Monday, August 17, 2015

ਮਹਾਰਾਜਾ ਯਾਦਵਿੰਦਰ ਵੱਲੋਂ ਬਣਾਏ ਵਾਈਪੀਐਸ ਦਾ ਵਿਵਾਦ ਮੁੜ ਉੱਭਰਨ ਦੇ ਅਸਾਰ ਬਣੇ

ਵਾਈ ਪੀ ਐੱਸ ਵਿਚ ਹੀ ਗਣਤੰਤਰ ਤੇ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਹਨ

-ਵਾਈ ਪੀ ਐੱਸ ਨੂੰ ਸਰਕਾਰ ਆਪਣੀ ਪ੍ਰੋਪਰਟੀ ਸਮਝ ਕੇ ਜਸ਼ਨ ਮਨਾਉਣਾ ਗਲਤ : ਰਾਜਾ ਮਾਲਵਿੰਦਰ ਸਿੰਘ

-ਇਸ ਸਬੰਧੀ ਕਾਨੂੰਨੀ ਨੁਕਤਾ ਨਿਗਾਹ ਤੋਂ ਵਕੀਲਾਂ ਨਾਲ ਗੱਲ ਕਰਾਂਗੇ : ਚੇਅਰਮੈਨ

-ਦੋ ਦਹਾਕੇ ਪਹਿਲਾਂ ਵੀ ਮਾਨਯੋਗ ਅਦਾਲਤ ਨੇ ਕੀਤਾ ਸੀ ਸਰਕਾਰ ਨੂੰ ਨੋਟਿਸ ਜਾਰੀ

ਗੁਰਨਾਮ ਸਿੰਘ ਅਕੀਦਾ
ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ 1947 ਵਿਚ ਬਣਾਏ ਯਾਦਵਿੰਦਰਾ ਪਬਲਿਕ ਸਕੂਲ (ਵਾਈਪੀਐਸ) ਦੇ ਗਰਾਊਂਡ ਦਾ ਸਰਕਾਰ ਨਾਲ ਚਲ ਰਿਹਾ ਵਿਵਾਦ ਮੁੜ ਭਖਣ ਦੇ ਆਸਾਰ ਬਣਦੇ ਜਾ ਰਹੇ ਹਨ। ਕਿਉਂਕਿ ਇਸ ਤੋਂ ਪਹਿਲਾਂ ਵੀ ਵਾਈ ਪੀ ਐੱਸ ਨੇ ਪੰਜਾਬ ਸਰਕਾਰ 'ਤੇ ਕੇਸ ਕੀਤਾ ਸੀ। ਜਦੋਂ ਤੋਂ ਵਾਈ ਪੀ ਐੱਸ ਸਕੂਲ ਦੇ ਚੇਅਰਮੈਨ ਰਾਜਾ ਮਾਲਵਿੰਦਰ ਸਿੰਘ ਬਣੇ ਹਨ ਉਨ੍ਹਾਂ ਇਸ ਨੂੰ ਦੁਬਾਰਾ ਆਪਣੇ ਵਕੀਲਾਂ ਨਾਲ ਕਾਨੂੰਨੀ ਨੁਕਤਾ ਨਿਗਾਹ ਤੋਂ ਉਠਾਉਣ ਦੀ ਗੱਲ ਕੀਤੀ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਆਜ਼ਾਦੀ ਦੇ ਜਸ਼ਨਾਂ ਨੂੰ ਪਰਨਾਏ ਹੋਏ ਪਟਿਆਲਾ ਦੇ ਅਹਿਮ ਵਾਈ ਵੀ ਐੱਸ ਗਰਾਉਂਡ ਵਿਚ ਕਾਫੀ ਲੰਮੇ ਸਮੇਂ ਤੋਂ ਗਣਤੰਤਰ ਦਿਵਸ ਤੇ ਆਜ਼ਾਦੀ ਦੇ ਜਸ਼ਨ ਸਰਕਾਰੀ ਪੱਧਰ ਤੇ ਮਨਾਏ ਜਾ ਰਹੇ ਹਨ। ਇਸ ਜਗ੍ਹਾ ਤੇ ਪੰਜਾਬ ਦੇ ਕਰੀਬ ਹਰੇਕ ਮੁੱਖ ਮੰਤਰੀ ਤੇ ਰਾਜਪਾਲ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਹੈ। ਭਾਰਤ ਦੇ ਰਾਸ਼ਟਰਪਤੀ ਬਣੇ ਗਿਆਨੀ ਜ਼ੈਲ ਸਿੰਘ ਨੇ ਵੀ ਮੁੱਖ ਮੰਤਰੀ ਹੁੰਦਿਆਂ ਇੱਥੇ ਤਿਰੰਗਾ ਲਹਿਰਾਇਆ ਸੀ। ਜਾਣਕਾਰੀ ਅਨੁਸਾਰ 1947 ਵਿਚ ਮਹਾਰਾਜਾ ਯਾਦਵਿੰਦਰ ਸਿੰਘ ਨੇ ਇਹ ਸਕੂਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ, ਪਹਿਲਾਂ ਇਹ ਸਕੂਲ ਭੁਪਿੰਦਰਾ ਕੋਠੀ ਵਿਚ ਚਲਦਾ ਰਿਹਾ। 1948 ਵਿਚ ਇਹ ਸਕੂਲ ਆਪਣੇ ਪੂਰਨ ਰੂਪ ਵਿਚ ਆ ਗਿਆ ਸੀ। ਮਹਾਰਾਜਾ ਯਾਦਵਿੰਦਰ ਸਿੰਘ ਦੀ ਦੇਖ ਰੇਖ ਹੇਠ ਅੰਗਰੇਜ਼ੀ ਮਾਧਿਅਮ ਦਾ ਇਹ ਸਕੂਲ ਨਵੀਂ ਬਣੀ ਬਿਲਡਿੰਗ ਵਾਈ ਵੀ ਐੱਸ ਵਿਚ ਤਬਦੀਲ ਕਰ ਦਿਤਾ ਗਿਆ। ਬਜ਼ੁਰਗ ਪੱਤਰਕਾਰ ਅਵਤਾਰ ਸਿੰਘ ਗ਼ੈਰਤ ਅਨੁਸਾਰ ਜਦੋਂ 1962 ਦੇ ਨੇੜੇ ਤੇੜੇ ਇੱਥੇ ਰਾਸ਼ਟਰੀ ਖੇਡਾਂ ਹੋਈਆਂ ਸਨ , ਉਸ ਵੇਲੇ ਇੱਥੇ ਗਰਾਂਉਡ ਬਣਾਇਆ ਗਿਆ ਸੀ। ਜਾਣਕਾਰੀ ਅਨੁਸਾਰ ਵਾਈ ਪੀ ਐੱਸ 45 ਏਕੜ ਜ਼ਮੀਨ ਵਿਚ ਬਣਿਆ ਹੈ। ਇਸ ਵਿਚ ਬਣੇ ਗਰਾਂਉਡ ਦਾ 400 ਮੀਟਰ ਦਾ ਟਰੈਕ ਹੈ ਤੇ ਹਰ ਤਰ੍ਹਾਂ ਦੀ ਸੁਵਿਧਾ ਪ੍ਰਾਪਤ ਹੈ। ਇਸੇ ਗਰਾਂਉਡ ਵਿਚ ਰਾਸ਼ਟਰੀ ਜਸ਼ਨਾਂ ਮੌਕੇ ਬਹੁਤ ਸਾਰੇ ਯੋਗ ਵਿਅਕਤੀ ਆਪਣੀ ਪ੍ਰਤਿਭਾ ਦਾ ਇਜ਼ਹਾਰ ਕਰਦੇ ਹਨ। ਇਸ ਸਕੂਲ ਵਿਚ ਸਾਂਝੀ ਪੜਾਈ ਤਹਿਤ ਕਰੀਬ 1650 ਬੱਚੇ ਪੜਦੇ ਹਨ ਇੱਥੇ ਪੜ੍ਹ ਕੇ ਬਹੁਤ ਸਾਰੇ ਬੱਚੇ ਦੇਸ਼ਾਂ ਵਿਦੇਸ਼ਾਂ ਵਿਚ ਚੰਗੀਆਂ ਪਦਵੀਆਂ ਹਾਸਲ ਕਰ ਚੁੱਕੇ ਹਨ।
ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ ਇਸ ਸਕੂਲ ਦੇ ਅੱਜ ਕੱਲ੍ਹ ਪੈਟਰਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਹਨ, ਜਦ ਕਿ ਇਸ ਸਕੂਲ ਦੇ ਬਹੁਤ ਦੇਰ ਤੋਂ ਚੇਅਰਪਰਸਨ ਰਾਜ-ਮਾਤਾ ਮਹਿੰਦਰ ਕੌਰ ਹੀ ਰਹੇ ਹਨ ਪਰ ਅੱਜ ਕੱਲ੍ਹ ਵਾਈ ਪੀ ਐੱਸ ਦੇ ਚੇਅਰਮੈਨ ਰਾਜਾ ਮਾਲਵਿੰਦਰ ਸਿੰਘ ਨੂੰ ਬਣਾ ਦਿਤਾ ਗਿਆ ਹੈ, ਰਾਜਾ ਮਾਲਵਿੰਦਰ ਸਿੰਘ ਨੇ ਕਿਹਾ ਕਿ ਇਹ ਵਾਈ ਵੀ ਐੱਸ ਦੀ ਅਧਿਕਾਰਤ ਪ੍ਰੋਪਰਟੀ ਹੈ। ਇੱਥੇ ਜੋ ਗਰਾਂਉਡ ਬਣਿਆ ਹੈ ਉਸ ਵਿਚ ਜੋ ਰਾਸ਼ਟਰੀ ਝੰਡਾ ਲਹਿਰਾਇਆ ਜਾਂਦਾ ਹੈ ਉਹ ਚੰਗੀ ਗੱਲ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਅਸੀਂ ਦੋ ਦਹਾਕੇ ਪਹਿਲਾਂ ਸਰਕਾਰ ਤੇ ਕੇਸ ਕੀਤਾ ਸੀ ਕਿ ਇਸ ਪ੍ਰੋਪਰਟੀ ਤੇ ਉਹ ਆਪਣਾ ਹੱਕ ਜਮਾਉਂਦੀ ਹੋਈ ਆਜ਼ਾਦੀ ਦੇ ਜਸ਼ਨ ਮਨਾਉਂਦੀ ਹੈ ਜਿਸ ਸਬੰਧੀ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ, ਪਰ ਉਸ ਦਾ ਜਵਾਬ ਅਜੇ ਤੱਕ ਵੀ ਨਹੀਂ ਦਿਤਾ ਗਿਆ, ਹੁਣ ਅਸੀਂ ਫੇਰ ਇਸ ਕਾਰਵਾਈ ਬਾਰੇ ਦੁਬਾਰਾ ਆਪਣੇ ਵਕੀਲਾਂ ਨਾਲ ਸਲਾਹ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਇੱਥੇ ਸਰਕਾਰ ਆਪਣਾ ਹੱਕ ਜਮਾ ਕੇ ਆਜ਼ਾਦੀ ਦੇ ਜਸ਼ਨ ਮਨਾਏ। ਉਨ੍ਹਾਂ ਕਿਹਾ ਕਿ ਅਸੀਂ ਬੋਰਡ ਦੀ ਮੀਟਿੰਗ ਕਰਕੇ ਇਸ ਬਾਰੇ ਜਲਦੀ ਵਿਚਾਰ ਕਰ ਰਹੇ ਹਾਂ। ਕਿਉਂਕਿ ਇਹ ਵਾਈ ਪੀ ਐੱਸ ਦੀ ਵਿਰਾਸਤੀ ਪ੍ਰੋਪਰਟੀ ਹੈ। ਇਸ ਸਬੰਧ ਵਿਚ ਡੀ ਸੀ ਪਟਿਆਲਾ ਵਰੁਣ ਰੂਜਮ ਨੇ ਕਿਹਾ ਕਿ ਮੇਰੇ ਧਿਆਨ ਵਿਚ ਇਹੋ ਜਿਹਾ ਕੋਈ ਕਾਗ਼ਜ਼ਾਤ ਨਹੀਂ ਆਇਆ ਜਦੋਂ ਕੋਈ ਇਹੋ ਜਿਹੀ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਅਸੀਂ ਉਸ ਵੇਲੇ ਹੀ ਉਸ ਸਬੰਧੀ ਕੁੱਝ ਕਹਿ ਸਕਾਂਗੇ।

1 comment: