Tuesday, August 11, 2015

ਇਕ ਨਿਸ਼ਾਨ ਸਾਹਿਬ : ਜਿਸ ਦੇ ਦਰਸ਼ਨ ਕਰਕੇ ਆਉਂਦੀ ਹੈ ਨੌਵੇਂ ਗੁਰੂ ਦੀ ਯਾਦ

ਐਨ ਆਈ ਐੱਸ ਨਾਲ 1968 ਤੋਂ ਕੇਸ ਲੜ ਰਹੀ ਸੀ ਐਸਜੀਪੀਸੀ

ਗੁਰੂ ਤੇਗ਼ ਬਹਾਦਰ ਸਾਹਿਬ ਦੀ ਛੋ ਪ੍ਰਾਪਤ ਸਥਾਨ ਤੇ ਮਹਾਰਾਜਾ ਕਰਮ ਸਿੰਘ ਨੇ ਬਣਾਇਆ ਸੀ ਗੁਰੂ ਘਰ
ਗੁਰਨਾਮ ਸਿੰਘ ਅਕੀਦਾ
ਇਤਿਹਾਸ ਦੀਆਂ ਅਨੇਕਾਂ ਕੌੜੀਆਂ ਕਸੈਲ਼ੀਆਂ ਯਾਦਾਂ ਆਪਣੇ ਅੰਦਰ ਸਮੋਈ ਬੈਠਾ ਇਤਿਹਾਸਕ ਨਿਸ਼ਾਨ ਸਾਹਿਬ ਆਖ਼ਿਰ ਸੰਗਤਾਂ ਦੇ ਦਰਸ਼ਨਾਂ ਲਈ ਤਿਆਰ ਹੋ ਗਿਆ ਹੈ ਜਿਸ ਦੀ ਦਿੱਖ ਬਹੁਤ ਹੀ ਖ਼ੂਬਸੂਰਤ ਤੇ ਮਨਮੋਹਕ ਬਣਾਈ ਗਈ ਹੈ।
          ਐੱਸ ਜੀ ਪੀ ਸੀ ਦੀਆਂ ਫਾਈਲਾਂ ਵਿਚ ਪਏ ਸੱਚ ਵਿਚੋਂ ਲਈ ਜਾਣਕਾਰੀ ਵਿਚ ਇਹ ਪਤਾ ਲੱਗਾ ਹੈ ਕਿ ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰਾ ਸੁਧਾਸਰ ਸਰੋਵਰ ਦੇ ਨਾਮ ਨਾਲ ਇੱਕ ਗੁਰਦੁਆਰਾ ਬਣਾਇਆ ਸੀ, ਜਿਸ ਤੇ ਪ੍ਰਮਾਣਿਕ ਤੱਥ ਦੱਸਦੇ ਹਨ ਕਿ ਇਸ ਸਥਾਨ ਤੇ ਸਿੱਖਾਂ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਉਸ ਵੇਲੇ ਆਕੇ ਬਿਰਾਜੇ ਸਨ ਜਦੋਂ ਕਿ ਉਹ ਦਿਲੀ ਵੱਲ ਹਿੰਦ ਦੀ ਚਾਦਰ ਬਣ ਕੇ ਔਰੰਗਜ਼ੇਬ ਦੀ ਜ਼ਾਲਮਾਨਾ ਅੜਬਾਈ ਨੂੰ ਠੱਲ੍ਹਣ ਲਈ ਸੀਸ ਦੇਣ ਲਈ ਜਾ ਰਹੇ ਸਨ। 11 ਹਾੜ ਸੰਮਤ 1731 ਬਿਕਰਮ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀਵਾਨ ਮਤੀ ਰਾਮ, ਭਾਈ ਗੁਰਦਿੱਤਾ ਬੁੱਢੇ ਕੇ ਭਾਈ ਦਿਆਲਾ ਜੀ, ਭਾਈ ਉਦਾ ਰਾਠੌਰ, ਭਾਈ ਜੈਤਾ ਜੀ, ਆਦਿ ਸਿਦਕੀ ਸਿੱਖਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ, ਭਰਤ ਗੜ੍ਹ, ਰੋਪੜ, ਮਕਾਰ, ਕਬੂਲਪੁਰ, ਕਨਹੇੜੀ, ਆਦਿ ਪਿੰਡਾਂ ਵਿਚੋਂ ਹੁੰਦੇ ਹੋਏ ਆਪਣੇ ਮੁਰੀਦ ਸੈਫ਼ ਅਲੀ ਖ਼ਾਨ ਦੇ ਪ੍ਰੇਮ ਦੇ ਬੰਨੇ ਹੋਏ 16 ਹਾੜ ਨੂੰ ਸੈਫਾਬਾਦ (ਬਹਾਦਰਗੜ੍ਹ) ਵਿਚ ਆਏ ਸਨ, ਤਿੰਨ ਮਹੀਨੇ ਬਾਅਦ ਨੌਵੇਂ ਪਾਤਸ਼ਾਹ 17 ਅੱਸੂ ਨੂੰ ਬਿਲਾਸਪੁਰ (ਸੁਧਾਸਰ ਸਰੋਵਰ) ਦੇ ਵਿਚਕਾਰ ਆਏ ਸਨ ਜਿੱਥੇ ਕਿ ਹੁਣ ਗੁਰਦੁਆਰਾ ਮੋਤੀ ਬਾਗ਼ ਸਾਹਿਬ ਹੈ।
