Wednesday, August 12, 2015

ਮਹਾਰਾਜਾ ਭੂਪੇ ਦੀ ਮਹਾਰਾਣੀ ਯਸ਼ੋਧਾ ਦੇਵੀ ਦਾ ਖ਼ਾਨਦਾਨ ਤੇ ਵਿਰਾਸਤ ਖ਼ਤਮ ਹੋਈ

-ਹਿਮਾਚਲ ਦੇ ਗੁਲੇਰਾਂ ਰਿਆਸਤ ਤੋਂ ਮਹਾਰਾਜਾ ਭੁਪਿੰਦਰ ਸਿੰਘ ਨੇ ਵਿਆਹੀ ਸੀ ਮਹਾਰਾਣੀ ਗੁਲੇਰਾਂ ਵਾਲੀ

ਜਿੱਥੇ ਪੰਜਵੀਂ ਮਹਾਰਾਣੀ ਤੇ ਉਸ ਦੇ ਆਖ਼ਰੀ ਚਿਰਾਗ਼ ਨੇ ਅੰਤਿਮ ਸਾਹ ਲਏ ਉਹ ਜਗ੍ਹਾ ਵੀ ਵਪਾਰੀਆਂ ਵੱਲੋਂ ਤਬਾਹ ਕਰਨ ਦਾ ਖ਼ਦਸ਼ਾ

