Saturday, August 08, 2015

ਵਿੱਤੀ ਸੰਕਟ ਲਈ ਯੂਨੀਵਰਸਿਟੀ ਖ਼ੁਦ ਵੀ ਜ਼ਿੰਮੇਵਾਰ

ਬਿਨਾਂ ਖੋਜ ਨਿਰੀਖਣ ਪੰਜ ਸਾਲਾਂ ਲਈ ਕੀਤੇ ਜਾਂਦੇ ਨੇ ਸੇਵਾ ਮੁਕਤ ਅਧਿਆਪਕ ਨਿਯੁਕਤ
ਲੋਕਲ ਆਡਿਟ ਨੇ ਸੇਵਾ ਮੁਕਤ ਅਧਿਆਪਕਾਂ ਦਾ ਹਾਊਸ ਰੈਂਟ ਰੋਕਿਆ
ਗੁਰਨਾਮ ਸਿੰਘ ਅਕੀਦਾ
ਇਕ ਪਾਸੇ ਪੰਜਾਬੀ ਯੂਨੀਵਰਸਿਟੀ ਭਾਰੇ ਵਿੱਤੀ ਸੰਕਟ ਵਿਚ ਚਲ ਰਹੀ ਹੈ ਦੂਜੇ ਪਾਸੇ ਸੇਵਾ ਬਿਨ੍ਹਾਂ ਕਿਸੇ ਸ਼ਰਤ ਦੇ ਮੁਕਤ ਹੋਣ ਵਾਲੇ ਸਾਰੇ ਅਧਿਆਪਕਾਂ ਨੂੰ ਪੰਜ ਸਾਲਾਂ ਲਈ ਦੁਬਾਰਾ ਨਿਯੁਕਤ ਕਰ ਦਿਤਾ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਦੇ ਡੀ ਸੀ ਐਲ ਏ (ਲੋਕਲ ਆਡਿਟ) ਕਰਤਾਰ ਸਿੰਘ ਨੇ ਹੁਣ ਇਨ੍ਹਾਂ ਦੁਬਾਰਾ ਨਿਯੁਕਤ ਕੀਤੇ ਅਧਿਆਪਕਾਂ ਦਾ 'ਹਾਊਸ ਰੈਂਟ' ਦੇਣ 'ਤੇ ਪਾਬੰਦੀ ਲਾ ਦਿਤੀ ਹੈ। ਉਧਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦੋ ਸਾਲਾਂ ਤੋਂ ਬਾਅਦ ਦੁਬਾਰਾ ਨਿਯੁਕਤ ਕੀਤੇ ਅਧਿਆਪਕ ਦੇ ਖੋਜ ਸਬੰਧੀ ਕੀਤੇ ਕੰਮ ਦਾ ਨਿਰੀਖਣ ਕੀਤਾ ਜਾਂਦਾ ਹੈ ਤਾਂ ਹੀ ਉਨ੍ਹਾਂ ਨੂੰ ਅਗਲੇ ਤਿੰਨ ਸਾਲਾਂ ਲਈ ਦੁਬਾਰਾ ਨਿਯੁਕਤੀ ਮਿਲਦੀ ਹੈ। 
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਯੂ ਜੀ ਸੀ ਦੇ ਨਿਯਮਾਂ ਅਨੁਸਾਰ ਸੇਵਾ ਮੁਕਤ ਹੋਏ ਅਧਿਆਪਕਾਂ ਨੂੰ ਦੁਬਾਰਾ ਨਿਯੁਕਤ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਦਾ ਕੰਮ ਦੇਖ ਕੇ ਹੀ ਨਿਯੁਕਤੀ ਕੀਤੀ ਜਾਣੀ ਸੰਭਵ ਹੈ, ਪਰ ਪੰਜਾਬੀ ਯੂਨੀਵਰਸਿਟੀ ਵਿਚ ਕਥਿਤ ਜੋ ਵੀ ਅਧਿਆਪਕ ਸੇਵਾ ਮੁਕਤ ਹੁੰਦਾ ਹੈ ਉਸ ਨੂੰ ਦੁਬਾਰਾ ਪੰਜ ਸਾਲਾਂ ਲਈ ਨਿਯੁਕਤ ਕਰ ਦਿਤਾ ਜਾਂਦਾ ਹੈ ਜਿਸ ਤਹਿਤ 67 ਅਧਿਆਪਕ ਦੁਬਾਰਾ ਨਿਯੁਕਤ ਕੀਤੇ ਜਾ ਚੁੱਕੇ ਹਨ। ਵਿੱਤੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ  ਇਨ੍ਹਾਂ ਅਧਿਆਪਕਾਂ ਨੂੰ ਸੇਵਾ ਮੁਕਤ ਹੋਣ ਸਮੇਂ ਮਿਲੀ ਆਖ਼ਰੀ ਤਨਖ਼ਾਹ ਦੀ ਅੱਧੀ ਤਨਖ਼ਾਹ (ਲੱਗਭਗ 70000) ਦੁਬਾਰਾ ਨਿਯੁਕਤ ਕਰਨ 'ਤੇ ਮਿਲਦੀ ਹੈ। ਉਧਰ ਉਨ੍ਹਾਂ ਨੂੰ ਪ੍ਰਤੀ ਮਹੀਨਾ ਲੱਗਭਗ 70 ਹਜਾਰ ਪੈਨਸ਼ਨ ਵੀ ਮਿਲਦੀ ਹੈ। ਦੂਜੇ ਪਾਸੇ ਜੋ ਨਵ ਨਿਯੁਕਤ ਨੌਜਵਾਨ ਅਸਿਸਟੈਂਟ ਪ੍ਰੋਫੈਸਰ ਹੁੰਦੇ ਹਨ ਉਨ੍ਹਾਂ ਨੂੰ ਸਿਰਫ਼ 21500 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਉੱਕਾ ਪੁੱਕਾ ਦਿਤਾ ਜਾਂਦੀ ਹੈ, ਜਿਸ ਨਾਲ ਬੇਰੁਜ਼ਗਾਰੀ ਦੂਰ ਹੋਣ ਦਾ ਵੀ ਕਿਹਾ ਜਾਂਦਾ ਹੈ ਤੇ ਨੌਜਵਾਨ ਅਧਿਆਪਕ ਪੂਰੀ ਸਿੱਦਤ ਨਾਲ ਪੜਾਉਂਦੇ ਵੀ ਹਨ। ਸੇਵਾ ਮੁਕਤ ਅਧਿਆਪਕਾਂ 'ਤੇ ਪੰਜਾਬੀ ਯੂਨੀਵਰਸਿਟੀ ਵਿਚ ਇਹ ਦੋਸ਼ ਲਗਦੇ ਹਨ ਕਿ ਉਹ ਇਕ ਦੋ ਲੈਕਚਰ ਲਾਕੇ ਵਿਹਲੇ ਹੋ ਜਾਂਦੇ ਹਨ ਜਿਨ੍ਹਾਂ ਵਿਚੋਂ ਕੁਝ ਤਾਂ ਯੂਨੀਵਰਸਿਟੀ ਵਿਚ ਕਥਿਤ ਸਿਆਸਤਾਂ ਖੇਡਣ ਦੀ ਪ੍ਰਕ੍ਰਿਆ ਵੀ ਜਾਰੀ ਰੱਖਦੇ ਹਨ। ਜਦ ਕਿ ਨੌਜਵਾਨ ਅਧਿਆਪਕ ਬਚਿਆਂ ਨੂੰ ਸ਼ਿੱਦਤ ਨਾਲ ਪੜਾਉਂਦੇ ਹਨ। ਬਿਨਾਂ ਕੋਈ ਖੋਜ ਨਿਰੀਖਣ ਦੁਬਾਰਾ ਨਿਯੁਕਤੀਆਂ ਕਰਨ ਕਰਕੇ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ। ਇਸ ਸਬੰਧੀ ਪੰਜਾਬ ਸਰਕਾਰ ਦੀ ਤਰਫ਼ੋਂ ਆਡਿਟ ਕਰਨ ਲਈ ਯੂਨੀਵਰਸਿਟੀ ਵਿਚ ਨਿਯੁਕਤ ਕੀਤੇ ਡਿਪਟੀ ਕੰਟਰੋਲਰ ਵਿੱਤ ਵਿਭਾਗ ਲੋਕਲ ਆਡਿਟ (ਡੀ ਸੀ ਐਲ ਏ) ਕਰਤਾਰ ਸਿੰਘ ਨੇ ਦਸਿਆ ਕਿ ਦੁਬਾਰਾ ਨਿਯੁਕਤ ਕੀਤੇ ਅਧਿਆਪਕਾਂ ਨੂੰ ਦਿਤਾ ਜਾਂਦਾ 'ਹਾਊਸ ਰੈਂਟ' ਨਿਯਮਾਂ ਦੇ ਉਲਟ ਹੈ ਇਸ ਕਰਕੇ ਮੈਂ ਇਹ ਰੋਕ ਦਿਤਾ ਹੈ। ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਹ ਯੂਨੀਵਰਸਿਟੀ ਦੀ ਸਿੰਡੀਕੇਟ ਵਿਚ ਪਾਸ ਕੀਤਾ ਹੈ ਕਿ ਸੇਵਾ ਮੁਕਤ ਹੋ ਚੁੱਕੇ ਅਧਿਆਪਕਾਂ ਨੂੰ ਪਹਿਲਾਂ ਤਿੰਨ ਸਾਲਾਂ ਲਈ ਨਿਯੁਕਤ ਕੀਤੀ ਜਾਵੇ ਬਾਅਦ ਸੇਵਾ ਮੁਕਤ ਅਧਿਆਪਕਾਂ ਦੇ ਕੀਤਾ ਕੰਮਾਂ ਦਾ ਬਿਨ੍ਹਾਂ ਕੋਈ ਨਿਰੀਖਣ ਕੀਤਿਆਂ ਹੀ ਦੋ ਸਾਲਾਂ ਲਈ ਹੋਰ ਨਿਯੁਕਤੀ ਕਰ ਦਿਤੀ ਜਾਂਦੀ ਹੈ। ਉਸ ਨੇ ਸਵੀਕਾਰ ਕੀਤਾ ਕਿ ਇਨ੍ਹਾਂ ਅਧਿਆਪਕਾਂ ਦੇ ਕੰਮ ਦਾ ਨਿਰੀਖਣ ਕਰਨ ਲਈ ਕੋਈ ਕਮੇਟੀ ਨਹੀਂ ਬਣਾਈ ਗਈ।

