Tuesday, August 18, 2015

ਪੰਜਾਬ 'ਚ 672 ਰੋਡੇ ਫਾਟਕਾਂ ਕਰਕੇ 20 ਬੱਚਿਆਂ ਸਮੇਤ 113 ਲੋਕ ਮਾਰੇ ਗਏ

2009 ਤੋਂ ਰੇਲ ਬਜਟ ਪੇਸ਼ ਹੋਏ ਪਰ ਪੰਜਾਬ ਦੇ ਰੋਡੇ ਫਾਟਕਾਂ ਦਾ ਕੋਈ ਇੰਤਜ਼ਾਮ ਨਹੀਂ ਹੋਇਆ

ਗੁਰਨਾਮ ਸਿੰਘ ਅਕੀਦਾ 

ਪੰਜਾਬ ਵਿਚ ਰੇਲਵੇ ਟਰੈਕ 'ਤੇ ਰੋਡੇ ਫਾਟਕ (ਅਨਮੈਨਡ ਗੇਟ) ਹੋਣ ਕਰਕੇ ਦੁਰਘਟਨਾਵਾਂ ਵਿਚ ਜਿੱਥੇ ਬੇਗੁਨਾਹ ਮਾਰੇ ਜਾ ਰਹੇ ਹਨ ਉੱਥੇ ਹੀ ਨੁਕਸਾਨ ਵੀ ਹੋ ਰਿਹਾ ਹੈ, ਪਿਛਲੇ 5 ਸਾਲਾਂ ਵਿਚ 2009 ਤੋਂ ਅੱਜ ਤੱਕ ਪੰਜਾਬ ਵਿਚ ਰੋਡੇ ਰੇਲਵੇ ਫਾਟਕਾਂ ਕਰਕੇ 20 ਬਚਿਆਂ ਤੇ 13 ਔਰਤਾਂ ਸਮੇਤ 113 ਮਾਰੇ ਗਏ ਜਦ ਕਿ 24 ਹੋਰ ਜ਼ਖਮੀ ਹੋਏ। ਰੇਲਵੇ ਟਰੈਕਾਂ 'ਤੇ ਰੋਡੇ ਫਾਟਕਾਂ ਦਾ 2009 ਤੋਂ ਰੇਲਵੇ ਬਜਟ ਪੇਸ਼ ਹੋਏ ਪਰ ਪੰਜਾਬ ਦੇ ਰੋਡੇ ਫਾਟਕਾਂ ਦਾ ਅਜੇ ਤੱਕ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ।
ਅਧਿਕਾਰਤ ਸੂਤਰਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਵਿਚ 672 ਰੋਡੇ ਫਾਟਕਾਂ ਦੀ ਗਿਣਤੀ ਹੈ, ਜਦ ਕਿ ਇਸ ਗਿਣਤੀ ਤੋਂ ਥੋੜ੍ਹੇ ਵੱਧ 918 ਮੈਨਡ ਫਾਟਕ ਮੌਜੂਦ ਹਨ। ਇਸ ਸਾਲ ਅਪ੍ਰੈਲ ਵਿਚ ਬਹੁਤ ਵੱਡੀ ਘਟਨਾ ਕੀਰਤਪੁਰ ਸਾਹਿਬ ਦੇ ਨਜ਼ਦੀਕ 64 ਸੀ ਨੰਬਰ ਰੋਡੇ ਫਾਟਕ 'ਤੇ ਵਾਪਰੀ, ਜਿਸ ਵਿਚ ਬੋਲੈਰੋ ਕਾਰ ਨੂੰ ਰੇਲ ਵੱਲੋਂ ਭੰਨਣ ਕਰਕੇ ਇੱਕ ਮੌਤ ਤੇ 4 ਜ਼ਖਮੀ ਹੋਏ ਸਨ, ਪਰ ਉਹ ਰੋਡਾ ਫਾਟਕ ਅੱਜ ਵੀ ਉਸੇ ਤਰ੍ਹਾਂ ਹੈ। ਪ੍ਰਾਪਤ ਕੀਤੇ ਵੇਰਵਿਆਂ ਅਨੁਸਾਰ 2009 ਵਿਚ ਰੋਡੇ ਫਾਟਕਾਂ 'ਤੇ ਵਾਪਰੇ ਹਾਦਸਿਆਂ ਵਿਚ 17 ਆਦਮੀ, 2 ਔਰਤਾਂ ਤੇ 9 ਬੱਚੇ ਮਾਰੇ ਗਏ, ਇਸੇ ਤਰ੍ਹਾਂ 2010 ਵਿਚ 16 ਆਦਮੀ, 2 ਔਰਤਾਂ ਦੀ ਮੌਤ ਹੋਈ ਜਦ ਕਿ 3 ਜ਼ਖਮੀ ਹੋਏ, 2011 ਵਿਚ 17 ਆਦਮੀ, 3 ਔਰਤਾਂ, 7 ਬੱਚੇ ਮਾਰੇ ਗਏ ਜਦ ਕਿ 5 ਜ਼ਖਮੀ ਹੋਏ, 2012 ਵਿਚ 24 ਆਦਮੀ, 6 ਔਰਤਾਂ, 4 ਬੱਚੇ ਮਾਰੇ ਗਏ, 7 ਜ਼ਖਮੀ ਹੋਏ, 2013 ਵਿਚ 5 ਆਦਮੀ ਮਾਰੇ ਗਏ ਤੇ 5 ਹੋਰ ਜ਼ਖਮੀ ਹੋਏ, ਇਸੇ ਤਰ੍ਹਾਂ 2014 ਵਿਚ ਇੱਕ ਆਦਮੀ ਮਾਰਿਆ ਗਿਆ 4 ਹੋਰ ਜ਼ਖਮੀ ਹੋਏ ਹਨ।