-ਕੰਵਰ ਮੋਹਨ ਇੰਦਰ ਸਿੰਘ ਆਖ਼ਰੀ ਦਿਨਾਂ ਵਿਚ ਥੋੜ੍ਹੀ ਥੋੜ੍ਹੀ ਜ਼ਮੀਨ ਵੇਚ ਕੇ ਗੁਜ਼ਾਰਾ ਕਰਦੇ ਰਹੇ 

ਗੁਰਨਾਮ ਸਿੰਘ ਅਕੀਦਾ
ਮਹਾਰਾਣੀ ਯਸ਼ੋਧਾ ਦੇਵੀ ਦੀ ਵਿਰਾਸਤ ਤੇ ਖ਼ਾਨਦਾਨ ਖ਼ਤਮ ਹੋ ਗਿਆ ਹੈ, ਉਸ ਦੀ ਇੱਕ ਕੋਠੀ ਤੇ ਕੁੱਝ ਜ਼ਮੀਨ ਹਿਮਾਚਲ ਪ੍ਰਦੇਸ ਵਿਚ ਰਹਿ ਗਈ ਹੈ। ਪਰ ਉੱਥੇ ਵੀ ਮਹਾਰਾਣੀ ਦੇ ਖ਼ਾਨਦਾਨ ਦਾ ਕੋਈ ਵੀ ਅੰਸ ਨਹੀਂ ਬਚਿਆ। ਦੂਜੇ ਪਾਸੇ ਪੰਜਾਬੀ ਯੂਨੀਵਰਸਿਟੀ ਦੇ ਪਿਛਲੇ ਪਾਸੇ ਜਿਸ ਕੋਠੀ ਵਿਚ ਕੰਵਰ ਮੋਹਨ ਇੰਦਰ ਸਿੰਘ ਰਿਹਾ ਉਹ ਉਨ੍ਹਾਂ ਨੇ ਜਾਂਦੇ ਹੋਏ ਨੌਕਰਾਂ ਦੇ ਹਵਾਲੇ ਕਰ ਦਿਤੀ ਹੈ ਜਿਸ ਤੇ ਵੀ ਝਗੜਾ ਚਲ ਰਿਹਾ ਹੈ। ਕੁੱਝ ਲੋਕ ਕਹਿੰਦੇ ਹਨ ਕਿ ਇਹ ਕੋਠੀ ਕੰਵਰ ਨੇ ਨੌਕਰਾਂ ਹਵਾਲੇ ਨਹੀਂ ਕੀਤੀ। ਪਰ ਰਾਜਾ ਮਾਲਵਿੰਦਰ ਸਿੰਘ ਕਹਿੰਦਾ ਹੈ ਕਿ ਜਾਂਦੇ ਹੋਏ ਕੰਵਰ ਸਾਹਿਬ ਆਪਣੀ ਇਹ ਕੋਠੀ ਨੌਕਰਾਂ ਦੇ ਹਵਾਲੇ ਕਰ ਗਏ ਹਨ।ਇਹ ਫੋਟੋ ਉਸ ਕੋਠੀ ਦੀ ਹੈ ਜੋ ਕੰਵਰ ਆਪਣੇ ਨੌਕਰਾਂ ਨੂੰ ਦੇ ਗਏ ਹਨ ਇਨਸੈੱਟ ਮਹਾਰਾਣੀ ਯਸ਼ੋਧਾ ਦੀ ਫੋਟੋ ਤੇ ਉਸ ਦੇ ਸਪੁੱਤਰ ਕੰਵਰ ਮੋਹਨ ਇੰਦਰ ਸਿੰਘ ਦੀ ਫੋਟ ਹੈ।
ਤੱਥ ਦੱਸਦੇ ਹਨ ਕਿ ਮਹਾਰਾਣੀ ਯਸ਼ੋਧਾ ਦੇਵੀ ਪਟਿਆਲਾ ਦੇ ਬਹੁਤ ਚਰਚਿਤ ਰਹੇ ਮਹਾਰਾਜਾ ਭੁਪਿੰਦਰ ਸਿੰਘ ਦੀ ਪੰਜਵੀਂ ਪਤਨੀ ਸੀ। ਜਿਸ ਨੂੰ ਮਹਾਰਾਜਾ ਭੁਪਿੰਦਰ ਸਿੰਘ ਨੇ ਹਿਮਾਚਲ ਪ੍ਰਦੇਸ ਦੇ ਗੁਲੇਰਾਂ ਪਿੰਡ ਚੋਂ ਵਿਆਹਿਆ ਸੀ, ਉਸ ਨੂੰ ਗੁਲੇਰਾਂ ਵਾਲੀ ਮਹਾਰਾਣੀ ਹੀ ਕਿਹਾ ਜਾਂਦਾ ਸੀ, ਮਹਾਰਾਣੀ ਦੇ ਦੋ ਸਪੁੱਤਰ ਕਰਨ ਇੰਦਰ ਸਿੰਘ ਤੇ ਮੋਹਨ ਇੰਦਰ ਸਿੰਘ ਪੈਦਾ ਹੋਏ, ਮੋਹਨ ਇੰਦਰ ਸਿੰਘ ਦਾ ਜਨਮ 30 ਦਸੰਬਰ 1931 ਨੂੰ ਮਹਾਰਾਜਾ ਭੁਪਿੰਦਰ ਸਿੰਘ ਦੇ ਮਰਨ ਤੋਂ ਐਨ 7 ਸਾਲ ਪਹਿਲਾਂ ਲਿਆ। ਪਟਿਆਲਾ ਮਾਡਲ ਟਾਊਨ ਵਿਚ ਇਨ੍ਹਾਂ ਦਾ ਬਹੁਤ ਵੱਡੀ 55 ਨੰਬਰ ਕੋਠੀ ਸੀ, ਜੋ ਮਹਾਰਾਣੀ ਦੇ ਵੱਡੇ ਪੁੱਤਰ ਕਰਨ ਇੰਦਰ ਸਿੰਘ ਨੇ ਵੇਚ ਦਿੱਤੀ, ਉਸ ਵਿਚੋਂ ਛੋਟੇ ਮੋਹਨ ਇੰਦਰ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਿਛਲੇ ਪਾਸੇ ਪਿੰਡ ਫਲੌਲੀ ਵਿਚ 28 ਏਕੜ ਜ਼ਮੀਨ ਤੇ ਇੱਕ ਕੋਠੀ ਉਸਾਰ ਕੇ ਦੇ ਦਿੱਤੀ। ਕਰਨ ਇੰਦਰ ਸਿੰਘ ਆਪ ਪਾਲਮਪੁਰ ਹਿਮਾਚਲ ਪ੍ਰਦੇਸ ਵਿਚ ਚਲੇ ਗਏ, ਉਸ ਨੇ ਵਿਆਹ ਕਰਾਇਆ, ਇੱਕ ਪੁੱਤਰ ਜੰਮਿਆ, ਪੁੱਤਰ ਦਾ ਵਿਆਹ ਕਰਾਇਆ ਪਰ ਉਹ ਮਰ ਗਿਆ ਹੁਣ ਉਸ ਦੀ ਬਹੁ ਹੀ ਜਿੰਦਾ ਹੈ।
ਦੂਜੇ ਪਾਸੇ ਮਹਾਰਾਣੀ ਦੇ ਛੋਟੇ ਪੁੱਤਰ ਮੋਹਨ ਇੰਦਰ ਸਿੰਘ ਨੇ ਵਿਆਹ ਹੀ ਨਹੀਂ ਕਰਾਇਆ, ਮਹਾਰਾਣੀ ਆਪਣੇ ਆਖ਼ਰੀ ਦਿਨਾਂ ਵਿਚ ਫਲੌਲੀ ਪਿੰਡ ਵਾਲੀ ਕੋਠੀ ਵਿਚ ਕੰਵਰ ਨਾਲ ਹੀ ਰਹੀ, ਜਿਸ ਦੀ ਮੌਤ 7 ਕੁ ਸਾਲ ਪਹਿਲਾਂ ਹੋਈ, ਸ਼ਰਾਬ ਜ਼ਿਆਦਾ ਪੀਣ ਕਰ ਕੇ ਕੰਵਰ ਦਾ ਲੀਵਰ ਖ਼ਰਾਬ ਹੋ ਗਿਆ, ਉਸ ਦੇ ਨੌਕਰ ਨਿਰਮਲ ਸਿੰਘ, ਚਰਨ ਸਿੰਘ, ਰਣਜੀਤ ਸਿੰਘ, ਰਤਨੇਸਵਰ, ਰਾਮਦੇਵ ਨੇ ਉਸ ਨੂੰ ਡੀ ਐਮ ਸੀ ਲੁਧਿਆਣਾ ਵਿਚ ਲੈ ਗਏ, ਉਸ ਦਾ ਵਜ਼ਨ ਮਸਾਂ 13 ਕਿੱਲੋ ਰਹਿ ਗਿਆ ਸੀ,  ਜੋ ਬਚ ਕੇ ਬਿਲਕੁਲ ਠੀਕ ਰਿਹਾ ਤੇ ਸ਼ਰਾਬ ਬਗੈਰਾ ਉਸ ਨੇ ਛੱਡ ਦਿੱਤੀ, ਖ਼ਰਚੇ ਚਲਾਉਣ ਲਈ ਉਹ ਜ਼ਮੀਨ ਵੇਚਣ ਲੱਗ ਪਿਆ, 30 ਜਨਵਰੀ 2014 ਨੂੰ ਆਖ਼ਰੀ ਸਾਹ ਲੈਣ ਤੋਂ ਪਹਿਲਾਂ ਉਸ ਨੇ ਆਪਣੀ ਬਾਕੀ ਰਹਿ ਗਈ ਢਾਈ ਕਨਾਲ ਜ਼ਮੀਨ ਆਪਣੇ ਦੋ ਨੌਕਰਾਂ ਚਰਨ ਸਿੰਘ ਤੇ ਰਣਜੀਤ ਸਿੰਘ ਦੇ ਨਾਮ (ਉਨ੍ਹਾਂ ਦੀ ਸਾਰੀ ਉਮਰ ਦੀ ਸੇਵਾ ਬਦਲੇ) ਕਰ ਦਿੱਤੀ। ਹੁਣ ਦੁੱਖ ਦੀ ਗੱਲ ਇਹ ਵਾਪਰ ਰਹੀ ਹੈ ਕਿ ਜੋ ਜ਼ਮੀਨ ਮੋਹਨ ਇੰਦਰ ਸਿੰਘ ਨੇ ਵੇਚੀ ਹੈ, ਜਿੱਥੇ ਮਹਾਰਾਣੀ ਨੇ ਆਖ਼ਰੀ ਦਿਨ ਬਿਤਾਏ ਉਸ ਕੋਠੀ ਵਾਲੀ ਜਗ੍ਹਾ ਦਾ ਨੰਬਰ ਵੀ ਗ਼ਲਤੀ ਨਾਲ ਵੇਚਿਆ ਗਿਆ। ਹੁਣ ਖ਼ਰੀਦਦਾਰ ਇਹ ਕੋਠੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਜਿਸ ਬਾਰੇ ਰਾਜਾ ਮਾਲਵਿੰਦਰ ਸਿੰਘ ਨੇ ਕਿਹਾ ਹੈ ਕਿ ਉਸ ਜਗ੍ਹਾ ਬਦਲੇ ਉਨ੍ਹਾਂ ਨੂੰ ਹੋਰ ਜਗ੍ਹਾ ਦਿੱਤੀ ਜਾ ਸਕਦੀ ਹੈ। ਪਰ ਜਿਨ੍ਹਾਂ ਨੌਕਰਾਂ ਨੇ ਕੰਵਰ ਦੀ ਸੇਵਾ ਕੀਤੀ ਹੈ ਉਹ ਕੋਠੀ ਉਨ੍ਹਾਂ ਕੋਲ ਹੀ ਯਾਦਗਾਰ ਵਜੋਂ ਰਹਿਣੀ ਚਾਹੀਦੀ ਹੈ। ਜਦੋਂ ਇਸ ਪੱਤਰਕਾਰ ਨੇ ਯਾਦਗਾਰ ਕੋਠੀ ਵਿਚ ਜਾ ਕੇ ਦੇਖਿਆ ਤਾਂ ਅੰਦਰ ਬਹੁਤ ਸਾਰਾ ਸਮਾਨ ਖਿੱਲਰਿਆ ਪਿਆ ਸੀ, ਕੁੱਝ ਧਾਰਮਿਕ ਵਸਤਾਂ ਵੀ ਉੱਥੇ ਮੋਤੀਆਂ ਵਿਚ ਜੜੀਆਂ ਮਿਲੀਆਂ। ਪਰ ਮਹਾਰਾਜਾ ਭੁਪਿੰਦਰ ਸਿੰਘ ਦੇ ਸਪੁੱਤਰ ਦਾ ਘਰ ਇਸ ਤਰ੍ਹਾਂ ਲਾਵਾਰਸ ਹੋਵੇਗਾ ਕੋਈ ਸੋਚ ਵੀ ਨਹੀਂ ਸਕਦਾ।