          ਪ੍ਰਾਪਤ ਕੀਤੇ ਹੋਰ ਵੇਰਵਿਆਂ ਅਨੁਸਾਰ ਇਸ ਸਥਾਨ ਤੇ ਮਹਾਰਾਜਾ ਕਰਮ ਸਿੰਘ ਨੇ ਇੱਕ ਗੁਰਦੁਆਰਾ ਬਣਾਇਆ, ਪਰ ਸਮੇਂ ਨੇ ਕਰਵੱਟ ਲਈ ਤਾਂ ਇਸ ਗੁਰੂ ਘਰ 'ਤੇ ਮਹੰਤਾਂ ਦਾ ਕਬਜ਼ਾ ਹੋ ਗਿਆ, ਪਰ 1957, 1958 ਦੀ ਜਮਾਂ ਬੰਦੀ ਵਿਚ ਇਸ ਜ਼ਮੀਨ ਦੇ ਮਾਲਕ ਮਹਾਰਾਜਾ ਧੀਰਜ ਯਾਦਵਿੰਦਰ ਸਿੰਘ ਪੁੱਤਰ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਮ ਤੇ ਸਿੱਖ ਸੰਗਤਾਂ ਨੂੰ ਸ਼ਹਾਦਤ ਮਿਲ ਗਈ, ਜਿਸ ਦੇ ਕਾਸ਼ਤਕਾਰ ਦੇ ਖ਼ਾਨੇ ਵਿਚ ਗੁਰਦੁਆਰਾ ਸੁਧਾਸਰ ਸਰੋਵਰ ਗੁ. ਮੋਤੀ ਬਾਗ ਦੇ ਨਾਮ ਤੇ ਬੋਲਦਾ ਸੀ, ਜਿਸ 'ਤੇ ਮਹੰਤਾਂ ਦਾ ਹੀ ਕਬਜ਼ਾ ਸੀ, ਤੱਥ ਇਹ ਵੀ ਮਿਲਦੇ ਹਨ ਕਿ ਇਸ ਗੁਰਦੁਆਰਾ ਸਾਹਿਬ ਤੇ ਜਥੇਦਾਰ ਅਕਾਲੀ ਵੀ ਕੁੱਝ ਸਮਾਂ ਕਾਬਜ਼ ਰਹੇ ਜਿਨ੍ਹਾਂ ਨੇ ਇਸ ਇਤਿਹਾਸਕ ਸਥਾਨ ਦਾ ਨਾਮ ਗੁਰਦੁਆਰਾ ਸਾਹਿਬ ਰਾਮਗੜ੍ਹ ਰੱਖਿਆ, ਜ਼ਿਆਦਾਤਰ ਇੱਥੇ ਮਹੰਤਾਂ ਦਾ ਹੀ ਕਬਜ਼ਾ ਰਿਹਾ, ਇਸ ਸਬੰਧੀ ਐੱਸ ਜੀ ਪੀ ਸੀ ਵੱਲੋਂ ਕਾਫ਼ੀ ਹਿੰਮਤ ਵਾਲਾ ਰੋਲ ਨਿਭਾਇਆ, ਗੁਰਦੁਆਰਾ ਸਾਹਿਬ ਦੇ ਤਵਾ ਰਿਖੀ ਇਤਿਹਾਸ ਬਾਰੇ ਪੁਰਾਤਤਵ ਵਿਭਾਗ ਵੱਲੋਂ ਹੋਰ ਸਬੂਤ ਲਏ ਗਏ, ਇਸ ਸਮੇਂ ਇਹ ਇਤਿਹਾਸਕ ਸਥਾਨ  ਐਨ ਆਈ ਐੱਸ ਦੇ ਅਧੀਨ ਹੋ ਗਿਆ ਸੀ, 1968 ਵਿਚ ਇਸ ਸਬੰਧੀ ਮਾਨਯੋਗ ਪਟਿਆਲਾ ਅਦਾਲਤ ਵਿਚ ਕੇਸ ਪਾਇਆ ਗਿਆ, 5 ਫਰਵਰੀ 1971 ਨੂੰ ਹੋਈ ਅੰਤਰਿੰਗ ਕਮੇਟੀ ਦੀ ਮੀਟਿੰਗ ਵਿਚ ਸਰਕਾਰ ਵੱਲੋਂ ਇਸ ਇਤਿਹਾਸਕ ਸਥਾਨ ਬਾਰੇ ਮੰਗ ਪੱਤਰ ਦਿੱਤਾ ਤੇ ਵਿਸ਼ੇਸ਼ ਤੌਰ ਤੇ ਇੱਕ ਮੁਖਤਿਆਰ-ਏ-ਆਮ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੈਨੇਜਰ ਨੂੰ ਬਣਾ ਦਿੱਤਾ ਜਿਸ ਤਹਿਤ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ, 1975 ਵਿਚ ਕੇਸ ਮਾਨਯੋਗ ਸੈਸ਼ਨ ਕੋਰਟ ਵਿਚ ਪਾ ਦਿੱਤਾ ਗਿਆ, 5 ਮਾਰਚ 1975 ਨੂੰ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਨੰਬਰ 90 ਕੀਤਾ ਗਿਆ, ਜਿਸ ਤਹਿਤ ਫਰਵਰੀ 1979 ਨੂੰ ਕੇਸ ਐੱਸ ਜੀ ਪੀ ਸੀ ਦੇ ਹੱਕ ਵਿਚ ਹੋ ਗਿਆ, ਫੇਰ ਐਨ ਆਈ ਐੱਸ ਨੇ ਇਸ ਫ਼ੈਸਲੇ ਵਿਰੁੱਧ ਮਾਨਯੋਗ ਹਾਈਕੋਰਟ ਵਿਚ ਕੇਸ ਪਾ ਕੇ ਸਟੇਅ ਲੈ ਲਈ, ਕਈ ਹੋਰ ਸ਼ਹਾਦਤਾਂ ਦੇ ਮੱਦੇਨਜ਼ਰ 16 ਸਤੰਬਰ 2002 ਨੂੰ ਮਾਨਯੋਗ ਅਦਾਲਤ ਵੱਲੋਂ ਫ਼ੈਸਲਾ ਕਰ ਦਿੱਤਾ ਜਿਸ ਤਹਿਤ 40 ਵਿੱਘਾ ਜ਼ਮੀਨ ਤੇ ਐੱਸ ਜੀ ਪੀ ਸੀ ਦਾ ਕਬਜ਼ਾ ਹੋ ਗਿਆ, ਐਨ ਆਈ ਐੱਸ ਨੇ ਫੇਰ ਅਦਾਲਤ ਵਿਚ ਕੇਸ ਪਾ ਦਿੱਤਾ ਜਿਸ ਤਹਿਤ 11 ਨਵੰਬਰ 2013 ਨੂੰ ਐਨ ਆਈ ਐੱਸ ਦੀ ਰਿੱਟ ਅਦਾਲਤ ਨੇ ਰੱਦ ਕਰ ਦਿੱਤੀ। ਕਾਨੂੰਨੀ ਕਾਰਵਾਈਆਂ ਵਿਚ ਲੰਘਦਾ ਹੋਏ ਇਸ ਇਤਿਹਾਸਕ ਸਥਾਨ ਤੇ ਕਾਰ ਸੇਵਾ ਬਾਬਾ ਅਮਰੀਕ ਸਿੰਘ ਦੂਖ-ਨਿਵਾਰਨ ਸਾਹਿਬ ਵਾਲਿਆਂ ਨੇ ਕੀਤੀ, ਜਿਸ ਦੇ ਜ਼ਿੰਮੇਵਾਰ ਬਾਬਾ ਇੰਦਰ ਸਿੰਘ ਨੇ ਕਿਹਾ ਕਿ ਹੁਣ ਇਹ ਨਿਸ਼ਾਨ ਸਾਹਿਬ ਸੰਪੂਰਨ ਹੋ ਗਏ ਹਨ, ਫੁਆਰੇ ਆਦਿ ਲਾਉਣੇ ਹੀ ਬਾਕੀ ਹਨ। ਜਿਨ੍ਹਾਂ ਤੇ ਵੀ ਕੰਮ ਚੱਲ ਰਿਹਾ ਹੈ ਹੁਣ ਇਸ ਇਤਿਹਾਸਕ ਸਥਾਨ ਤੇ ਸੰਗਤਾਂ ਆਉਂਦੀਆਂ ਹਨ। ਜ਼ਿਕਰਯੋਗ ਹੈ ਕਿ ਜਿਸ ਸਥਾਨ ਤੇ ਨਿਸ਼ਾਨ ਸਾਹਿਬ ਬਣਾਏ ਗਏ ਹਨ ਉਹ ਸਥਾਨ ਮੋਤੀ ਮਹਿਲ ਤੱਕ ਫੁਆਰਿਆਂ ਦਾ ਸਥਾਨ ਸੀ, ਜਿਸ ਦੀਆਂ ਨਿਸ਼ਾਨੀਆਂ ਅੱਜ ਵੀ ਮਿਲਦੀਆਂ ਹਨ। ਮੌਕੇ ਤੇ ਪੁੱਜੀਆਂ ਸੰਗਤਾਂ ਨੇ ਇਸ ਇਤਿਹਾਸਕ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਦਿਆਂ ਕਿਹਾ ਹੈ ਕਿ ਅਜਿਹਾ ਸਥਾਨ ਕਿਤੇ ਵੀ ਨਜ਼ਰ ਨਹੀਂ ਆਉਂਦਾ।

No comments:

Post a Comment