Sunday, August 16, 2015

ਜੇ ਮੈਂ ਲੋਕ ਸੰਪਰਕ ਮੰਤਰੀ ਹੋਵਾਂ?

ਸੋਚਣ ਵਿਚ ਕੀ ਹਰਜ਼ ਹੈ....

ਗੁਰਨਾਮ ਸਿੰਘ ਅਕੀਦਾ
ਇਹ ਬੜਾ ਅਨੋਖਾ ਵਿਸ਼ਾ ਸ਼ੁਰੂ ਕਰਨ ਜਾ ਰਿਹਾ ਹਾਂ ਦੋਸਤੋ, ਅਸੀਂ ਐਨ ਐੱਸ ਐੱਸ ਦੇ ਕੈਂਪ ਪਿੰਡਾਂ ਵਿਚ ਲਾਇਆ ਕਰਦੇ ਸਾਂ, ਉਸ ਵਿਚ ਕਈ ਵਾਰੀ ਭਾਸ਼ਣ ਵੀ ਹੋਇਆ ਕਰਦੇ ਸਨ। ਇਕ ਘੜੇ ਵਿਚ ਜਾਂ ਫਿਰ ਕੋਈ ਪੀਪਾ ਬਗੈਰਾ ਲੈ ਕੇ ਉਸ ਵਿਚ ਪਰਚੀਆਂ ਲਿਖ ਕੇ ਪਾ ਦਿੱਤੀਆਂ ਜਾਂਦੀਆਂ ਸਨ। ਉਸ ਵਿਚੋਂ ਕੋਈ ਵੀ ਵਿਦਿਆਰਥੀ ਇਕ ਪਰਚੀ ਕੱਢਦਾ ਸੀ, ਉਸ ਪਰਚੀ ਤੇ ਇਕ ਵਿਸ਼ਾ ਲਿਖਿਆ ਹੁੰਦਾ ਸੀ, ਜਿਸ ਤੇ ਉਸ ਵਿਦਿਆਰਥੀ ਨੇ ਭਾਸ਼ਣ ਦੇਣਾ ਹੁੰਦਾ ਸੀ। ਹੁਣ ਉਸ ਵੇਲੇ ਕੋਈ ਵੀ ਵਿਸ਼ਾ ਆ ਸਕਦਾ ਸੀ, ਜ਼ਰੂਰੀ ਨਹੀਂ ਹੈ ਕਿ ਉਸ ਵਿਸ਼ੇ ਦਾ ਉਹ ਮਾਹਿਰ ਹੀ ਹੋਵੇ, ਪਰ ਬੋਲਣਾ ਪੈਂਦਾ ਸੀ ਨਹੀਂ ਤਾਂ ਲੱਸੀ ਹੋ ਜਾਂਦੀ ਸੀ। ਅੱਜ ਮੈਂ ਵੀ ਇਕ ਘੜੇ ਵਿਚ ਪਰਚੀਆਂ ਪਾ ਦਿੱਤੀਆਂ ਹਨ। ਜੋ ਵੀ ਵਿਸ਼ਾ ਨਿਕਲੇਗਾ ਉਸ ਤੇ ਲਿਖਿਆ ਜਾਵੇਗਾ। ਅੱਜ ਇਹ ਵਿਸ਼ਾ ਨਿਕਲਿਆ ਹੈ ਕਿ
'ਜੇ ਮੈਂ ਲੋਕ ਸੰਪਰਕ ਮੰਤਰੀ ਹੋਵਾਂ?'
ਲੋਕ ਸੰਪਰਕ ਮੰਤਰੀ ਬਣਨਾ ਤਾਂ ਔਖਾ ਹੈ, ਪਰ ਸੁਪਨਾ ਦੇਖਣ ਵਿਚ ਕੀ ਹਰਜ ਹੈ। ਲੋਕ ਸੰਪਰਕ ਮੰਤਰੀ ਬਣਨ ਤੋਂ ਪਹਿਲਾਂ ਵੋਟਾਂ ਵਿਚ ਕਿਸੇ ਪਾਰਟੀ ਦਾ ਜਾਂ ਫਿਰ ਆਜ਼ਾਦ ਤੌਰ ਤੇ ਵਿਧਾਇਕ ਬਣਨਾ ਹੋਵੇਗਾ, ਵਿਧਾਇਕ ਤਾਂ ਬਣਾਂਗੇ ਜੇਕਰ ਕਿਸੇ ਵਿਧਾਨ ਸਭਾ ਹਲਕੇ ਤੇ ਲੋਕ ਤੁਹਾਨੂੰ ਵੋਟਾਂ ਪਾਕੇ ਜਿਤਾਉਣਗੇ। ਚਲੋ ਮੈਂ ਵਿਧਾਇਕ ਤਾਂ ਬਣ ਹੀ ਗਿਆ ਤਾਂ ਹੀ ਸੁਪਨਾ ਦੇਖਿਆ ਜਾ ਸਕਦਾ ਹੈ ਲੋਕ ਸੰਪਰਕ ਮੰਤਰੀ ਬਣਨ ਦਾ।
ਜੇ ਮੈਂ ਲੋਕ ਸੰਪਰਕ ਮੰਤਰੀ ਹੋਵਾਂ, ਤਾਂ ਮੈਂ ਲੋਕ ਸੰਪਰਕ ਮੰਤਰੀ ਬਣਨ ਸਾਰ ਹੀ ਪਹਿਲਾਂ ਤਾਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫ਼ਰੰਸ ਕਰਾਂਗਾ (ਨਹੀਂ ਨਹੀਂ ਬਾਈ ਜੀ ਪ੍ਰੈੱਸ ਕਲੱਬ ਛੋਟਾ ਪੈ ਜਾਵੇਗਾ, ਇਸ ਲਈ ਅਜਿਹੀ ਜਗ੍ਹਾ ਚੁਣੀ ਜਾਵੇਗੀ ਜੋ ਕਾਫੀ ਖੁੱਲ੍ਹੀ ਹੋਵੇ), ਉਸ ਪ੍ਰੈੱਸ ਕਾਨਫ਼ਰੰਸ ਵਿਚ ਸਾਰੇ ਅਖ਼ਬਾਰਾਂ, ਟੀਵੀ ਚੈਨਲਾਂ, ਵੈੱਬਸਾਈਟਾਂ, ਦੇ ਮੁੱਖ ਸੰਪਾਦਕ, ਸੰਪਾਦਕ, ਖ਼ਬਰ ਸੰਪਾਦਕ, ਪੱਤਰਕਾਰ ਬੁਲਾਏ ਜਾਣਗੇ। ਸਿਰਫ਼ ਚੰਡੀਗੜ੍ਹ ਦੇ ਹੀ ਨਹੀਂ ਸਗੋਂ ਸਾਰੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਇੰਚਾਰਜ ਇਸ ਪ੍ਰੈੱਸ ਕਾਨਫ਼ਰੰਸ ਵਿਚ ਨਿਮਰਤਾ ਸਹਿਤ ਸੱਦਾ ਦੇ ਕੇ ਬੁਲਾਏ ਜਾਣਗੇ। ਸਾਰਿਆਂ ਨੂੰ ਸਪਸ਼ਟ ਸ਼ਬਦਾਂ ਵਿਚ ਕਿਹਾ ਜਾਵੇਗਾ ਕਿ ''ਅੱਜ ਤੋਂ ਬਾਦ ਸਾਡੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰਾਂ ਵਿਚੋਂ ਪ੍ਰੈੱਸ ਨੋਟ ਜਾਰੀ ਨਹੀਂ ਹੋਣਗੇ। ਅੱਜ ਤੋਂ ਸਾਡੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਸਾਰੇ ਅਧਿਕਾਰੀ ਕਰਮਚਾਰੀ ਆਪਣੀਆਂ ਡਿਊਟੀ ਸਰਕਾਰ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਲਈ ਕਰਨਗੇ। ਉਹ  ਰੋਜ਼ਾਨਾ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਮੁਹੱਲੇ-ਮੁਹੱਲੇ, ਕਸਬੇ-ਕਸਬੇ, ਜਾ ਕੇ ਜੋ ਵੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਹਨ ਉਨ੍ਹਾਂ ਬਾਰੇ ਸਾਡੇ ਸੂਬੇ ਦੀ ਜਨਤਾ ਨੂੰ ਦੱਸਣਗੇ। ਉਹ ਪੂਰੀ ਤਰ੍ਹਾਂ ਨੀਤੀਆਂ ਦਾ ਪ੍ਰਚਾਰ ਕਰਨਗੇ। ਸਬਸਿਡੀਆਂ ਦਾ ਪ੍ਰਚਾਰ ਕਰਨਗੇ। ਦੇਸ਼ ਭਗਤੀ ਦੀਆਂ ਕਹਾਣੀਆਂ ਸੁਣਾਈਆਂ ਜਾਣਗੀਆਂ।''
ਕੁੱਝ ਪੱਤਰਕਾਰ ਇਹ ਸਵਾਲ ਕਰਨਗੇ ਕਿ ਫੇਰ ਸਰਕਾਰ ਦੇ ਮੰਤਰੀਆਂ ਆਦਿ ਦੀਆਂ ਖ਼ਬਰਾਂ ਕੋਣ ਕਰੇਗਾ? ਤਾਂ ਮੈਂ ਕਹਾਂਗਾ ਕਿ ਕੋਈ ਪ੍ਰੈੱਸ ਨੋਟ ਜਾਰੀ ਨਹੀਂ ਹੋਵੇਗਾ, ਸਗੋਂ ਪੱਤਰਕਾਰ ਖ਼ੁਦ ਪ੍ਰੋਗਰਾਮਾਂ ਵਿਚ ਜਾਣਗੇ ਤੇ ਖ਼ੁਦ ਹੀ ਜੋ ਦੇਖਣਗੇ ਉਹ ਹੀ ਲਿਖਣਗੇ। ਉਹ ਬੇਸ਼ੱਕ ਸਰਕਾਰ ਦੇ ਖ਼ਿਲਾਫ਼ ਲਿਖਣ, ਬੇਸ਼ੱਕ ਸਰਕਾਰ ਦੇ ਪੱਖ ਵਿਚ ਲਿਖਣ, ਉਹ ਪੱਤਰਕਾਰਾਂ ਦੀ ਮਰਜ਼ੀ ਤੇ ਨਿਰਭਰ ਹੋਵੇਗਾ, ਕਿਉਂਕਿ ਜੋ ਪ੍ਰੋਗਰਾਮ ਵਿਚ ਹੋਵੇਗਾ ਪੱਤਰਕਾਰਾਂ ਨੂੰ ਉਹ ਹੀ ਲਿਖਣਾ ਹੋਵੇਗਾ, ਨਾ ਕਿ ਮਨਮਰਜ਼ੀ ਦਾ ਲਿਖਣਾ ਹੋਵੇਗਾ। ਨੈਗੇਟਿਵ ਲਿਖੋ, ਜਾਂ ਫਿਰ ਪਾਜਿਟਿਵ ਲਿਖੋ ਜਾ ਮਰਜ਼ੀ ਲਿਖੋ, ਇਹ ਪੱਤਰਕਾਰ ਦੀ ਮਰਜ਼ੀ ਹੋਵੇਗੀ। ਪਰ ਹਾਂ ਜੇਕਰ ਪੱਤਰਕਾਰ ਗਲਤ ਮਨਘੜਤ ਲਿਖਦਾ ਹੈ ਤਾਂ ਉਸ ਖ਼ਿਲਾਫ਼ ਸਰਕਾਰ ਕੇਸ ਲੜੇਗੀ। ਸਰਕਾਰੀ ਖਰਚੇ ਤੇ ਕੇਸ ਲੜੇ ਜਾਣਗੇ। ਜੋ ਅਦਾਲਤ ਦਾ ਫ਼ੈਸਲਾ ਹੋਵੇਗਾ ਉਹ ਸਭ ਦੇ ਲਾਗੂ ਹੋਵੇਗਾ।
ਮੈਂ ਲੋਕਾਂ ਨਾਲ ਸੰਪਰਕ ਕਰਨ ਵਾਲਾ ਮੰਤਰੀ ਹੋਵਾਂਗਾ ਨਾ ਕਿ ਮੈਂ ਝੂਠੀਆਂ ਖ਼ਬਰਾਂ ਛਪਾ ਕੇ ਲੋਕਾਂ ਵਿਚ ਵਾਹ ਵਾਹ ਖੱਟਣ ਦਾ ਵਸੀਲਾ ਕਰਾਂਗਾ। ਮੈਂ ਲੋਕ ਸੰਪਰਕ ਮੰਤਰੀ ਬਣ ਕੇ ਇਹ ਵੀ ਤਹਿ ਕਰ ਦੇਵਾਂਗਾ ਕਿ ਲੋਕ ਹਰ ਸਮੇਂ ਕਿਸੇ ਵੀ ਸਮੇਂ ਕਿਸੇ ਵੀ ਸਰਕਾਰੀ ਪ੍ਰੋਗਰਾਮ ਦੀ ਸਲਾਹ ਲੈ ਸਕਣਗੇ। ਲੋਕ ਸੰਪਰਕ ਵਿਭਾਗ ਲੋਕਾਂ ਦਾ ਸਰਕਾਰ ਨਾਲ ਰਾਬਤਾ ਕਾਇਮ ਕਰਨ ਲਈ ਹੋਵੇਗਾ ਨਾ ਕਿ ਮਹਿਜ਼ ਪ੍ਰੈੱਸ ਨੋਟ ਜਾਰੀ ਕਰਨ ਲਈ ਹੀ। ਬਾਕੀ ਜੋ ਮੈਂ ਲੋਕ ਸੰਪਰਕ ਮੰਤਰੀ ਬਣ ਕੇ ਹੋਰ ਕੁੱਝ ਕਰਾਂਗਾ ਉਹ ਮੈਂ ਮੰਤਰੀ ਬਣਨ ਤੋਂ ਬਾਅਦ ਹੀ ਦੱਸਾਂਗਾ। ਅੱਜ ਹੀ ਥੋੜਾ ਸਾਰਾ ਕੁੱਝ ਪਰਦਾ ਖੋਹਲ ਦੇਣਾ ਹੈ, ਕੁੱਝ ਨਾ ਕੁੱਝ ਤਾਂ ਪਰਦੇ ਵਿਚੋਂ ਨਿਕਲਣਾ ਚਾਹੀਦਾ ਹੀ ਹੈ ਨਾ ਦੋਸਤੋ....।
ਦੋਸਤੋ ਇਹ ਤਾਂ ਮਹਿਜ਼ ਸੋਚਿਆ ਜਾ ਰਿਹਾ ਹੈ, ਸੋਚਿਆ ਤਾਂ ਕੁੱਝ ਵੀ ਜਾ ਸਕਦਾ ਹੈ, ਸੋਚ ਤਾਂ ਮੈਂ ਇਹ ਸਕਦਾ ਹਾਂ ਕਿ ਮੈਂ ਅਮਰੀਕਾ ਦਾ ਰਾਸ਼ਟਰਪਤੀ ਬਣ ਕੇ ਕੀ ਕਰਾਂਗਾ? ਕਿਸੇ ਨੂੰ ਸੋਚਣ ਦਾ ਤਾਂ ਅਧਿਕਾਰ ਹੁੰਦਾ ਹੀ ਹੈ। ਪਰ ਹਾਂ ਆਪਣੀ ਸੋਚ ਨੂੰ ਬਲੌਗ ਵਿਚ ਪਾਉਣ ਦਾ ਅਧਿਕਾਰ ਹੈ ਜਾਂ ਨਹੀਂ ਇਹ ਮੈਨੂੰ ਅਜੇ ਪਤਾ ਨਹੀਂ ਹੈ। ਚਲੋ ਸੋਚ ਲਿਆ ਤੇ ਲਿਖ ਵੀ ਲਿਆ ਤੇ ਬਲੌਗ ਤੇ ਵੀ ਪਾ ਦਿਤਾ, ਹੁਣ ਦੇਖੋ ਕੀ ਹੁੰਦਾ ਹੈ। ਸੱਬਾ ਖੈਰ ਦੋਸਤੋ.. ਜਿੰਦੇ ਰਹੋ, ਖ਼ੁਸ਼ ਰਹੋ....
ਗੁਰਨਾਮ ਸਿੰਘ ਅਕੀਦਾ
8146001100

No comments:

Post a Comment