ਦੋ ਸਾਲਾਂ ਬਾਅਦ ਸੇਵਾ ਮੁਕਤ ਅਧਿਆਪਕਾਂ ਦੇ ਕੰਮ ਦਾ ਨਿਰੀਖਣ ਹੁੰਦਾ ਹੈ : ਰਜਿਸਟਰਾਰ ਜੀ ਐਨ ਡੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਦੇ ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਨੇ ਕਿਹਾ ਕਿ ਅਸੀਂ ਦੋ ਸਾਲਾਂ ਲਈ ਹਰੇਕ ਅਧਿਆਪਕ ਨੂੰ ਸੇਵਾ ਮੁਕਤੀ ਤੋਂ ਬਾਅਦ ਨਿਯੁਕਤੀ ਦੇ ਦਿੰਦੇ ਹਾਂ ਪਰ ਦੋ ਸਾਲਾਂ ਤੋਂ ਬਾਅਦ ਅਸੀਂ ਉਸ ਅਧਿਆਪਕ ਦੇ ਖੋਜ ਸਬੰਧੀ ਕੰਮ ਦਾ ਨਿਰੀਖਣ ਕਰਦੇ ਹਾਂ ਜੇਕਰ ਉਨ੍ਹਾਂ ਦਾ ਕੰਮ ਨਾ ਕੀਤਾ ਹੋਵੇ ਤਾਂ ਅਸੀਂ ਉਨ੍ਹਾਂ ਨੂੰ ਦੁਬਾਰਾ ਨਿਯੁਕਤ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਾਡੀ ਯੂਨੀਵਰਸਿਟੀ ਵਿਚ 50 ਦੇ ਕਰੀਬ ਸੇਵਾ ਮੁਕਤ ਅਧਿਆਪਕ ਮੁੜ ਨਿਯੁਕਤ ਕੀਤੇ ਹਨ, ਜਿਨ੍ਹਾਂ ਦਾ ਦੋ ਸਾਲਾ ਸੀਮਾ ਖਤਮ ਹੋ ਗਈ ਹੈ ਉਨ੍ਹਾਂ ਵਿਚੋਂ ਸਿਰਫ਼ 4 ਅਧਿਆਪਕ ਹੀ ਦੋ ਸਾਲਾਂ ਤੋਂ ਬਾਅਦ ਦੁਬਾਰਾ ਨਿਯੁਕਤ ਕੀਤੇ ਹਨ।

No comments:

Post a Comment