਤੋਂ, ਮੇਰੇ ਸਹੁਰੇ ਸੁਖਦੇਵ ਸਿੰਘ ਦੀਆਂ 6 ਭੈਣਾ ਹਨ ਤਾਂ ਫਿਰ ਉਹ ਉਸ ਦੀ ਤੇ ਉਸ ਦੇ ਪੁੱਤ ਦੀ ਮੌਤ ਤੇ ਕਿਉਂ ਨਹੀਂ ਆਈਆਂ? ਸੰਸਕਾਰ ਵੇਲੇ ਵੀ ਦੋ ਜਣੀਆਂ ਹੀ ਆਈਆਂ ਸਨ, ਸਾਰੀਆਂ ਕਿਉਂ ਨਹੀਂ ਆਈਆਂ?
ਬਾਕੀ ਕੱਲ੍ਹ.....
ਗੁਰਨਾਮ ਸਿੰਘ ਅਕੀਦਾ
8146001100

No comments:

Post a Comment