ਮਹਾਰਾਣੀ ਯਸ਼ੋਧਾ ਦੇਵੀ ਤੇ ਕੰਵਰ ਮੋਹਨ ਇੰਦਰ ਸਿੰਘ ਦੀ ਸੇਵਾ ਕਰਨ ਵਾਲੇ ਨੌਕਰਾਂ ਚਰਨ ਸਿੰਘ ਤੇ ਰਣਜੀਤ ਸਿੰਘ ਨੇ ਕਿਹਾ ਹੈ ਕਿ ਕੰਵਰ ਹੋਰਾਂ ਦੀ ਸੇਵਾ ਲਈ ਸੰਭਾਲ ਲਈ ਕੋਈ ਵੀ ਨਹੀਂ ਆਉਂਦਾ ਸੀ, ਜਿਸ ਦਿਨ ਕੰਵਰ ਹੋਰਾਂ ਦੀ ਮੌਤ ਹੋਈ, ਉਸ ਦਿਨ ਵੀ ਸਿਰਫ਼ ਅਸੀਂ ਹੀ ਦੋ ਬੰਦੇ ਉਸ ਕੋਲ ਸਾਂ, ਰਾਜਾ ਮਾਲਵਿੰਦਰ ਸਿੰਘ ਨੇ ਫ਼ੋਨ ਕਰ ਕੇ ਇੱਥੇ ਪੁਲਸ ਦਾ ਪਹਿਰਾ ਲਗਾ ਦਿੱਤਾ ਸੀ ਤਾਂ ਕਿ ਕੋਈ ਉਨ੍ਹਾਂ ਦੀ ਜ਼ਮੀਨ ਦੇ ਕਬਜ਼ਾ ਨਾ ਕਰ ਲਵੇ। ਕੰਵਰ ਦਾ ਅੰਤਿਮ ਸੰਸਕਾਰ ਸਾਹੀਂ ਸਮਾਧਾਂ ਪਟਿਆਲਾ ਵਿਚ ਹੀ ਕੀਤਾ ਗਿਆ, ਅੰਤਿਮ ਰਸਮਾਂ ਸਮੇਂ ਕੁੱਝ ਲੋਕ ਆਏ ਸਨ, ਸਭ ਨੇ ਜੋ ਕੰਵਰ ਦਾ ਫ਼ੈਸਲਾ ਸੀ ਉਸ 'ਤੇ ਫ਼ੁਲ ਚੜ੍ਹਾ ਦਿੱਤੇ ਸਨ। ਹੁਣ ਇੱਕ ਲਾਲਾ ਸਾਨੂੰ ਕਹਿ ਰਿਹਾ ਹੈ ਕਿ ਉਹ ਕੋਠੀ ਢਾਹੇਗਾ ਕਿਉਂਕਿ ਉਹ ਉਸ ਦੇ ਖ਼ਰੀਦੇ ਹੋਏ ਨੰਬਰ ਵਿਚ ਪੈਂਦੀ ਹੈ। ਇਸ ਕਰ ਕੇ ਸਾਨੂੰ ਖ਼ਤਰਾ ਬਣਿਆ ਹੋਇਆ ਹੈ। ਇਹ ਫੋਟੋ ਉਨ੍ਹਾਂ ਦੋਵਾਂ ਨੌਕਰਾਂ ਦੀ ਹੈ ਜਿਨ੍ਹਾਂ ਨੇ ਕੰਵਰ ਦੀ ਆਖਿਰੀ ਸਮੇਂ ਸੇਵਾ ਕੀਤੀ ਤੇ ਇਨ੍ਹਾਂ ਦੇ ਨਾਂਮ ਤੇ ਇਹ ਕੋਠੀ ਕੰਵਰ ਨੇ ਲਵਾ ਦਿਤੀ, ਪਰ ਦੂਜੇ ਪਾਸੇ ਵਿਰੋਧੀਆਂ ਵਲੋਂ ਇਨ੍ਹਾਂ ਨੋਕਰਾਂ ਬਾਰੇ ਕਿਹਾ ਹੈ ਕਿ ਇਹ ਗਲਤ ਹਨ ਜਿਨ੍ਹਾਂ ਨੇ ਧੋਖੇ ਨਾਲ ਇਹ ਕੋਠੀ  ਆਪਣੇ ਨਾਮ ਕਰਾਈ ਹੈ।

No comments:

Post a Comment