ਇਨ੍ਹਾਂ ਰੋਡੇ ਫਾਟਕਾਂ ਕਰਕੇ 3 ਸਕੂਲ ਵੈਨ, 11 ਟਰੈਕਟਰ, 17 ਕਾਰਾਂ, 4 ਥ੍ਰੀ ਵੀਲ੍ਹਰ, 1 ਬੱਸ, 8 ਟਰੱਕ, 1 ਸਕੂਟਰ, 1 ਪੀਟਰ ਰੇਹੜਾ, 6 ਮੋਟਰ ਸਾਈਕਲ ਤੇ 4 ਕੈਂਟਰ ਵੀ ਨੁਕਸਾਨ ਹੋਣ ਕਰਕੇ ਖ਼ਤਮ ਹੋਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਰੋਡੇ ਫਾਟਕਾਂ 'ਤੇ ਕਈ ਵਾਰੀ ਅਣਜਾਣ ਲੋਕ ਜ਼ਿਆਦਾ ਦੁਰਘਟਨਾਵਾਂ ਦੇ ਸ਼ਿਕਾਰ ਹੁੰਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ, ਜਦ ਕਿ ਦੂਜੇ ਪਾਸੇ ਇਲਾਕੇ ਦੇ ਜਾਣਕਾਰ ਲੋਕ ਜਾਣਕਾਰੀ ਹੋਣ ਦੇ ਬਾਵਜੂਦ ਫੁਕਰੇ ਪਣ ਵਿਚ ਜਾਂ ਫਿਰ ਕਾਹਲੀ ਵਿਚ ਮਾਰੇ ਜਾਂਦੇ ਹਨ, ਕਈ ਰੋਡੇ ਫਾਟਕਾਂ 'ਤੇ ਤਾਂ ਹਾਲ ਇਹ ਹੈ ਕਿ ਉੱਥੇ ਰੇਲਵੇ ਵਿਭਾਗ ਵੱਲੋਂ ਕੋਈ ਬੱਤੀ ਦਾ ਵੀ ਇੰਤਜ਼ਾਮ ਨਹੀਂ ਕੀਤਾ ਹੁੰਦਾ। ਇਹ ਘਟਨਾਵਾਂ ਖ਼ਾਸ ਕਰਕੇ ਪੇਂਡੂ ਖੇਤਰ ਵਿਚ ਜ਼ਿਆਦਾ ਹੋਈਆਂ ਸਪਸ਼ਟ ਹੋਈਆਂ ਹਨ।
ਇਸ ਬਾਬਤ ਜੀ ਆਰ ਪੀ ਦੇ ਏ ਆਈ ਜੀ ਸ੍ਰੀ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਰੇਲ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਉਸ ਨੇ ਤਾਂ ਲੰਘਣਾ ਹੀ ਹੁੰਦਾ ਹੈ, ਪਰ ਜਦੋਂ ਤੱਕ ਰੇਲਵੇ ਗੇਟ ਦੇ ਲਾਂਘੇ 'ਤੇ ਸਰਕਾਰ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਲਾਕੇ ਦੇ ਲੋਕਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ। ਸ੍ਰੀ ਗੁਰਦੀਪ ਸਿੰਘ ਨੇ ਕਿਹਾ ਕਿ ਜੋ ਵੀ ਦੁਰਘਟਨਾ ਰੋਡੇ ਫਾਟਕਾਂ 'ਤੇ ਵਾਪਰਦੀ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ।

No comments:

Post a Comment